ਐੱਸ.ਡੀ.ਐੱਮ. ਦੇ ਭਰੋਸੇ ''ਤੇ ਪੀ.ਆਰ.ਟੀ.ਸੀ. ਦੇ ਨੌਜਵਾਨਾਂ ਨੇ ਚੁੱਕਿਆ ਧਰਨਾ
Monday, Jul 29, 2019 - 04:44 PM (IST)

ਜਲਾਲਾਬਾਦ (ਸੇਤੀਆ, ਸੁਮਿਤ, ਨਿਖੰਜ, ਜਤਿੰਦਰ) - ਪੀ.ਆਰ.ਟੀ.ਸੀ. ਜਹਾਨਖੇੜਾ ਤੋਂ ਪੰਜਾਬ ਪੁਲਸ ਦੀ ਟ੍ਰੇਨਿੰਗ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਭੁੱਖ-ਹੜਤਾਲ 'ਤੇ ਬੈਠੇ ਹੋਏ ਸਨ, ਜਿਨ੍ਹਾਂ ਨੇ ਐੱਸ.ਡੀ.ਐੱਮ. ਦੇ ਭਰੋਸੇ 'ਤੇ ਹੜਤਾਲ ਖਤਮ ਕਰ ਦਿੱਤੀ ਹੈ। ਐੱਸ.ਡੀ.ਐੱਮ. ਕੇਸ਼ਵ ਗੋਇਲ ਨਾਲ ਇਸ ਮੌਕੇ ਡੀ.ਐੱਸ.ਪੀ. ਅਮਰਜੀਤ ਸਿੰਘ ਸਿੱਧੂ ਵੀ ਮੌਜੂਦ ਸਨ। ਐੱਸ.ਡੀ.ਐੱਮ. ਨੇ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਅਤੇ ਉਪ ਪ੍ਰਧਾਨ ਰੇਸ਼ਮ ਸਿੰਘ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਯੂਨੀਅਨ ਦੀ ਹਰ ਮੰਗ ਨੂੰ ਪੂਰਾ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਯੂਨੀਅਨ ਨੇ ਧਰਨਾ ਖਤਮ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰੰਗਾਂ ਨੂੰ ਪੂਰਾ ਨਾ ਕੀਤਾ ਤਾਂ ਭਵਿੱਖ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਨੇ ਕਿਹਾ ਕਿ ਪੰਜਾਬ ਪੁਲਸ ਟ੍ਰੇਨਿੰਗ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰ ਵਲੋਂ ਨੌਕਰੀਆਂ ਦੇ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ। ਦੱਸਣਯੋਗ ਹੈ ਕਿ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਯੂਨੀਅਨ ਦੇ 3 ਸਾਥੀ ਭੁੱਖ ਹੜਤਾਲ ਅਤੇ ਦੋ ਸਾਥੀ ਮਰਨ ਮਰਤ 'ਤੇ ਬੈਠੇ ਹੋਏ ਸਨ। ਐਤਵਾਰ ਨੂੰ ਇਨ੍ਹਾਂ 'ਚ ਦੋ ਸਾਥੀਆਂ ਦੀ ਹਾਲਤ ਖਰਾਬ ਹੋ ਗਈ ਸੀ, ਜਿੰਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਰੋਸ ਧਰਨੇ 'ਤੇ ਬੈਠੇ ਨੌਜਵਾਨਾਂ ਦੀ ਹਾਲਤ ਖਰਾਬ ਹੋਣ ਮਗਰੋਂ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਸ਼ਮੂਲੀਅਤ ਕੀਤੀ ਅਤੇ ਨੌਜਵਾਨਾਂ ਨੂੰ ਭਰੋਸਾ ਦੇ ਕੇ ਧਰਨਾ ਚੁੱਕਵਾਇਆ ।