ਮਨਪ੍ਰੀਤ ਦੀਆਂ ਕੋਸ਼ਿਸ਼ਾਂ ਨਾਲ ਸਾਰੇ ਵਰਗਾਂ ਦੇ ਲੋਕਾਂ ਨੂੰ ਲਾਭ ਮਿਲੇਗਾ : ਕਾਂਗਰਸ

Wednesday, Feb 20, 2019 - 09:50 AM (IST)

ਮਨਪ੍ਰੀਤ ਦੀਆਂ ਕੋਸ਼ਿਸ਼ਾਂ ਨਾਲ ਸਾਰੇ ਵਰਗਾਂ ਦੇ ਲੋਕਾਂ ਨੂੰ ਲਾਭ ਮਿਲੇਗਾ : ਕਾਂਗਰਸ

ਜਲੰਧਰ (ਚੋਪੜਾ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿੱਤ ਵਰ੍ਹੇ 2019-20 ਲਈ ਸੂਬੇ ਦਾ ਕੁਲ 1,58,493 ਕਰੋੜ ਰੁਪਏ ਦੇ ਖਰਚ ਦਾ ਬਜਟ ਪੇਸ਼ ਕੀਤਾ, ਜਿਸ ਨੂੰ ਲੈ ਕੇ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਮਨਪ੍ਰੀਤ ਦੀਆਂ ਕੋਸ਼ਿਸ਼ਾਂ ਨਾਲ ਸਾਰੇ ਵਰਗਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤਾ ਬਜਟ ਸੂਬੇ ਦੇ ਨਵ-ਨਿਰਮਾਣ ਵਿਜ਼ਨ ਨੂੰ ਦਰਸਾਉਂਦਾ ਹੈ। ਬਜਟ ਵਿਚ ਹਰ ਖੇਤਰ ਨੂੰ ਪ੍ਰਮੁੱਖਤਾ ਨਾਲ ਲਿਆ ਗਿਆ ਹੈ। ਕੋਈ ਨਵਾਂ ਟੈਕਸ ਨਾ ਲਾ ਕੇ ਗਰੀਬਾਂ ਤੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਸ਼ਹਿਰੀਆਂ, ਇੰਡਸਟਰੀ, ਨੌਜਵਾਨਾਂ ਸਣੇ ਹਰੇਕ ਵਰਗ ਦੇ ਹਿੱਤਾਂ ਦਾ ਧਿਆਨ ਰੱਖਿਆ ਗਿਆ ਹੈ। ਬੇਰੀ ਨੇ ਕਿਹਾ ਕਿ ਪੈਟਰੋਲ-ਡੀਜ਼ਲ ਵਿਚ ਦਿੱਤੀ ਰਿਆਇਤ ਨਾਲ ਹਰੇਕ ਵਰਗ ਨੂੰ ਲਾਭ ਮਿਲੇਗਾ। ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਇਕ ਓਵਰਬ੍ਰਿਜ ਅਤੇ ਜ਼ਿਲੇ ਵਿਚ ਇਕ ਹਾਕੀ ਸਟੇਡੀਅਮ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਗਾਂ ਲਈ ਖੁਸ਼ਹਾਲੀ ਤੇ ਵਿਕਾਸ ਦਾ ਬਜਟ : ਜੈ ਕਿਸ਼ਨ ਸੈਣੀ
ਨਗਰ ਨਿਗਮ ਦੇ ਸਾਬਕਾ ਮੇਅਰ ਅਤੇ ਸਾਬਕਾ ਮੰਤਰੀ ਜੈ ਕਿਸ਼ਨ ਸੈਣੀ ਨੇ ਅੱਜ ਪੇਸ਼ ਕੀਤੇ ਬਜਟ ਨੂੰ ਉਦਯੋਗਾਂ ਲਈ ਖੁਸ਼ਹਾਲੀ ਤੇ ਵਿਕਾਸ ਦਾ ਬਜਟ ਦੱਸਿਆ। ਸ਼੍ਰੀ ਸੈਣੀ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਮੇਕ ਇਨ ਪੰਜਾਬ ਪਾਲਿਸੀ ਤਹਿਤ ਸਰਕਾਰੀ ਖਰੀਦ ਆਰਡਰ ਵਿਚ ਸਥਾਨਕ ਸਪਲਾਈ ਕਰਤਾਵਾਂ ਨੂੰ ਕੁੱਲ ਮਾਤਰਾ ਦੀ 50 ਫੀਸਦੀ ਰਿਆਇਤੀ ਬਿਜਲੀ ਪੰਜਾਬ ਦੇ ਉਦਯੋਗਾਂ ਨੂੰ ਦੇਣ ਪ੍ਰਤੀ ਆਪਣੀ ਵਚਨਬੱਧਤਾ ਦੋਹਰਾਈ ਹੈ, ਜਿਸ ਲਈ ਸਰਕਾਰ ਨੇ 1513 ਕਰੋੜ ਰੁਪਏ ਦੀ ਵਿਵਸਥਾ ਰੱਖੀ ਹੈ।
ਸਿਹਤ, ਸਿੱਖਿਆ ਤੇ ਸ਼ਹਿਰੀ ਬੁਨਿਆਦੀ ਸਹੂਲਤਾਂ 'ਤੇ ਜ਼ੋਰ ਦਿੱਤਾ : ਡਾ. ਜਸਲੀਨ ਸੇਠੀ
