ਦੁਸ਼ਮਣਾਂ ਨਾਲ ਦੋਸਤੀ ਨਿਭਾਅ ਰਿਹਾ ''ਲਾਵਾਰਸ ਰੁੱਖ''

Friday, Apr 12, 2019 - 12:03 PM (IST)

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਦੇਸ਼ ਦੀ ਵੰਡ ਸਮੇਂ ਤੋਂ ਹੀ ਪਾਕਿਸਤਾਨ ਦਾ ਹਰ ਕਾਰਾ ਭਾਰਤ ਪ੍ਰਤੀ ਦੁਸ਼ਮਣੀ ਵਾਲਾ ਰਿਹਾ ਹੈ ਅਤੇ ਹੈਰਾਨਗੀ ਇਸ ਗੱਲ ਦੀ ਕਿ ਭਾਰਤ ਦੇ ਹਰ ਕਦਮ ਵਿਚੋਂ ਪਾਕਿਸਤਾਨ 'ਦੁਸ਼ਮਣੀ' ਦੀਆਂ ਪੈੜਾਂ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਦੋਵੇਂ ਦੇਸ਼ ਇਕ-ਦੂਜੇ ਲਈ ਦੁਸ਼ਮਣਾਂ ਦੀ ਕਤਾਰ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਅਜਿਹੀ ਸਥਿਤੀ ਵਿਚ ਸਰਹੱਦ 'ਤੇ ਖੜ੍ਹਾ ਪਿੱਪਲ ਦਾ ਇਕ 'ਲਾਵਾਰਸ ਰੁੱਖ' ਨਾ ਸਿਰਫ ਦੋਹਾਂ ਦੇਸ਼ਾਂ ਨਾਲ ਦੋਸਤੀ ਨਿਭਾਅ ਰਿਹਾ ਹੈ, ਸਗੋਂ ਠੰਡੀਆਂ ਛਾਵਾਂ ਵੀ ਵੰਡ ਰਿਹਾ ਹੈ। ਇਸ ਸਰਹੱਦੀ ਖੇਤਰ ਅਤੇ ਪਿੱਪਲ ਦੇ ਰੁੱਖ ਨੂੰ ਦੇਖਣ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਟੀਮ ਸੁਚੇਤਗੜ੍ਹ ਅਤੇ ਆਸ-ਪਾਸ ਦੇ ਲੋੜਵੰਦ ਲੋਕਾਂ ਨੂੰ 506ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਗਈ ਸੀ।

ਇਹ ਪਿੱਪਲ ਜੰਮੂ ਖੇਤਰ ਦੇ ਸੁਚੇਤਗੜ੍ਹ ਬਾਰਡਰ 'ਤੇ ਸਥਿਤ ਹੈ ਅਤੇ 'ਲਾਵਾਰਸ' ਇਸ ਲਈ ਕਿਉਂਕਿ ਇਸ ਦੀਆਂ ਅੱਧੀਆਂ ਜੜ੍ਹਾਂ ਭਾਰਤ ਵਿਚ ਅਤੇ ਅੱਧੀਆਂ ਪਾਕਿਸਤਾਨ ਦੀ ਧਰਤੀ ਵਿਚ ਹਨ। ਇਹ ਰੁੱਖ 'ਜ਼ੀਰੋ ਲਾਈਨ' ਉੱਤੇ ਉੱਗਿਆ ਸੀ ਅਤੇ ਕਈ ਵਰ੍ਹਿਆਂ ਬਾਅਦ ਫੈਲ ਕੇ ਇਕ ਵਿਸ਼ਾਲ ਆਕਾਰ ਧਾਰਨ ਕਰ ਗਿਆ। ਇਸ ਦੀਆਂ ਟਾਹਣੀਆਂ ਦੋਹਾਂ ਦੇਸ਼ਾਂ ਦੀ ਧਰਤੀ 'ਤੇ ਫੈਲ ਗਈਆਂ ਅਤੇ ਦੋਹੀਂ ਪਾਸੀਂ ਛਾਂ ਪ੍ਰਦਾਨ ਕਰ ਰਹੀਆਂ ਹਨ ਪਰ ਦੋਹਾਂ ਦੇਸ਼ਾਂ ਵਿਚੋਂ ਕੋਈ ਵੀ ਇਸ 'ਤੇ ਆਪਣਾ ਦਾਅਵਾ ਨਹੀਂ ਕਰ ਸਕਦਾ।

