ਪੈਸੇ ਦੇਣ ਘਰ ਗਏ ਕਲਾਇੰਟ ਦੀ ਕੀਤੀ ਬੇਇੱਜ਼ਤੀ, ਏਜੰਟ ਦੀ ਵੀਡੀਓ ਵਾਇਰਲ

Monday, Jun 03, 2019 - 10:56 AM (IST)

ਪੈਸੇ ਦੇਣ ਘਰ ਗਏ ਕਲਾਇੰਟ ਦੀ ਕੀਤੀ ਬੇਇੱਜ਼ਤੀ, ਏਜੰਟ ਦੀ ਵੀਡੀਓ ਵਾਇਰਲ

ਜਲੰਧਰ (ਵਰੁਣ) - ਕਈ ਕੇਸਾਂ 'ਚ ਨਾਮਜ਼ਦ ਟ੍ਰੈਵਲ ਏਜੰਟ ਅਵਤਾਰ ਸਿੰਘ ਮੁੰਡੀ ਦਾ ਨਵਾਂ ਫਰਾਡ ਕੇਸ ਸਾਹਮਣੇ ਆਇਆ ਹੈ। ਇਸ ਵਾਰ ਤਾਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਅਵਤਾਰ ਸਿੰਘ ਮੁੰਡੀ ਦੇ ਘਰ ਜਾ ਕੇ ਉਸ ਦੀ ਮੂਵੀ ਬਣਾ ਕੇ ਵਾਇਰਲ ਕਰ ਦਿੱਤੀ, ਜਿਸ 'ਚ ਮੁੰਡੀ ਪੁਲਸ ਤੋਂ ਲੈ ਕੇ ਉਸ ਖਿਲਾਫ ਖਬਰਾਂ ਲਿਖਣ ਵਾਲੇ ਪੱਤਰਕਾਰਾਂ ਨੂੰ ਗਾਲੀ-ਗਲੋਚ ਕਰ ਰਿਹਾ ਹੈ ਤੇ ਪੁਲਸ ਨੂੰ ਵੀ ਧਮਕੀ ਦਿੱਤੀ ਕਿ ਪੁਲਸ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀ। ਅਵਤਾਰ ਸਿੰਘ ਦੀਆਂ 4 ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਮੁੰਡੀ ਨੇ ਪੈਸੇ ਦੇਣ ਲਈ ਆਪਣੇ ਕਲਾਇੰਟ ਨੂੰ ਘਰ ਬੁਲਾਇਆ ਸੀ ਪਰ ਉਨ੍ਹਾਂ ਨੂੰ ਬੇਇੱਜ਼ਤ ਕਰਨ 'ਤੇ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ। ਵੀਡੀਓ ਵਾਇਰਲ ਹੋਣ ਤੋਂ ਬਾਅਦ 'ਜਗ ਬਾਣੀ' ਦੀ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵੀਡੀਓ ਕਿਰਨਦੀਪ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਵਿਰਕ ਬਹੁਦੀਪੁਰ ਫਿਲੌਰ ਦੇ ਰਿਸ਼ਤੇਦਾਰਾਂ ਨੇ ਬਣਾਈ ਸੀ। ਕਿਰਨਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ 2017 'ਚ ਕਿਸੇ ਜਾਣਕਾਰ ਨੇ ਉਨ੍ਹਾਂ ਨੂੰ ਟ੍ਰੈਵਲ ਏਜੰਟ ਮੁੰਡੀ ਨਾਲ ਮਿਲਵਾਇਆ ਸੀ। ਕਿਰਨਦੀਪ ਨੇ ਆਪਣੇ ਬੇਟੇ ਸੁਖਪ੍ਰੀਤ ਸਿੰਘ ਨੂੰ ਕੈਨੇਡਾ ਭੇਜਣਾ ਸੀ, ਜਿਸ ਕਾਰਨ ਉਹ ਮੁੰਡੀ ਨੂੰ ਮਿਲਣ ਉਸ ਦੇ ਘਰ ਗਏ। ਮੁੰਡੀ ਘਰ 'ਚ ਆਪਣੀ ਪਤਨੀ ਦੇ ਨਾਲ ਏਜੰਟੀ ਦਾ ਕੰਮ ਕਰਦਾ ਸੀ।

