ਜਲੰਧਰ : ਸੁੱਕੀ ਰਸਦ ਦੇ ਸੰਕਟ ਨੂੰ ਦੇਖਦੇ ਹੋਏ ਡੀ. ਸੀ. ਨੇ ਜਾਰੀ ਕੀਤੀਆਂ ਇਹ ਹਿਦਾਇਤਾਂ

03/31/2020 10:35:20 PM

ਜਲੰਧਰ: ਦੇਸ਼ ਭਰ 'ਚ ਲਾਕਡਾਊਨ ਕਾਰਣ ਸ਼ਹਿਰ 'ਚ ਖਾਧ ਪਦਾਰਥਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਵਲੋਂ ਐਫ. ਸੀ. ਆਈ. ਦੇ ਗੁਦਾਮ ਖੋਲ੍ਹ ਦਿੱਤੇ ਗਏ ਹਨ। ਇਸ ਬਾਰੇ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਸਾਰੇ ਚੱਕੀਆਂ ਵਾਲੇ, ਪਬਲਿਕ ਦੇ ਨੁਮਾਇੰਦੇ, ਸੰਸਥਾਵਾਂ ਤੇ ਵਿਅਕਤੀਆਂ ਦੇ ਫੋਨ ਆਏ, ਜਿਹੜੇ ਕਿ ਸੁੱਕੀ ਰਸਦ ਦਾ ਸਮਾਨ ਵੰਡਣਾ ਚਾਹੁੰੰਦੇ ਹਨ। ਜਿਨ੍ਹਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਆਟਾ ਨਹੀਂ ਮਿਲ ਰਿਹਾ। ਇਸ ਸਮੱਸਿਆ ਦੇ ਹੱਲ ਲਈ ਡੀ. ਸੀ. ਨੇ ਕਿਹਾ ਕਿ ਸਰਕਾਰ ਵਲੋਂ ਐਫ. ਸੀ. ਆਈ. ਦੇ ਗੁਦਾਮ ਖੋਲ੍ਹ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਆਟਾ ਵੰਡਣਾ ਹੈ ਤਾਂ ਉਸ ਨੂੰ ਆਟਾ ਵੰਡਣ ਲਈ ਕਣਕ ਚਾਹੀਦੀ ਹੈ, ਜਿਹੜੀ ਕਣਕ ਤੁਸੀਂ ਕੰਟਰੋਲ ਰੇਟ 'ਤੇ ਡਿਸਟ੍ਰੀਕਟ ਫੂਡ ਐਂਡ ਸਪਲਾਈ ਕੰਟਰੋਲਰ ਦੇ ਰਾਹੀਂ 280 ਰੁਪਏ ਦੇ ਰੇਟ 'ਤੇ ਰਿਲੀਜ਼ ਕਰਾ ਸਕਦੇ ਹੋ, ਜੋ ਕਿ ਐਫ. ਸੀ. ਆਈ. ਦੇ ਗੁਦਾਮ ਤੋਂ ਤੁਹਾਨੂੰ ਸਿੱਧੀ ਮਿਲੇਗੀ। ਉਨ੍ਹਾਂ ਦੱਸਿਆ ਕਿ ਕਣਕ ਲੈਣ ਲਈ ਤੁਹਾਨੂੰ ਜਿਲਾ ਜਲੰਧਰ ਦੇ ਡਿਸਟ੍ਰੀਕਟ ਫੂਡ ਐਂਡ ਸਪਲਾਈ ਦੇ ਕੰਟਰੋਲਰ ਸਰਦਾਰ ਨਰਿੰਦਰ ਸਿੰਘ ਜੀ ਦੇ ਦਫਤਰ ਡੀ ਐਫ ਐਸ ਸੀ ਜੇ ਏ ਐਲ. 2 ਐਟਦੀਰੇਟ ਜੀ ਮੇਲ. ਕਾਮ ਜਾਂ ਉਨ੍ਹਾਂ ਦੇ ਕਰਮਚਾਰੀ ਅਨੁਜ ਸੂਦ ਨੂੰ 98149 94325 ਨੰਬਰ 'ਤੇ ਫੋਨ ਕਰ ਕੇ ਖਰੀਦ ਸਕਦੇ ਹੋ। ਉਨ੍ਹਾਂ ਦੱਸਿਆ ਕੋਈ ਟਰੇਡਰ, ਸੰਸਥਾ,ਐਨ. ਜੀ. ਓ. ਜਾਂ ਕੋਈ ਵਿਅਕਤੀ ਜਿਹੜਾ ਕਿ ਲੋਕਾਂ ਨੂੰ ਵੰਡਣ ਲਈ ਕਣਕ ਰਿਲੀਜ਼ ਕਰਾਉਣੀ ਚਾਹੁੰਦਾ ਹੈ, ਉਹ ਘੱਟੋ-ਘੱਟ 100 ਕੁਇੰਟਲ ਕਣਕ ਰਿਲੀਜ਼ ਕਰਾ ਸਕਦਾ ਹੈ। ਉਥੇ ਹੀ ਜੇ ਕੋਈ ਵੱਡੇ ਪੱਧਰ 'ਤੇ ਕਣਕ ਵੰਡਣਾ ਚਾਹੁੰਦਾ ਹੈ ਤਾਂ ਉਹ 50 ਹਜ਼ਾਰ ਕੁਇੰਟਲ ਤਕ ਵੀ ਕਣਕ ਕੰਟਰੋਲ ਰੇਟ 2080 ਰੁਪਏ ਪ੍ਰਤੀ ਕੁਇੰਟਲ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਕਹਿੰਦੇ ਹਨ ਕਿ ਸਾਨੂੰ ਆਟਾ ਨਹੀਂ ਮਿਲ ਰਿਹਾ, ਇਸ ਦਾ ਜਵਾਬ ਦਿੰਦੇ ਹੋਏ ਡੀ. ਸੀ. ਨੇ ਕਿਹਾ ਕਿ ਹੁਣ ਜੇ ਤੁਸੀਂ ਆਟਾ ਖਰੀਦਣ ਮੰਡੀ ਚਲੇ ਜਾਓਗੇ ਤਾਂ ਫਿਰ ਆਟੇ ਦੀ ਦਿੱਕਤ ਆਵੇਗੀ । ਤੁਸੀਂ ਕਣਕ ਉਕਤ ਨੰਬਰ, ਈ. ਮੇਲ 'ਤੇ ਜਾਂ ਫੋਨ ਕਰਕੇ ਸਰਕਾਰੀ ਰੇਟ 'ਤੇ ਰਿਲੀਜ਼ ਕਰਾਓ ਤੇ ਆਟਾ ਪਿਸਵਾ ਕੇ ਲੋਕਾਂ ਨੂੰ ਵੰਡੋ।