ਸੂਬਾ ਕਾਂਗਰਸ ਦੀ ਬੁਲਾਰਨ ਅਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਕਿਹਾ ਕਿ ਵਿੱਤ ਮੰਤਰੀ ਨੇ ਬਜਟ ਵਿਚ ਆਰਥਿਕ ਸਮੱਸਿਆਵਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਬਜਟ ਵਿਚ ਸਿਹਤ, ਸਿੱਖਿਆ, ਪੇਂਡੂ ਤੇ ਸ਼ਹਿਰੀ ਮੁਢਲੀਆਂ ਸਹੂਲਤਾਂ 'ਤੇ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਸਹੂਲਤਾਂ ਲਈ ਬਜਟ ਵਿਚ 9 ਤੋਂ ਲੈ ਕੇ 36 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਇੰਡਸਟਰੀ ਨੂੰ ਸਬਸਿਡੀ ਦੇ ਕੇ ਰਾਹਤ ਦਿੱਤੀ ਹੈ। ਸਿਹਤ ਸੇਵਾਵਾਂ ਲਈ ਫੰਡ ਰੱਖ ਕੇ ਗਰੀਬੀ ਰੇਖਾ ਤੋਂ ਹੇਠਾਂ 42 ਲੱਖ ਪਰਿਵਾਰ ਕਵਰ ਕੀਤੇ ਜਾਣਗੇ। ਇਨਫਰਾਸਟਰੱਕਚਰ ਲਈ ਰੂਰਲ ਵਿਚ 36 ਫੀਸਦੀ ਅਤੇ ਅਰਬਨ ਵਿਚ 19 ਫੀਸਦੀ ਵਾਧਾ ਸ਼ਲਾਘਾਯੋਗ ਕਦਮ ਹੈ। ਅੱਜ ਪੇਸ਼ ਕੀਤੇ ਬਜਟ ਤੋਂ ਪੰਜਾਬ ਦਾ ਹਰੇਕ ਵਰਗ ਖੁਸ਼ ਹੈ।
ਕਿਸਾਨਾਂ ਲਈ ਬਜਟ ਬੇਹੱਦ ਲਾਹੇਵੰਦ : ਕੈਪ. ਹਰਮਿੰਦਰ ਸਿੰਘ
ਜ਼ਿਲਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਪੇਸ਼ ਕੀਤਾ ਬਜਟ ਕਿਸਾਨਾਂ ਲਈ ਬੇਹੱਦ ਲਾਹੇਵੰਦ ਹੈ। ਕੈਪਟਨ ਅਮਰਿੰਦਰ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਕ ਪਿਛਲੇ 2 ਸਾਲਾਂ ਵਿਚ ਖੇਤੀ ਕਰਜ਼ਾ ਮੁਆਫੀ ਯੋਜਨਾ ਦੇ ਤਹਿਤ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ 2 ਲੱਖ ਰੁਪਏ ਦੇ ਕਰਜ਼ੇ ਮੁਆਫ ਕੀਤੇ, ਜਿਸ ਦੇ ਲਈ ਪੰਜਾਬ ਸਰਕਾਰ ਨੇ ਹੁਣ ਤੱਕ 4736 ਕਰੋੜ ਰੁਪਏ ਖਰਚ ਕੀਤੇ ਹਨ ਪਰ ਹੁਣ ਸਰਕਾਰ ਖੇਤੀ ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰੇਗੀ। ਇਸ ਦੇ ਲਈ ਬਜਟ ਵਿਚ ਲਗਭਗ 3 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਬਾਦੀ ਕੰਢੇ ਪਹੁੰਚ ਚੁੱਕੇ ਕਿਸਾਨਾਂ ਨੂੰ ਬਚਾਉਣ ਦਾ ਸਿਹਰਾ ਕਾਂਗਰਸ ਨੂੰ ਜਾਂਦਾ ਹੈ।
ਵਿੱਤ ਮੰਤਰੀ ਨੇ ਵਿਕਾਸ ਨੂੰ ਰਫਤਾਰ ਦੇਣ ਵਾਲਾ ਬਜਟ ਪੇਸ਼ ਕੀਤਾ : ਦਲਜੀਤ ਆਹਲੂਵਾਲੀਆ