ਮੁੰਡੀ ਨੇ ਦਾਅਵਾ ਕੀਤਾ ਕਿ ਉਹ ਸੁਖਪ੍ਰੀਤ ਸਿੰਘ ਨੂੰ ਕੈਨੇਡਾ ਭੇਜ ਦੇਵੇਗਾ ਪਰ ਉਸ ਲਈ 25 ਲੱਖ ਰੁਪਏ ਦਾ ਖਰਚਾ ਆਏਗਾ। ਮੁੰਡੀ ਨੇ ਕਿਹਾ ਕਿ ਕੈਨੇਡਾ ਭੇਜਣ ਤੋਂ ਪਹਿਲਾਂ ਸੁਖਪ੍ਰੀਤ ਸਿੰਘ ਨੂੰ ਵੀਅਤਨਾਮ ਰਹਿੰਦੀ ਉਸ ਦੀ ਲੜਕੀ ਕੋਲ ਭੇਜਿਆ ਜਾਵੇਗਾ ਤੇ ਉਨ੍ਹਾਂ ਦੀ ਬੇਟੀ ਲੀਗਲ ਤਰੀਕੇ ਨਾਲ ਸੁਖਪ੍ਰੀਤ ਨੂੰ ਕੈਨੇਡਾ ਭੇਜ ਦੇਵੇਗੀ। ਕਿਰਨਦੀਪ ਮੁੰਡੀ ਦੀਆਂ ਗੱਲਾਂ 'ਚ ਆ ਗਈ। ਅਕਤੂਬਰ 2017 ਨੂੰ ਕਿਰਨਦੀਪ ਨੇ ਮੁੰਡੀ ਨੂੰ 5 ਲੱਖ ਰੁਪਏ ਦੇ ਦਿੱਤੇ। 2 ਦਿਨਾਂ ਬਾਅਦ ਹੀ ਮੁੰਡੀ ਨੇ ਫੋਨ ਕਰ ਕੇ ਕਿਹਾ ਕਿ ਬੇਟੇ ਦਾ ਵੀਜ਼ਾ ਲੱਗ ਚੁੱਕਾ ਹੈ ਤੇ 10 ਲੱਖ ਰੁਪਏ ਹੋਰ ਮੰਗੇ। ਪੀੜਤ ਪਰਿਵਾਰ ਨੇ ਆਪਣੀ ਜ਼ਮੀਨ ਵੇਚ ਕੇ ਮੁੰਡੀ ਨੂੰ 10 ਲੱਖ ਰੁਪਏ ਦੇ ਦਿੱਤੇ। 12 ਅਕਤੂਬਰ 2017 ਨੂੰ ਸੁਖਪ੍ਰੀਤ ਸਿੰਘ ਨੂੰ ਵੀਅਤਨਾਮ ਭੇਜ ਦਿੱਤਾ ਗਿਆ। ਉਥੇ ਪਹੁੰਚਦਿਆਂ ਹੀ ਮੁੰਡੀ ਦੀ ਬੇਟੀ ਨੇ ਸੁਖਪ੍ਰੀਤ ਨੂੰ ਹੋਟਲ 'ਚ ਰੁਕਵਾਇਆ ਤੇ ਸੁਖਪ੍ਰੀਤ ਸਿੰਘ ਕੋਲੋਂ ਫੋਨ ਕਰਵਾ ਕੇ 5 ਲੱਖ ਰੁਪਏ ਮੁੰਡੀ ਦੇ ਘਰ ਦੇਣ ਨੂੰ ਕਿਹਾ। 5 ਲੱਖ ਰੁਪਏ ਮੁੰਡੀ ਕੋਲ ਪਹੁੰਚਣ ਤੋਂ ਕੁਝ ਹੀ ਦਿਨਾਂ ਬਾਅਦ ਉਸ ਦੀ ਬੇਟੀ ਵੀ ਭਾਰਤ ਵਾਪਸ ਆ ਗਈ ਤੇ ਸੁਖਪ੍ਰੀਤ ਨੇ ਆਪਣੇ ਘਰ ਫੋਨ ਕਰ ਕੇ ਦੱਸਿਆ ਤਾਂ ਕਿਰਨਦੀਪ ਕੌਰ ਮੁੰਡੀ ਦੇ ਘਰ ਪਹੁੰਚ ਗਈ ਪਰ ਮੁੰਡੀ ਨੇ ਦਾਅਵਾ ਕੀਤਾ ਕਿ ਕੁਝ ਦਿਨਾਂ ਬਾਅਦ ਬੇਟੀ ਵਾਪਸ ਜਾ ਰਹੀ ਹੈ ਤੇ ਫਿਰ ਜਾ ਕੇ ਸੁਖਪ੍ਰੀਤ ਨੂੰ ਕੈਨੇਡਾ ਭੇਜ ਦਿੱਤਾ ਜਾਵੇਗਾ।

