ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜਥੇਦਾਰ ਬਾਦਲਾਂ ਦੀਆਂ ਕਠਪੁਤਲੀਆਂ ਬਣੇ : ਬ੍ਰਹਮਪੁਰਾ
Wednesday, Jan 29, 2020 - 09:52 AM (IST)
ਜਲੰਧਰ (ਬੁਲੰਦ) – ਜਿਸ ਹਾਲਾਤ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਪਹੁੰਚ ਚੁੱਕਾ ਹੈ, ਉਸ ਦਾ ਸਾਨੂੰ ਪਹਿਲਾਂ ਤੋਂ ਪਤਾ ਲੱਗ ਗਿਆ ਸੀ ਕਿ ਸੁਖਬੀਰ ਦੀ ਪ੍ਰਧਾਨਗੀ ’ਚ ਅਕਾਲੀ ਦਲ ਦਾ ਸੱਤਿਆਨਾਸ ਹੋਣਾ ਤੈਅ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਕਈ ਸੀਨੀਅਰ ਆਗੂਆਂ ਵਲੋਂ ਬਣਾਏ ਗਏ ਟਕਸਾਲੀ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ’ਚ ਪਾਰਟੀ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਬੀਰ ਦਵਿੰਦਰ ਸਿੰਘ, ਸੇਵਾ ਸਿੰਘ ਸੇਖਵਾਂ ਅਤੇ ਡਾ. ਅਜਨਾਲਾ ਵਲੋਂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਅਕਾਲੀ ਦਲ ਕਈ ਸਾਲ ਪਹਿਲਾਂ ਬੁਰੀ ਤਰ੍ਹਾਂ ਨਾਲ ਹਾਰਿਆ ਸੀ ਤਾਂ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਸਾਫ ਕਿਹਾ ਸੀ ਕਿ ਸੁਖਬੀਰ ਅਤੇ ਮਜੀਠੀਆ ਨੇ ਜਿਸ ਤਰ੍ਹਾਂ ਪੰਜਾਬ ’ਚ ਲੁੱਟ ਮਚਾਈ ਹੈ ਅਤੇ ਨਸ਼ਾ ਸਮੱਗਲਰਾਂ ਨੂੰ ਉਤਸ਼ਾਹਤ ਕੀਤਾ ਹੈ, ਉਸ ਤੋਂ ਲੋਕ ਨਾਰਾਜ਼ ਹਨ। ਜੇਕਰ ਅਕਾਲੀ ਦਲ ਨੂੰ ਜ਼ਿੰਦਾ ਰੱਖਣਾ ਹੈ ਤਾਂ ਸੁਖਬੀਰ ਨੂੰ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣਾ ਹੋਵੇਗਾ। ਇਸ ’ਤੇ ਸੁਖਬੀਰ ਬੁਰੀ ਤਰ੍ਹਾਂ ਨਾਲ ਰੋਣ ਲੱਗਾ ਸੀ ਪਰ ਬਾਦਲ ਨੇ ਪੁੱਤਰ ਮੋਹ ’ਚ ਸਾਰੀ ਪਾਰਟੀ ਦੀ ਬਲੀ ਦੇ ਦਿੱਤੀ।
ਟਕਸਾਲੀ ਅਕਾਲੀ ਆਗੂਆਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਕਈ ਅਹਿਮ ਪ੍ਰਸਤਾਵ ਪਾਸ ਕੀਤੇ ਹਨ, ਜਿਸ ’ਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸੀ. ਏ. ਏ. ਕਾਨੂੰਨ ’ਚ ਸੋਧ ਕਰ ਕੇ ਇਸ ਦਾ ਲਾਭ ਮੁਸਲਮਾਨਾਂ ਨੂੰ ਦੇਣਾ ਤੈਅ ਕੀਤਾ ਜਾਵੇ। ਉਨ੍ਹਾਂ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਗੰਨਾ ਕਿਸਾਨਾਂ ਨੂੰ ਉਨ੍ਹਾਂ ਦੀ 500 ਕਰੋੜ ਦੀ ਅਦਾਇਗੀ ਕੀਤੀ ਜਾਏ ਨਹੀਂ ਤਾਂ ਆਉਣ ਵਾਲੇ ਦਿਨਾਂ ’ਚ ਕਿਸਾਨ ਗੰਨਾ ਉਤਪਾਦਨ ਬੰਦ ਕਰ ਦੇਣਗੇ। ਟਕਸਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜਥੇਦਾਰ ਬਾਦਲਾਂ ਦੀਆਂ ਕਠਪੁਤਲੀਆਂ ਬਣੇ ਬੈਠੇ ਹਨ। ਟਕਸਾਲੀ ਅਕਾਲੀ ਦਲ ਦਾ ਮੁੱਖ ਟੀਚਾ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ ਅਤੇ ਸ਼੍ਰੋਮਣੀ ਕਮੇਟੀ ਚੋਣ ਕਰਵਾਉਣ ਦੀ ਮੰਗ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਬਰਗਾੜੀ ਅਤੇ ਬਹਿਬਲਕਲਾਂ ’ਚ ਹੋਈ ਹਿੰਸਾ ਦੇ ਮਾਮਲੇ ’ਚ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿਵਾਏ।
ਉਨ੍ਹਾਂ ਕਿਹਾ ਕਿ ਉਹ ਤੀਜੇ ਫਰੰਟ ਦੀ ਮਜ਼ਬੂਤੀ ਲਈ ਸਾਰੀਆਂ ਹੋਰ ਪਾਰਟੀਆਂ ਨਾਲ ਗੱਲਬਾਤ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਕਾਂਗਰਸ ਨੂੰ ਪੰਜਾਬ ਤੋਂ ਭਜਾਉਣ ਲਈ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਹੋਵੇਗਾ। ਸਿੱਧੂ ਨੂੰ ਪੰਜਾਬ ਦਾ ਸੀ. ਐੱਮ. ਬਣਾਉਣ ਵਾਲੇ ਆਪਣੇ ਪੁਰਾਣੇ ਬਿਆਨ ’ਤੇ ਬੋਲਦੇ ਹੋਏ ਸੇਖਵਾਂ ਨੇ ਕਿਹਾ ਕਿ ਜਦੋਂ ਇਹ ਗੱਲ ਉਨ੍ਹਾਂ ਦੀ ਸੀ ਉਦੋਂ ਉਨ੍ਹਾਂ ਦੀ ਪਾਰਟੀ ਇਕੱਲੀ ਸੀ, ਹੁਣ ਉਸ ਨਾਲ ਤਿੰਨ ਹੋਰ ਪਾਰਟੀਆਂ ਹਨ, ਇਸ ਲਈ ਇਸ ਬਾਰੇ ਅਗਲਾ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਹੋਵੇਗਾ। ਇਸ ਮੌਕੇ ਬੱਬੀ ਬਾਦਲ, ਮਨਮੋਹਨ ਸਿੰਘ ਸਠਿਆਲਾ ਆਦਿ ਵੀ ਮੌਜੂਦ ਸਨ।