ਜ਼ਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਆਮ ਬਜਟ ਨੂੰ ਵਿਕਾਸ ਨੂੰ ਰਫਤਾਰ ਦੇਣ ਵਾਲਾ ਬਜਟ ਦੱਸਦਿਆਂ ਕਿਹਾ ਕਿ ਸਰਕਾਰ ਨੇ ਗਰੀਬ ਤਬਕੇ, ਕਿਸਾਨਾਂ ਤੇ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਲੋੜੀਂਦੀ ਬਜਟ ਰਾਸ਼ੀ ਦੀ ਵਿਵਸਥਾ ਕੀਤੀ ਹੈ। ਸਮਾਜਿਕ ਸੁਰੱਖਿਆ 'ਤੇ ਖਾਸ ਧਿਆਨ ਦਿੰਦਿਆਂ ਸਰਕਾਰ ਨੇ ਗਰੀਬਾਂ ਤੇ ਬਜ਼ੁਰਗਾਂ ਲਈ ਭਲਾਈ ਸਕੀਮਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕਰ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਰਕਾਰ ਦੇ ਏਜੰਡੇ ਵਿਚ ਆਮ ਆਦਮੀ ਦਾ ਹਿੱਤ ਸਭ ਤੋਂ ਉੱਪਰ ਹੈ।
ਹਰ ਵਰਗ ਨੂੰ ਬਜਟ 'ਚ ਰਾਹਤ ਦੇਣ ਦੀ ਕੋਸ਼ਿਸ਼ : ਸਰਦਾਰੀ ਲਾਲ ਭਗਤ
ਪੰਜਾਬ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਸਰਦਾਰੀ ਲਾਲ ਭਗਤ ਨੇ ਕਿਹਾ ਕਿ ਅੱਜ ਪੇਸ਼ ਕੀਤੇ ਸ਼ਾਨਦਾਰ ਬਜਟ ਲਈ ਵਿੱਤ ਮੰਤਰੀ ਬਾਦਲ ਵਧਾਈ ਦੇ ਪਾਤਰ ਹਨ। ਭਗਤ ਨੇ ਕਿਹਾ ਕਿ ਬਜਟ ਵਿਚ ਅਜਿਹਾ ਕੋਈ ਵਰਗ ਅਛੂਤਾ ਨਹੀਂ ਰਿਹਾ ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਰਾਹਤ ਨਾ ਮਿਲੀ ਹੋਵੇ। ਵਿੱਤ ਮੰਤਰੀ ਨੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਦਾ ਵੀ ਖਾਸ ਧਿਆਨ ਰੱਖਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਸਰਕਾਰ ਦੀਆਂ ਤਰਜੀਹਾਂ ਦਰਸਾਉਂਦੀਆਂ ਹਨ ਕਿ ਇਸ ਨਾਲ ਪੰਜਾਬ ਦੀ ਅਰਥਵਿਵਸਥਾ ਵਿਚ ਤੇਜ਼ੀ ਨਾਲ ਵਿਕਾਸ ਹੋਵੇ ਅਤੇ ਸਮਾਜਿਕ ਸਮਾਨਤਾ ਦਾ ਟੀਚਾ ਵੀ ਹਾਸਲ ਕੀਤਾ ਜਾ ਸਕੇ।
ਪੰਜਾਬ ਸਰਕਾਰ ਦਾ ਤੀਜਾ ਬਜਟ ਹੈ ਵਿਕਾਸ ਦੀ ਤਸਵੀਰ : ਕਮਲਜੀਤ ਓਹਰੀ
ਸੂਬਾ ਕਾਂਗਰਸ ਦੇ ਸਕੱਤਰ ਕਮਲਜੀਤ ਓਹਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਤੀਜਾ ਬਜਟ ਵਿਕਾਸ ਦੀ ਤਸਵੀਰ ਹੈ, ਜਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਖੋਖਲਾ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਤਰ੍ਹਾਂ ਪੰਜਾਬ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਹੈ। ਸਿਰਫ ਦੋ ਸਾਲਾਂ ਦੇ ਰਾਜ ਦੌਰਾਨ ਜਿਥੇ ਮਾਲੀਏ ਨੂੰ ਹੋਏ ਨੁਕਸਾਨ ਦੀ ਦਰ 12 ਤੋਂ 3.4 ਫੀਸਦੀ ਤਕ ਲਿਆ ਦਿੱਤੀ, ਉਥੇ ਲੋਕਾਂ ਲਈ ਸਹੂਲਤਾਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਦਰਮਿਆਨੇ ਤੇ ਕਮਜ਼ੋਰ ਵਰਗ ਦੇ ਵਿਕਾਸ ਸਣੇ ਸਾਰੇ ਵਰਗਾਂ ਦੀਆਂ ਲੋੜਾਂ ਦਾ ਧਿਆਨ ਇਸ ਬਜਟ ਵਿਚ ਰੱਖਿਆ ਗਿਆ ਹੈ।


author

rajwinder kaur

Content Editor

Related News