ਉਨ੍ਹਾਂ ਦੱਸਿਆ ਕਿ ਅੱਜ ਮੈਂ ਸੀ.ਪੀ. ਸਾਬ, ਐਸ. ਐਸ. ਪੀ. ਸਾਬ ਸਮੇਤ ਕਈ ਪਿੰਡਾਂ ਵਿਚ ਫਲੈਗ ਮਾਰਚ ਕੀਤਾ,ਜਿਥੇ ਅਸੀਂ ਛੋਟੀਆਂ ਮੋਟੀਆਂ ਛੋਟ ਦਿੱਤੀਆਂ ਹਨ, ਉਨ੍ਹਾਂ ਦਾ ਫਾਇਦਾ ਚੁੱਕ ਕੇ ਕਈ ਸਬਜ਼ੀ ਲੈਣ ਦੇ ਬਹਾਨੇ ਮਕਸੂਦਾ ਮੰਡੀ ਤੁਰੇ ਫਿਰ ਰਹੇ ਸਨ ਤੇ ਦਵਾਈ ਲੈਣ ਦੇ ਬਹਾਨੇ ਮਾਰਕਿਟ 'ਚ ਜਾ ਰਹੇ ਹਨ।  ਉਨ੍ਹਾਂ ਕਿਹਾ ਸਭ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪਾਂ ਕੋਈ ਛੋਟੇ ਬੱਚੇ ਨਹੀਂ ਆਪਾਂ ਸਾਰੇ ਸਿਆਣੇ ਹਾਂ ਅਤੇ ਤੁਹਾਡੇ ਹਿੱਤ ਲਈ ਇਹ ਲਾਕਡਾਊਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਮਕਸੂਦਾ ਮੰਡੀ 'ਚ ਕਈ ਅਧਿਕਾਰੀਆਂ ਸਮੇਤ 100 ਪੁਲਸ ਫੋਰਸ ਲਗਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਦੇ ਲਾਲਚ 'ਚ ਜੇ ਉਥੇ ਹਜ਼ਾਰਾਂ ਬੰਦੇ ਪਰਚੂਨੀ ਕਰਨ ਜਾਣਗੇ ਤਾਂ ਹੋ ਸਕਦਾ ਹੈ, ਜਿਵੇਂ ਸਾਡੇ ਗੁਆਂਢੀ ਜ਼ਿਲ੍ਹਿਆਂ ਨੇ ਮੰਡੀ ਬੰਦ ਕੀਤੀ ਹੈ, 2 ਦਿਨਾਂ ਲਈ ਸਾਨੂੰ ਵੀ ਸਬਜ਼ੀ ਮੰਡੀ ਬੰਦ ਕਰਨੀ ਪਵੇ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੱਜ ਸਬਜ਼ੀ ਮੰਡੀ 'ਚ 5 ਵੱਡੇ ਆੜ੍ਹਤੀਆਂ ਦੇ ਲਾਈਸੈਂਸ ਸਾਨੂੰ ਮਜ਼ਬੂਰਨ ਰੱਦ ਕਰਨੇ ਪਏ ਹਨ ਅਤੇ ਮੇਰੀ ਆੜਤੀਏ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦੇ, ਤੁਸੀਂ ਜਿੰਮੇਵਾਰ ਬੰਦੇ ਹੋ ਅਤੇ ਸਾਰੀ ਉਮਰ ਫਾਇਦਾ ਹੀ ਕਮਾਉਣਾ ਹੈ, ਸੋ ਇਸ ਵਾਰ ਅਸੀਂ ਆਪਣੇ ਸ਼ਹਿਰ ਦਾ ਕੁੱਝ ਸੋਚ ਲਈਏ, ਆਪਣੇ ਬੱਚਿਆਂ ਦਾ ਕੁੱਝ ਸੋਚੀਏ। ਉਨ੍ਹਾਂ ਕਿਹਾ ਕਿ ਜੇ ਤੁਸੀਂ ਭੀੜ ਵਾਲੀ ਜਗ੍ਹਾ 'ਚ ਸਬਜ਼ੀਆਂ ਵੇਚੋਗੇ ਤਾਂ ਕੱਲ ਨੂੰ ਇਹ ਬੀਮਾਰੀ ਤੁਹਾਨੂੰ ਲੱਗ ਗਈ ਤਾਂ ਤੁਹਾਡੇ ਘਰ ਜਾਵੇਗੀ ਸੋ ਅੱਗੇ ਤੋਂ ਸਾਡਾ ਸਹਿਯੋਗ ਦਿੱਤਾ ਜਾਵੇ, ਜੇ ਸਾਡਾ ਸਹਿਯੋਗ ਨਾ ਦਿੱਤਾ ਗਿਆ ਤਾਂ ਸਾਨੂੰ ਮਜ਼ਬੂਰਨ ਮਕਸੂਦਾ ਮੰਡੀ ਬੰਦ ਕਰਨੀ ਪੈ ਸਕਦੀ ਹੈ। ਉਥੇ ਹੀ ਡੀ. ਸੀ. ਨੇ ਪਿਛਲੇ 9 ਦਿਨ ਜਲੰਧਰ 'ਚ ਲਾਕਡਾਊਨ ਨੂੰ ਸਫਲਤਾਪੂਰਵਕ ਬਣਾਉਣ 'ਤੇ ਸੂਬਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਦਾ ਸਕਾਰਾਤਮਕ ਨਤੀਜਾ ਇਹ ਆਇਆ ਕਿ ਸ਼ਹਿਰ 'ਚ ਕੋਈ ਨਵਾਂ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ, ਪੁਰਾਣੇ ਜਿਹੜੇ ਚਾਰ ਕੇਸ ਨੇ ਸਿਵਲ ਹਸਪਤਾਲ 'ਚ ਦਾਖਲ ਹਨ, ਜਿਨ੍ਹਾਂ 'ਚੋਂ ਇਕ ਸੀ. ਐਮ. ਸੀ. 'ਚ ਦਾਖਲ ਹੈ।


Deepak Kumar

Content Editor

Related News