ਸ਼ਿਕਾਇਤਕਰਤਾ ਕਿਰਨਦੀਪ ਕੌਰ ਨੇ ਕਿਹਾ ਕਿ ਸੁਖਪ੍ਰੀਤ ਕੋਲ ਪੈਸੇ ਖਤਮ ਹੋ ਚੁੱਕੇ ਸਨ ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਮੁੰਡੀ ਦੀ ਬੇਟੀ ਵੀਅਤਨਾਮ ਨਹੀਂ ਪਹੁੰਚੀ ਤੇ ਉਨ੍ਹਾਂ ਨੇ ਭਾਰਤ ਤੋਂ ਬੇਟੇ ਨੂੰ ਟਿਕਟ ਭੇਜ ਕੇ ਦਸੰਬਰ 2017 ਨੂੰ ਵਾਪਸ ਬੁਲਾ ਲਿਆ। ਮੁੰਡੀ ਪੀੜਤ ਪਰਿਵਾਰ ਕੋਲੋਂ 21.50 ਲੱਖ ਰੁਪਏ ਲੈ ਚੁੱਕਾ ਸੀ। ਸੁਖਪ੍ਰੀਤ ਸਿੰਘ ਦੇ ਪਰਿਵਾਰ ਵਾਲੇ ਪੈਸੇ ਵਾਪਸ ਲੈਣ ਲਈ ਮੁੰਡੀ ਕੋਲ ਗਏ ਤਾਂ ਕਾਫੀ ਸਮੇਂ ਬਾਅਦ ਜਾ ਕੇ ਮੁੰਡੀ ਨੇ ਉਨ੍ਹਾਂ ਨੂੰ 2 ਲੱਖ ਰੁਪਏ ਵਾਪਸ ਕੀਤੇ ਪਰ ਇਕ ਵੱਖ ਤੋਂ ਦਿੱਤਾ 2 ਲੱਖ ਦਾ ਚੈੱਕ ਬਾਊਂਸ ਹੋ ਗਿਆ। ਕਾਫੀ ਚੱਕਰ ਕੱਟਣ ਤੋਂ ਬਾਅਦ ਮੁੰਡੀ ਨੇ ਪੈਸੇ ਨਹੀਂ ਵਾਪਸ ਕੀਤੇ ਤਾਂ ਪੀੜਤ ਪਰਿਵਾਰ ਨੇ 29 ਮਈ ਨੂੰ ਐੱਸ. ਐੱਸ. ਪੀ. ਨੂੰ ਸ਼ਿਕਾਇਤ ਕਰ ਦਿੱਤੀ। ਕਿਰਨਦੀਪ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੁੰਡੀ ਤੇ ਉਸ ਦੀ ਪਤਨੀ ਉਨ੍ਹਾਂ ਨੂੰ ਕਚਹਿਰੀ ਚੌਕ ਮਿਲੇ ਸਨ, ਜਿਨ੍ਹਾਂ ਨੇ ਮੰਗਲਵਾਰ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਲਈ ਬੁਲਾਇਆ ਸੀ। ਜਿਵੇਂ ਹੀ ਉਹ ਘਰ ਪਹੁੰਚੇ ਤਾਂ ਮੁੰਡੀ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਜਗ੍ਹਾ ਕਾਫੀ ਬੇਇੱਜ਼ਤ ਕੀਤਾ। ਪੀੜਤ ਧਿਰ ਨੇ ਮੁੰਡੀ ਦੀ ਸਾਰੀ ਵੀਡੀਓ ਬਣਾ ਲਈ, ਜਿਸ 'ਚ ਮੁੰਡੀ ਪੁਲਸ ਤੇ ਪੱਤਰਕਾਰਾਂ ਨੂੰ ਵੀ ਗਾਲੀ-ਗਲੋਚ ਕਰ ਰਿਹਾ ਸੀ। 4 ਵੀਡੀਓਜ਼ ਨੂੰ ਵਾਇਰ ਵੀ ਕਰ ਦਿੱਤਾ ਗਿਆ। ਫਿਲਹਾਲ ਮੁੰਡੀ 'ਤੇ ਇਸ ਮਾਮਲੇ 'ਚ ਕੇਸ ਦਰਜ ਨਹੀਂ ਹੋਇਆ ਹੈ, ਜਿਸ ਦੀ ਜਾਂਚ ਚੱਲ ਰਹੀ ਹੈ।