ਇਸ ਰੁੱਖ ਨੂੰ ਛਾਂਗਣਾ ਜਾਂ ਟਾਹਣੀਆਂ ਨੂੰ ਕੱਟਣਾ ਵੀ ਮਨ੍ਹਾ ਹੈ ਅਤੇ ਨਾ ਹੀ ਕਿਸੇ ਪਾਸੇ ਦੇ ਸੁਰੱਖਿਆ ਕਰਮਚਾਰੀ ਅਜਿਹੀ ਹਰਕਤ ਕਰਦੇ ਹਨ। ਉਹ ਤਾਂ ਮੀਂਹ-ਝੱਖੜ ਵਿਚ ਇਸ ਦੀ ਸ਼ਰਨ ਲੈਂਦੇ ਹਨ ਅਤੇ ਗਰਮੀ ਤੋਂ ਬਚਾਅ ਵੀ ਕਰ ਲੈਂਦੇ ਹਨ। ਹੁਣ ਇਸ ਪਿੱਪਲ ਦੇ ਦੁਆਲੇ ਇਕ ਥੜ੍ਹਾ ਬਣਾ ਦਿੱਤਾ ਗਿਆ ਹੈ ਤਾਂ ਜੋ ਇਸ ਦਾ ਮੁੱਢ ਮਜ਼ਬੂਤ ਰਹੇ। ਇਸ ਦੇ ਪੱਤੇ ਦੋਹਾਂ ਦੇਸ਼ਾਂ ਦੀਆਂ ਸੁਰੱਖਿਆ ਪੋਸਟਾਂ 'ਤੇ ਸ਼ਾਂਤੀ ਦੀ ਤਾਲ ਵਜਾਉਂਦੇ ਪਿਆਰ ਅਤੇ ਦੋਸਤੀ ਦਾ ਸੁਨੇਹਾ ਦਿੰਦੇ ਜਾਪਦੇ ਹਨ।
ਰੇਲ ਲਾਈਨ : ਨਿਸ਼ਾਨ ਬਾਕੀ ਹਨ

ਦੇਸ਼ ਦੀ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਸਮੇਂ 1890 'ਚ ਵਜ਼ੀਰਾਬਾਦ ਜੰਕਸ਼ਨ (ਹੁਣ ਪਾਕਿਸਤਾਨ 'ਚ) ਤੋਂ ਵਾਇਆ ਸਿਆਲਕੋਟ, ਸੁਚੇਤਗੜ੍ਹ, ਆਰ. ਐੱਸ. ਪੁਰਾ ਅਤੇ ਮੀਰਾਂ ਸਾਹਿਬ ਹੁੰਦੀ ਹੋਈ ਜੰਮੂ ਤਵੀ ਤੱਕ ਇਕ ਰੇਲ ਪਟੜੀ ਵਿਛਾਈ ਗਈ ਸੀ। ਜੰਮੂ ਤੋਂ ਸਿਆਲਕੋਟ ਤੱਕ ਦੀ ਦੂਰੀ 43 ਕਿਲੋਮੀਟਰ ਹੈ, ਜਦੋਂਕਿ ਸੁਚੇਤਗੜ੍ਹ ਤੋਂ ਸਿਆਲਕੋਟ ਸਿਰਫ 11 ਕਿਲੋਮੀਟਰ ਹੈ।

