ਸਵੇਰੇ 11 ਵਜੇ ਹੀ 150 ਪਾਰ ਕਰ ਜਾਂਦੈ ਸ਼ਹਿਰ ਦਾ ਪ੍ਰਦੂਸ਼ਣ

01/10/2019 5:40:31 PM

ਜਲੰਧਰ (ਬੁਲੰਦ)— ਜਲੰਧਰ ਸ਼ਹਿਰ ਦੇ ਲੋਕਾਂ ਦਾ ਸਾਫ ਹਵਾ 'ਚ ਸਾਹ ਲੈਣਾ  ਸੁਪਨਾ ਬਣ ਗਿਆ ਹੈ । ਸਵੇਰੇ-ਸਵੇਰੇ ਲੋਕ ਸਾਹ ਹਵਾ ਵਿਚ ਸਾਹ ਲੈਣ ਦਾ ਸੋਚਦੇ ਹਨ ਪਰ ਸਵੇਰੇ 11 ਵਜੇ  ਹੀ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ 150 ਤੋਂ ਪਾਰ ਪਹੁੰਚ ਜਾਂਦਾ ਹੈ, ਜੋ ਕਿ ਰਾਤ  ਹੁੰਦਿਆਂ ਹੀ 250 'ਤੇ ਪਹੁੰਚ ਗਿਆ ਹੈ, ਜੋ ਕਿ 50 ਤੋਂ ਪਾਰ ਨਹੀਂ ਜਾਣਾ ਚਾਹੀਦਾ। ਇਸ  ਨਾਲ ਵਾਤਾਵਰਣ ਪ੍ਰੇਮੀਆਂ ਵਿਚ ਬੇਹੱਦ ਚਿੰਤਾ ਹੈ। 

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ  ਚੌਗਿਰਦਾ ਪ੍ਰੇਮੀ ਡਾ. ਜੋਗਿੰਦਰ ਅਰੋੜਾ, ਡਾ. ਬਲਰਾਜ ਗੁਪਤਾ ਅਤੇ ਪ੍ਰੋ. ਇਕਬਾਲ ਸਿੰਘ  ਦਾ ਕਹਿਣਾ ਹੈ ਕਿ ਸਰਦੀਆਂ ਵਿਚ ਵਾਤਾਵਰਣ ਵਿਚ ਨਮੀ ਜ਼ਿਆਦਾ ਰਹਿੰਦੀ ਹੈ ਤੇ ਜੇਕਰ  ਪ੍ਰਦੂਸ਼ਿਤ ਧੂੰਆਂ ਇਸ ਵਿਚ ਮਿਲ ਜਾਵੇ ਤਾਂ ਉਹ ਸਮੋਗ ਬਣ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਜੋ ਡਾਟਾ ਦਿਖਾ ਰਿਹਾ ਹੈ, ਉਹ ਬੇਹੱਦ ਚਿੰਤਾ  ਦਾ ਵਿਸ਼ਾ ਹੈ। ਅਜਿਹੇ ਵਿਚ ਤਾਂ ਸ਼ਹਿਰ ਵਾਸੀਆਂ ਦਾ ਸਾਹ ਲੈਣਾ ਵੀ ਆਪਣੇ ਅੰਦਰ ਬੀਮਾਰੀਆਂ  ਨੂੰ ਦਾਖਲ ਕਰਨਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਵੀ  ਇਸ ਸਮੇਂ ਦਿੱਲੀ ਵਾਂਗ  ਪ੍ਰਦੂਸ਼ਣ ਦੀਆਂ ਹੱਦਾਂ ਟੱਪ ਰਿਹਾ ਹੈ।  ਇਸ ਬਾਰੇ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ  ਬੋਰਡ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਸ਼ਹਿਰ ਵਾਸੀਆਂ ਦੀ ਸਿਹਤ 'ਤੇ ਬੁਰਾ  ਪ੍ਰਭਾਵ ਪਵੇਗਾ। ਓਧਰ ਸ਼ਹਿਰ ਦੇ ਬਾਹਰੋਂ ਬਾਹਰ ਨੈਸ਼ਨਲ ਹਾਈਵੇ 'ਤੇ ਅੱਜ ਵੀ ਸ਼ਹਿਰ ਦੇ  ਵੱਧਦੇ ਪ੍ਰਦੂਸ਼ਣ ਨੂੰ ਨਜ਼ਰਅੰਦਾਜ਼ ਕਰਦਿਆਂ ਕੁੱਝ ਲੋਕ ਹਾਈਵੇ 'ਤੇ ਹੀ ਕੂੜਾ-ਕਰਕਟ ਸਾੜ ਕੇ  ਵਾਤਾਵਰਣ ਨੂੰ ਬਰਬਾਦ ਕਰਦੇ ਨਜ਼ਰ ਆਏ। ਜਿਸ ਤੋਂ ਸਪੱਸ਼ਟ  ਹੈ ਕਿ ਲੋਕਾਂ ਨੂੰ ਨਾ ਤਾਂ ਵਾਤਾਵਰਣ ਵਿਚ ਫੈਲ ਰਹੇ ਪ੍ਰਦੂਸ਼ਣ ਦੀ ਪ੍ਰਵਾਹ ਹੈ ਤੇ ਨਾ ਹੀ ਆਪਣੀ ਸਿਹਤ ਦੀ।

ਮਾਮਲੇ  ਬਾਰੇ ਵਾਤਾਵਰਣ ਅਧਿਕਾਰੀ ਅਰੁਣ ਕੱਕੜ ਦਾ ਕਹਿਣਾ ਹੈ ਕਿ ਸਿਰਫ ਪ੍ਰਦੂਸ਼ਣ ਕੰਟਰੋਲ ਬੋਰਡ  ਕੋਲੋਂ ਕੁੱਝ ਨਹੀਂ ਹੋਣ ਵਾਲਾ। ਜਦੋਂ ਤੱਕ ਲੋਕ ਹੀ ਗੰਦਗੀ ਫੈਲਾਉਣ ਅਤੇ ਕੂੜਾ-ਕਰਕਟ ਸਾੜਨ  ਤੋਂ ਬਾਜ਼ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਅਨੇਕਾਂ ਵਾਰ ਨਗਰ ਨਿਗਮ ਨੂੰ ਕਿਹਾ ਗਿਆ ਹੈ  ਕਿ ਕੂੜਾ ਸਾੜਨ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਵੇ, ਸਗੋਂ ਉਲਟਾ ਨਗਰ ਨਿਗਮ ਦੇ ਸਫਾਈ  ਕਰਮਚਾਰੀ ਹੀ ਕੂੜੇ ਨੂੰ ਅੱਗ ਲਾ ਦਿੰਦੇ ਹਨ। ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ  ਹੈ।


Shyna

Content Editor

Related News