ਬਦਮਾਸ਼ਾਂ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ ''ਚ ਜਲਾਲਾਬਾਦ ਪੁੱਜੀ ਵਿਸ਼ੇਸ਼ ਜਾਂਚ ਟੀਮ
Friday, Jan 31, 2020 - 03:52 PM (IST)
ਜਲਾਲਾਬਾਦ (ਸੇਤੀਆ) - ਮੋਹਾਲੀ ਦੇ ਥਾਣਾ-8 ਫੇਜ਼ 'ਚ ਨਾਮਜ਼ਦ ਬੁੱਢਾ ਬਦਮਾਸ਼ ਦੀ ਗ੍ਰਿਫਤਾਰੀ ਮਗਰੋਂ ਬਦਮਾਸ਼ਾਂ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ 'ਚ ਸੀ.ਆਈ. ਤੇ ਓਕੂ ਟੀਮ ਜਲਾਲਾਬਾਦ ਪੁੱਜੀ। ਜਲਾਲਾਬਾਦ ਪਹੁੰਚ ਕੇ ਟੀਮ ਦੇ ਅਧਿਕਾਰੀ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਕਪਿਲ ਗੰਨ ਹਾਊਸ ’ਤੇ ਪਹੁੰਚ ਗਏ। ਦੱਸਣਯੋਗ ਹੈ ਕਿ ਬੁੱਢਾ ਬਦਮਾਸ਼ ਵਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਉਹ ਹਥਿਆਰਾਂ ਦੀ ਸਪਲਾਈ ਜਲਾਲਾਬਾਦ ਤੋਂ ਲੈਂਦੇ ਹਨ। ਇਸ ਮਾਮਲੇ ਦੇ ਸਬੰਧ ’ਚ ਜਾਂਚ ਟੀਮ ਨੇ ਕਪਿਲ ਗੰਨ ਹਾਊਸ ਦੇ ਸੰਚਾਲਕ ਕਪਿਲ ਦੇਵ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਸ਼ੁੱਕਰਵਾਰ ਨੂੰ ਜਾਂਚ ਟੀਮ ਸਬ ਇੰਸਪੈਕਟਰ ਸੀ.ਆਈ. ਮਲਕੀਤ ਸਿੰਘ ਅਤੇ ਓਕੂ ਦੇ ਦੀਪਕ ਰਾਣਾ ਦੀ ਅਗਵਾਈ ਹੇਠ ਜਲਾਲਾਬਾਦ ਪੁੱਜੀ।
ਜਲਾਲਾਬਾਦ ਪਹੁੰਚ ਕੇ ਉਨ੍ਹਾਂ ਨੇ ਕਪਿਲ ਗੰਨ ਹਾਊਸ ਦੇ ਦੋਸ਼ੀ ਪਾਸੋਂ ਤਾਲਾ ਖੁਲਵਾ ਕੇ ਅੰਦਰ ਪਏ ਹਥਿਆਰਾਂ ਦੀ ਜਾਂਚ ਪੜਤਾਲ ਕੀਤੀ। ਦੂਜੇ ਪਾਸੇ ਸਮਾਚਾਰ ਲਿਖੇ ਜਾਣ ਤੱਕ ਜਾਂਚ ਟੀਮ ਵਲੋਂ ਸਰਚ ਅਭਿਆਨ ਜਾਰੀ ਸੀ। ਉਨ੍ਹਾਂ ਨੇ ਗਨ ਹਾਊਸ ਦਾ ਸ਼ਟਰ ਹੇਠਾਂ ਕਰਨ ਮਗਰੋਂ ਪੱਤਰਕਾਰਾਂ ਨੂੰ ਮਾਮਲੇ ਦੀ ਜਾਂਚ ਦੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ।