ਅਗਲੇ ਹਫਤੇ ਸ਼ੁਰੂ ਹੋਵੇਗਾ ਹਾਈ ਸਕਿਓਰਿਟੀ ਨੰਬਰ ਪਲੇਟਾਂ ਦਾ ਕੰਮ
Thursday, Feb 07, 2019 - 10:15 AM (IST)

ਜਲੰਧਰ (ਅਮਿਤ) - ਜਲੰਧਰ ਜ਼ਿਲੇ 'ਚ ਸਾਰੇ ਵਾਹਨਾਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਾਉਣ ਦਾ ਕੰਮ ਅਗਲੇ ਹਫਤੇ ਸ਼ੁਰੂ ਹੋ ਸਕਦਾ ਹੈ। ਪਲੇਟਾਂ ਲਾਉਣ ਵਾਲੀ ਨਿੱਜੀ ਕੰਪਨੀ ਵਲੋਂ ਇਸ ਸਬੰਧੀ ਸੈਕਟਰੀ ਆਰ. ਟੀ. ਏ. ਜਲੰਧਰ ਨਾਲ ਗੱਲਬਾਤ ਲਗਭਗ ਤੈਅ ਕੀਤੀ ਜਾ ਚੁੱਕੀ ਹੈ, ਜਿਸ ਦੇ ਤਹਿਤ ਸ਼ਹਿਰ ਤੋਂ ਬਾਹਰ ਕਿਸੇ ਘੱਟ ਭੀੜ ਵਾਲੀ ਥਾਂ 'ਤੇ ਹਾਈ ਸਕਿਓਰਿਟੀ ਪਲੇਟਾਂ ਲਾਉਣ ਦਾ ਕੰਮ ਆਉਣ ਵਾਲੇ 8-10 ਦਿਨਾਂ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਆਰ. ਟੀ. ਏ. ਦਫਤਰ 'ਚ ਪਲੇਟਾਂ ਲਾਉਣ ਲਈ ਜਗ੍ਹਾ ਮੁਹੱਈਆ ਕਰਵਾਉਣ ਲਈ ਕਿਹਾ ਜਾ ਰਿਹਾ ਸੀ। ਇਸ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਤੋਂ ਆਈਆਂ ਹਦਾਇਤਾਂ ਅਨੁਸਾਰ ਕੰਪਨੀ ਨੂੰ ਸ਼ਹਿਰ ਦੇ ਵਿਚਕਾਰ ਭੀੜ-ਭਾੜ ਵਾਲੇ ਇਲਾਕੇ 'ਚ ਥਾਂ ਦੇਣ ਦੀ ਥਾਂ ਥੋੜ੍ਹੀ ਦੂਰ ਕੋਈ ਖੁਲ੍ਹੀ ਥਾਂ ਲੱਭਣ ਲਈ ਕਿਹਾ ਗਿਆ ਸੀ ਤਾਂ ਜੋ ਉਨ੍ਹਾਂ ਦਾ ਕੰਮ ਕਿਸੇ ਪ੍ਰੇਸ਼ਾਨੀ ਦੇ ਜਾਰੀ ਰਹਿ ਸਕੇ।