ਇਮਰਾਨ ਖਾਨ ਸੰਗਤ ਤੋਂ ਪੈਸੇ ਨਾ ਲੈਣ, ਸਾਨੂੰ ਦੱਸਣ ਲਾਂਘੇ ''ਤੇ ਕਿੰਨਾ ਪੈਸਾ ਖਰਚ ਹੋਇਆ : RP ਸਿੰਘ
Friday, Oct 25, 2019 - 10:02 AM (IST)
ਜਲੰਧਰ (ਬੁਲੰਦ) - ਕਰਤਾਰਪੁਰ ਕੋਰੀਡੋਰ ਬਣਾਏ ਜਾਣ ਮਗਰੋਂ ਸਿੱਖ ਸੰਗਤ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿ ਨੂੰ 20 ਡਾਲਰ ਪ੍ਰਤੀ ਵਿਅਕਤੀ ਫੀਸ ਦੇਣ ਦੇ ਮਾਮਲੇ 'ਚ ਭਾਜਪਾ ਦੇ ਸੀਨੀਅਰ ਆਗੂ ਆਰ. ਪੀ. ਸਿੰਘ ਨੇ ਇਮਰਾਨ ਖਾਨ ਨੂੰ ਇਕ ਚਿੱਠੀ ਲਿਖੀ ਹੈ। ਉਨ੍ਹਾਂ ਨੇ ਚਿੱਠੀ 'ਚ ਕਿਹਾ ਕਿ ਪਾਕਿ ਸਰਕਾਰ ਉਨ੍ਹਾਂ ਨੂੰ ਦੱਸੇ ਕਿ ਕੋਰੀਡੋਰ 'ਤੇ ਕਿੰਨਾ ਖਰਚਾ ਆਇਆ ਹੈ। ਉਸ 'ਤੇ ਸਾਰੀ ਕੀਮਤ ਸਿੱਖ ਸੰਗਤ ਅਤੇ ਗੁਰੂ ਨਾਨਕ ਨਾਮਲੇਵਾ ਸੰਗਤ ਆਪਸੀ ਸਹਿਯੋਗ ਨਾਲ ਅਦਾ ਕਰੇਗੀ। ਇਸ ਬਾਰੇ ਐੱਸ. ਜੀ. ਪੀ. ਸੀ. ਨੂੰ ਕਿਹਾ ਜਾਵੇਗਾ ਕਿ ਇਕ ਵੱਖਰਾ ਖਾਤਾ ਖੋਲ੍ਹ ਕੇ ਦੁਨੀਆ ਭਰ ਦੀ ਨਾਨਕ ਨਾਮਲੇਵਾ ਸੰਗਤ ਨੂੰ ਅਪੀਲ ਕਰ ਕੇ ਉਸ ਵਿਚ ਦਾਨ ਇਕੱਠਾ ਕੀਤਾ ਜਾਵੇ ਅਤੇ ਕੋਰੀਡੋਰ ਦੀ ਕੀਮਤ ਪਾਕਿਸਤਾਨ ਸਰਕਾਰ ਨੂੰ ਦੇ ਦਿੱਤੀ ਜਾਵੇ।
ਆਰ. ਪੀ. ਸਿੰਘ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਸੰਗਤ ਤੋਂ ਫੀਸ ਵਸੂਲੇ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕਿਸੇ ਵੀ ਧਰਮ ਜਾਂ ਉਸ ਦੇ ਧਾਰਮਿਕ ਥਾਵਾਂ 'ਤੇ ਜਾਣ ਲਈ ਫੀਸ ਨਹੀਂ ਵਸੂਲੀ ਜਾਂਦੀ ਸਗੋਂ ਮੁਸਲਮਾਨਾਂ ਨੂੰ ਤਾਂ ਹੱਜ ਯਾਤਰਾ ਲਈ ਸਬਸਿਡੀ ਦਿੱਤੀ ਜਾਂਦੀ ਹੈ। ਅਜਿਹੇ ਵਿਚ ਸਿੱਖਾਂ ਨੂੰ ਉਸ ਦੇ ਪਾਵਨ ਗੁਰਧਾਮਾਂ ਦੇ ਦਰਸ਼ਨਾਂ ਲਈ ਪੈਸਾ ਦੇਣਾ ਪਵੇ ਇਹ ਅਫਸੋਸਜਨਕ ਹੈ।
ਉਨ੍ਹਾਂ ਨੇ ਇਮਰਾਨ ਖਾਨ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਤੁਰੰਤ ਫੀਸ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ 20 ਡਾਲਰ ਦੀ ਫੀਸ ਕਾਰਨ ਗਰੀਬ ਸਿੱਖ ਅਤੇ ਹੋਰ ਗਰੀਬ ਲੋਕ ਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਹੀ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਕੋਰੀਡੋਰ 'ਤੇ ਅਰਬਾਂ ਰੁਪਏ ਦਾ ਖਰਚ ਹੋਇਆ ਹੈ ਪਰ ਸਿੱਖਾਂ ਨੂੰ ਇਸ ਦੇ ਲਈ ਇਕ ਵੀ ਪੈਸਾ ਨਹੀਂ ਦੇਣਾ ਪਿਆ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿੱਖਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੀ ਹੈ। ਇਸ ਲਈ ਪਾਕਿਸਤਾਨ ਨੂੰ ਵੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।