ਛਿੱਕੇ ਟੰਗਿਆ ‘ਜਨਤਾ ਕਰਫਿਊ’, ਕੈਨੇਡੀਅਨ ਭਰਾ ਸਣੇ ਬਰਾਤ ਲੈ ਲਾੜੀ ਵਿਆਹੁਣ ਨਿਕਲਿਆ ਲਾੜਾ
Sunday, Mar 22, 2020 - 05:04 PM (IST)
ਜਲਾਲਾਬਾਦ, ਗੁਰੂਹਰਸਹਾਏ (ਸੇਤੀਆ, ਆਵਲਾ, ਸੁਮਿਤ, ਟੀਨੂੰ) - ਭਾਰਤ ਸਰਕਾਰ ਦੇ ਨਿਰਦੇਸ਼ਾਂ ਅਧੀਨ ਜਨਤਾ ਕਰਫਿਊ ਦਾ ਕੁਝ ਕੁ ਲੋਕਾਂ ’ਤੇ ਅਸਰ ਦਿਖਾਈ ਨਹੀਂ ਦੇ ਰਿਹਾ। ਇਸ ਦੀ ਤਾਜ਼ਾ ਮਿਸਾਲ ਐਤਵਾਰ ਜਲਾਲਾਬਾਦ ਦੇ ਪਿੰਡ ਤਾਰੇਵਾਲਾ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਗੁਰੂਹਸਹਾਏ ਹਲਕੇ ਨਾਲ ਸੰਬੰਧਤ ਹਾਜੀਬੇਟੂ ਤੋਂ ਬਰਾਤ ਲੈ ਲਾੜਾ ਆਪਣੇ ਕੈਨੇਡਾ ਤੋਂ ਆਏ ਭਰਾ ਨਾਲ ਪਿੰਡ ਤਾਰੇਵਾਲਾ ਪੁੱਜਾ। ਬਾਰਾਤ ਲੈ ਕੇ ਪਿੰਡ ਪੁੱਜਣ ’ਤੇ ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ ਬਣ ਗਿਆ। ਪਿੰਡ ਦੇ ਲੋਕਾਂ ਨੇ ਇਸ ਦੀ ਜਾਣਕਾਰੀ ਥਾਣਾ ਵੈਰੋਕਾ ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਵੈਰੋਕਾ ਦੇ ਪੁਲਸ ਮੁਖੀ ਅੰਗਰੇਜ ਕੁਮਾਰ ਪੁਲਸ ਪਾਰਟੀ ਸਣੇ ਉਕਤ ਸਥਾਨ ’ਤੇ ਪਹੁੰਚ ਗਏ, ਜਿਥੇ ਉਨ੍ਹਾਂ ਨੇ ਵਿਦੇਸ਼ ਤੋਂ ਆਏ ਵਿਅਕਤੀ ਦੀ ਜਾਂਚ ਪੜਤਾਲ ਕੀਤੀ। ਦੂਜੇ ਪਾਸੇ ਗੁਰੂਹਸਹਾਏ ਹਲਕੇ ਨਾਲ ਸਬੰਧਤ ਥਾਣਾ ਗੁਰੂਹਸਹਾਏ ਦੀ ਪੁਲਸ ਨੂੰ ਵੀ ਉਨ੍ਹਾਂ ਨੇ ਸੂਚਨਾ ਦੇ ਦਿੱਤੀ। ਇਸ ਤੋਂ ਬਾਅਦ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਵੀ ਉਕਤ ਨਾਗਰਿਕ ਨੂੰ ਜਾਂਚ ਟਰਾਇਲ ਪੂਰਾ ਹੋਣ ਤੱਕ ਆਈਸੋਲੇਟ ਕਰਨ ਦੀ ਹਿਦਾਇਤ ਦੇ ਦਿੱਤੀ।
ਦੱਸ ਦੇਈਏ ਕਿ ਪੁਲਸ ਨੇ ਵਿਦੇਸ਼ ਤੋਂ ਆਏ ਲਾੜੇ ਦੇ ਭਰਾ ਨੂੰ ਹੀ ਨਹੀਂ ਸਗੋਂ ਬਰਾਤ 'ਚ ਸ਼ਾਮਲ ਹੋਣ ਲਈ ਆਏ ਸਾਰੇ ਲੋਕਾਂ ਨੂੰ ਵੀ ਸਖਤ ਹਿਦਾਇਤ ਕੀਤੀ ਕਿ ਅਜਿਹਾ ਇਕੱਠ ਨਾ ਕੀਤਾ ਜਾਵੇ, ਜੋ ਕਾਨੂੰਨ ਦੀ ਉਲੰਘਣਾ ਕਰਦਾ ਹੋਵੇ।
ਪੜ੍ਹੋ ਇਹ ਖਬਰ - ਮੁਸਲਿਮ ਮੁੰਡੇ ਨੇ ਜਿੱਤਿਆ ਪੰਜਾਬੀਆਂ ਦਾ ਦਿਲ, ਦਸਤਾਰ ਬੰਨ੍ਹ ਕਰਵਾਇਆ ਵਿਆਹ (ਵੀਡੀਓ)
ਪੜ੍ਹੋ ਇਹ ਖਬਰ - ਮਹਿੰਗੇ ਵਿਆਹਾਂ ਨੂੰ ਮਾਤ ਪਾਉਂਦੈ ਇਹ ਸਾਦਾ ਵਿਆਹ, ਸਕੂਟਰੀ 'ਤੇ ਲਿਆਇਆ ਡੋਲੀ (ਵੀਡੀਓ)