ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਦਰਜ਼ਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ''ਚ ਹੋਏ ਸ਼ਾਮਲ
Friday, May 10, 2019 - 01:18 PM (IST)

ਜਲਾਲਾਬਾਦ (ਟਿੰਕੂ ਨਿਖੰਜ) - 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਜਾ ਰਹੀ ਚੋਣ ਮੁਹਿੰਮ ਦੌਰਾਨ ਲੋਕ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਹਲਕਾ ਜਲਾਲਾਬਾਦ 'ਚ ਕੀਤੇ ਸਰਬ ਪੱਖੀ ਵਿਕਾਸ ਨੂੰ ਵੇਖਦਿਆਂ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਿਰ ਕੱਢ ਆਗੂ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ। ਇਸੇ ਤਰ੍ਹਾਂ ਹਲਕੇ ਦੇ ਪਿੰਡ ਬੈਲਰ 'ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋ ਦਰਜ਼ਨਾਂ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋ ਗਏ।
ਸ਼੍ਰੋਮਣੀ ਅਕਾਲੀ ਦਲ 'ਚ ਪਿੰਡ ਬੈਲਰ ਦੇ ਪਰਿਵਾਰਾਂ 'ਚੋਂ ਕਾਲਾ ਨਾਗਪਾਲ, ਹਰਜਿੰਦਰ ਸਿੰਘ, ਭਜਨ ਸਿੰਘ ਮਿਸਤਰੀ, ਰਾਜ ਸਿੰਘ, ਪਰਮਜੀਤ ਸਿੰਘ, ਪ੍ਰੀਤਮ ਸਿੰਘ ਆਦਿ ਸ਼ਾਮਲ ਹੋਏ ਹਨ, ਜਿਨ੍ਹਾਂ ਨੂੰ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਸਿਰੋਪਾ ਪਾ ਕੇ ਪਾਰਟੀ 'ਚ ਸ਼ਾਮਲ ਕੀਤਾ। ਇਸ ਮੌਕੇ ਸਤਿੰਦਰਜੀਤ ਸਿੰਘ ਮੰਟਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਚੋਣ ਮੁਹਿੰਮ ਦੌਰਾਨ ਉਹ ਹਲਕੇ ਦੇ ਕਰੀਬ ਹਰ ਪਿੰਡ 'ਚ ਵਿਚਰੇ ਹਨ ਅਤੇ ਹਰੇਕ ਵਰਗ ਦੇ ਲੋਕਾਂ ਵਲੋਂ ਸੁਖਬੀਰ ਬਾਦਲ ਦੇ ਹੱਕ 'ਚ ਵੱਡੀ ਹਮਾਇਤ ਦਿੱਤੀ ਜਾ ਰਹੀ ਹੈ। ਮੰਟਾ ਨੇ ਕਿਹਾ ਕਿ ਹਲਕਾ ਜਲਾਲਾਬਾਦ ਦੇ ਲੋਕਾਂ ਨੇ ਇਸ ਇਲਾਕੇ ਦਾ ਵਿਕਾਸ ਹੁੰਦਿਆਂ ਆਪਣੇ ਅੱਖੀਂ ਵੇਖਿਆ ਹੈ ਪਰ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੁਖਬੀਰ ਬਾਦਲ ਦੀ ਕਥਨੀ ਤੇ ਕਰਨੀ 'ਚ ਕੋਈ ਫਰਕ ਨਹੀਂ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਪੂਰਨ ਸਿੰਘ ਮੁਜੈਦੀਆ, ਜਥੇਦਾਰ ਕਿੱਕਰ ਸਿੰਘ ਨੰਬਰਦਾਰ ਅਤੇ ਹੋਰ ਵਰਕਰ ਹਾਜ਼ਰ ਸਨ।