ਇਹ ਰੇਲ ਪਟੜੀ ਉਸ ਵੇਲੇ ਦੋਹਾਂ ਦੇਸ਼ਾਂ ਦਰਮਿਆਨ ਕਾਰੋਬਾਰ ਦਾ ਵੱਡਾ ਆਧਾਰ ਸੀ। ਇਸ ਸੈਕਸ਼ਨ 'ਤੇ ਰੋਜ਼ਾਨਾ 4 ਰੇਲ ਗੱਡੀਆਂ ਦਾ ਆਉਣਾ-ਜਾਣਾ ਸੀ, ਜਿਨ੍ਹਾਂ ਰਾਹੀਂ ਲਾਹੌਰ, ਕਰਾਚੀ, ਇਸਲਾਮਾਬਾਦ ਅਤੇ ਹੋਰ ਸ਼ਹਿਰਾਂ ਦੇ ਵਪਾਰੀ ਆਪਣਾ ਮਾਲ ਜੰਮੂ ਰਾਹੀਂ ਇਸ ਪਾਸੇ ਦੇ ਹੋਰ ਸ਼ਹਿਰਾਂ ਤਕ ਭੇਜਦੇ ਸਨ ਅਤੇ ਇਧਰਲੀਆਂ ਵਸਤਾਂ ਖਰੀਦ ਕੇ ਲੈ ਜਾਂਦੇ ਸਨ। ਜੰਮੂ-ਕਸ਼ਮੀਰ ਦੀ ਇਸ ਪਹਿਲੀ ਰੇਲ ਪਟੜੀ ਕਾਰਨ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਸੀ।
ਦੇਸ਼ ਦੀ ਵੰਡ ਤੋਂ ਬਾਅਦ ਨਾ ਸਿਰਫ ਇਹ ਰੇਲ ਸੰਪਰਕ ਖਤਮ ਹੋ ਗਿਆ, ਸਗੋਂ ਭਾਰਤ ਵਾਲੇ ਪਾਸੇ ਤਾਂ ਰੇਲ ਪਟੜੀ ਵੀ ਉਖਾੜ ਦਿੱਤੀ ਗਈ ਅਤੇ ਸਟੇਸ਼ਨ ਪੂਰੀ ਤਰ੍ਹਾਂ ਖਾਨਾਬਦੋਸ਼ਾਂ ਵਾਲੀ ਹਾਲਤ 'ਚ ਹਨ। ਜੰਮੂ ਦੇ ਵਿਕਰਮ ਚੌਕ ਵਿਚ ਇਕ ਸ਼ਾਨਦਾਰ ਸਟੇਸ਼ਨ ਸੀ, ਜਿੱਥੇ ਹੁਣ ਇਕ ਆਰਟ-ਕੇਂਦਰ ਉਸਾਰ ਦਿੱਤਾ ਗਿਆ ਹੈ। ਆਰ. ਐੱਸ. ਪੁਰਾ ਦੇ ਸਟੇਸ਼ਨ ਅਤੇ ਪਟੜੀ ਵਾਲੀ ਥਾਂ 'ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਲਏ ਹਨ। ਸਟੇਸ਼ਨ ਵਾਲੀ ਬਚੀ-ਖੁਚੀ ਇਮਾਰਚ ਢਹਿ-ਢੇਰੀ ਹੋਣ ਕਿਨਾਰੇ ਹੈ, ਜਿਸ ਨੂੰ ਕਿਸੇ ਸਮੇਂ ਭਵਨ-ਕਲਾ ਦਾ ਉੱਤਮ ਨਮੂਨਾ ਸਮਝਿਆ ਜਾਂਦਾ ਸੀ।

ਸੁਚੇਤਗੜ੍ਹ ਨੇੜੇ ਇਸ ਰੇਲ-ਪਟੜੀ ਦੇ ਕੁਝ ਨਿਸ਼ਾਨ ਬਾਕੀ ਹਨ, ਜਿਹੜੇ ਹੌਲੀ-ਹੌਲੀ ਮਿਟਦੇ ਜਾ ਰਹੇ ਹਨ ਅਤੇ ਇਕ ਦਿਨ ਇਹ ਰੇਲ-ਸੰਪਰਕ ਪੂਰੀ ਤਰ੍ਹਾਂ ਅਲੋਪ ਹੋ ਜਾਵੇਗਾ। ਇਸ ਰੇਲ-ਲਿੰਕ ਨੂੰ ਬਹਾਲ ਕਰਨ ਬਾਰੇ 2001 ਅਤੇ ਫਿਰ 2013 ਵਿਚ ਪਾਕਿਸਤਾਨ ਵਲੋਂ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਕਰੋੜਾਂ-ਅਰਬਾਂ ਰੁਪਏ ਦੇ ਖਰਚੇ ਨੂੰ ਦੇਖ ਕੇ ਉਹ ਠੱਪ ਹੋ ਗਈਆਂ। ਭਾਰਤ ਵੱਲੋਂ ਇਸ ਸੰਦਰਭ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ।

ਸਰਹੱਦ 'ਤੇ ਟੂਰਿਸਟ ਕੇਂਦਰ
ਸੁਚੇਤਗੜ੍ਹ ਵਿਖੇ ਸਰਹੱਦ 'ਤੇ ਭਾਰਤ ਵਾਲੇ ਪਾਸੇ ਟੂਰਿਸਟ ਕੇਂਦਰ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਲਈ ਜੰਮੂ-ਕਸ਼ਮੀਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਮੁਫਤੀ ਸਈਦ (ਸਵਰਗੀ) ਨੇ ਵੱਡੇ ਯਤਨ ਕੀਤੇ ਸਨ। ਹੁਣ ਇਥੇ ਰਿਸੈਪਸ਼ਨ ਕੇਂਦਰ, ਆਰਾਮਘਰ, ਕੈਨਟੀਨ, ਪਾਰਕ ਆਦਿ ਵਿਕਸਿਤ ਕੀਤੇ ਗਏ ਹਨ, ਜਿਸ ਕਾਰਨ ਸਰਹੱਦ ਵੇਖਣ ਲਈ ਟੂਰਿਸਟਾਂ ਦਾ ਆਉਣਾ-ਜਾਣਾ ਵਧ ਗਿਆ ਹੈ। ਇਲਾਕੇ ਦੇ ਵਿਕਾਸ ਦੇ ਨਜ਼ਰੀਏ ਤੋਂ ਇਹ ਕੇਂਦਰ ਵੱਡੀ ਭੂਮਿਕਾ ਨਿਭਾਅ ਸਕਦਾ ਹੈ ਪਰ ਇਸ ਨੂੰ ਧਿਆਨ 'ਚ ਰੱਖਦਿਆਂ ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ 'ਤੇ ਵਿਕਸਿਤ ਕਰਨਾ ਪਵੇਗਾ।