ਮੁੰਡੀ ਖਿਲਾਫ ਠੱਗੀ ਦੇ ਕਈ ਕੇਸ ਦਰਜ
ਮੁੰਡੀ ਖਿਲਾਫ ਕਮਿਸ਼ਨਰੇਟ ਤੇ ਰੂਰਲ ਥਾਣਿਆਂ 'ਚ ਢੇਰਾਂ ਕੇਸ ਦਰਜ ਹਨ। ਹੈਰਾਨੀ ਦੀ ਗੱਲ ਹੈ ਕਿ ਇੰਨੇ ਕੇਸ ਦਰਜ ਹੋਣ ਦੇ ਬਾਵਜੂਦ ਮੁੰਡੀ ਪੰਜਾਬੀ ਬਾਗ 'ਚ ਆਪਣੀ ਕੋਠੀ ਅੰਦਰ ਫਿਰ ਤੋਂ ਏਜੰਟੀ ਦਾ ਧੰਦਾ ਬਿਨਾਂ ਲਾਇਸੈਂਸ ਕਰ ਰਿਹਾ ਹੈ। ਪੁਲਸ ਦੀ ਲਾਪ੍ਰਵਾਹੀ ਕਾਰਨ ਅੱਜ ਵੀ ਮੁੰਡੀ ਤੋਂ ਲੋਕ ਠੱਗੇ ਜਾ ਰਹੇ ਹਨ ਪਰ ਪੁਲਸ ਮੁੰਡੀ 'ਤੇ ਨਕੇਲ ਨਹੀਂ ਕਸ ਸਕੀ। ਹਾਲ ਹੀ 'ਚ ਮੁੰਡੀ ਖਿਲਾਫ ਪ੍ਰੈੱਸ ਕਾਨਫਰੰਸ ਕਰ ਕੇ ਇਕ ਪਰਿਵਾਰ ਨੇ ਲੱਖਾਂ ਦੀ ਠੱਗੀ ਦਾ ਖੁਲਾਸਾ ਕੀਤਾ ਸੀ।


author

rajwinder kaur

Content Editor

Related News