ਜੰਮੂ ਤੋਂ ਸੁਚੇਤਗੜ੍ਹ ਤਕ ਸੜਕ ਦੀ ਹਾਲਤ ਤਸੱਲੀਬਖਸ਼ ਨਹੀਂ ਹੈ ਅਤੇ ਆਵਾਜਾਈ ਦੇ ਪ੍ਰਬੰਧ ਵੀ ਬਿਹਤਰ ਨਹੀਂ ਹਨ। ਚੰਗੇ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਘਾਟ ਹੈ। ਮੋਬਾਇਲ ਐਂਬੂਲੈਂਸਾਂ ਦਾ ਨਾਂ-ਨਿਸ਼ਾਨ ਨਹੀਂ ਹੈ, ਸਾਫ-ਸਫਾਈ ਬਾਕੀ ਦੇਸ਼ ਵਾਂਗ ਤਰਸਯੋਗ ਹਾਲਤ 'ਚ ਹੈ। ਅਜਿਹੀ ਹਾਲਤ ਵਿਚ ਸੁਚੇਤਗੜ੍ਹ ਕੇਂਦਰ ਲਈ ਵੱਡੀ ਗਿਣਤੀ 'ਚ ਟੂਰਿਸਟਾਂ ਨੂੰ ਆਕਰਸ਼ਿਤ ਕਰਨਾ ਸੰਭਵ ਨਹੀਂ ਹੈ।

ਪਾਕਿਸਤਾਨ ਵਾਲੇ ਪਾਸੇ ਤਾਂ ਲੋਕਾਂ ਦੇ ਬੈਠਣ ਲਈ ਬੈਂਚ ਵੀ ਨਹੀਂ ਹਨ, ਕਮਰਿਆਂ ਅਤੇ ਕੈਨਟੀਨਾਂ ਦੀ ਹੋਂਦ ਤਾਂ ਦੂਰ ਦੀ ਗੱਲ ਹੈ। ਇਸ ਦੇ ਬਾਵਜੂਦ ਪਾਕਿਸਤਾਨ ਵੱਲੋਂ ਵੀ ਕੁਝ ਲੋਕ ਸਰਹੱਦ ਨੂੰ ਦੇਖਣ ਆ ਜਾਂਦੇ ਹਨ ਅਤੇ ਬੈਰੀਅਰ ਨੂੰ ਹੱਥ ਲਾ ਕੇ ਪਰਤ ਜਾਂਦੇ ਹਨ। ਦੋਹੀਂ ਪਾਸੀਂ ਸੁਰੱਖਿਆ ਕਰਮਚਾਰੀ ਜ਼ਰੂਰ ਮੁਸਤੈਦ ਰਹਿੰਦੇ ਹਨ, ਜਿਨ੍ਹਾਂ ਦਾ ਕੰਮ ਟੂਰਿਸਟਾਂ 'ਤੇ ਨਜ਼ਰ ਰੱਖਣਾ ਅਤੇ ਯੂ. ਐੱਨ. ਦੇ ਅਧਿਕਾਰੀਆਂ ਦੀ ਗੱਡੀ ਨੂੰ ਦੂਰੋਂ ਵੇਖ ਕੇ ਗੇਟ ਖੋਲ੍ਹਣਾ ਹੁੰਦਾ ਹੈ। ਜੰਮੂ-ਸਿਆਲਕੋਟ ਸੜਕ ਤੋਂ ਸਿਰਫ ਇਨ੍ਹਾਂ ਅਧਿਕਾਰੀਆਂ ਦੀ ਹੀ ਆਵਾਜਾਈ ਹੁੰਦੀ ਹੈ, ਬਾਕੀ ਲੋਕਾਂ ਦਾ ਲਾਂਘਾ ਵੀਜ਼ੇ ਦੇ ਬਾਵਜੂਦ ਵੀ ਬੰਦ ਹੈ।


Shyna

Content Editor

Related News