ਚਿੱਟਾ ਜ਼ਹਿਰ ਵੇਚਣ ਵਾਲੇ ਹਲਵਾਈਆਂ ਤੇ ਡੇਅਰੀ ਸੰਚਾਲਕਾਂ ਨੂੰ ਸਿਵਿਲ ਸਰਜਨ ਨੇ ਦਿੱਤੀ ਚੇਤਾਵਨੀ

09/11/2019 5:14:33 PM

ਜਲਾਲਾਬਾਦ (ਸੇਤੀਆ, ਸੁਮਿਤ) - ਤੰਦਰੁਸਤ ਮਿਸ਼ਨ ਪੰਜਾਬ ਦਾ ਮਕਸਦ ਜਿੱਥੇ ਲੋਕਾਂ ਨੂੰ ਚੰਗੀਆਂ ਖਾਣ-ਪੀਣ ਦੀਆਂ ਚੀਜਾਂ ਮੁਹੱਈਆ ਕਰਵਾਉਣਾ ਹੈ, ਉਥੇ ਹੀ ਸਰਕਾਰ ਦੇ ਇਸ ਮਿਸ਼ਨ 'ਚ ਸਿਆਸੀ ਨੁਮਾਇੰਦੇ ਅੜਿੱਕਾ ਬਣ ਰਹੇ ਹਨ। ਇਹ ਵਿਚਾਰ ਜ਼ਿਲਾ ਫਾਜ਼ਿਲਕਾ ਦੇ ਸਿਵਿਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਬੀਤੇ ਦਿਨੀਂ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਆਮ ਲੋਕ, ਜੋ ਘਰਾਂ 'ਚ ਬਾਜ਼ਾਰ ਦਾ ਦੁੱਧ ਦਾ ਪ੍ਰਯੋਗ ਕਰ ਰਹੇ ਹਨ, ਉਹ ਦੁੱਧ ਨਹੀਂ ਸਗੋਂ ਚਿੱਟਾ ਜ਼ਹਿਰ ਹੈ। ਇਸ ਸੰਬੰਧੀ ਸਬੰਧਤ ਵਿਭਾਗ ਜਦੋਂ ਸਖਤੀ ਨਾਲ ਕਾਰਵਾਈ ਕਰਦਾ ਹੈ ਤਾਂ ਸਿਆਸੀ ਤੇ ਹੋਰ ਜਥੇਬੰਧਕ ਸਿਫਾਰਿਸ਼ਾਂ ਕਾਰਵਾਈ 'ਚ ਅੜਿੱਕਾ ਬਣ ਜਾਂਦੀਆਂ ਹਨ। ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਕਿ ਜਲਾਲਾਬਾਦ 'ਚ ਪਿਛਲੇ ਲੰਬੇ ਸਮੇਂ ਤੋਂ ਖਾਣ-ਪੀਣ ਅਤੇ ਦੁੱਧ-ਪਨੀਰ ਦੀ ਸੈਂਪਲਿੰਗ ਨਹੀਂ ਹੋਈ ਅਤੇ ਨਾ ਹੀ ਮਸਾਲਿਆਂ ਦੀ ਚੈਕਿੰਗ ਹੋ ਰਹੀ ਹੈ, ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮਿਲਾਵਟੀ ਚੀਜਾਂ 'ਤੇ ਨਕੇਲ ਪਾਉਣ ਲਈ ਸਿਆਸੀ ਜ਼ਿੰਮੇਵਾਰ ਲੋਕਾਂ ਦੀਆਂ ਸਿਫਾਰਿਸ਼ਾਂ ਬੰਦ ਕਰਨੀਆਂ ਪੈਣਗੀਆਂ।

ਇਸ ਮਾਮਲੇ ਦੇ ਸਬੰਧ 'ਚ ਜੇਕਰ ਕੋਈ ਅਫਸਰ ਕਾਰਵਾਈ ਕਰਦਾ ਹੈ ਤਾਂ ਸਿਆਸੀ ਤਾਕਤ ਰੱਖਣ ਵਾਲੇ ਲੋਕ ਇਨ੍ਹਾਂ ਅਫਸਰਾਂ ਨੂੰ ਮੌਕੇ 'ਤੇ ਹੀ ਦਬਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਦੁੱਧ, ਪਨੀਰ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜਾਂ ਦੇ 5 ਸੈਂਪਲ ਭਰੇ ਗਏ ਸਨ, ਜਿਸ ਦੇ ਬਾਰੇ ਪਤਾ ਲੱਗਣ 'ਤੇ ਇਕ ਸਿਆਸੀ ਵਿਅਕਤੀ ਨੇ ਅਜਿਹਾ ਕਰਨ ਤੋਂ ਰੋਕਣ ਲਈ ਕਿਹਾ, ਜਿਸ ਦੇ ਬਾਵਜੂਦ ਮੈਂ ਉਨ੍ਹਾਂ ਸੈਂਪਲਾਂ ਨੂੰ ਲੈਬ 'ਚ ਭੇਜ ਦਿੱਤਾ। ਉਨ੍ਹਾਂ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਮਿਠਾਈਆਂ 'ਚ ਰੰਗ ਦੀ ਵਰਤੋ ਹੋ ਰਹੀ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਦੁੱਧ ਵਿਕ੍ਰੇਤਾਵਾਂ, ਡੇਅਰੀ ਸੰਚਾਲਕਾਂ, ਹਲਵਾਈਆਂ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਨ੍ਹਾਂ ਚੀਜਾਂ 'ਚ ਮਿਲਾਵਟ ਅਤੇ ਰੰਗ ਪਾਉਣਾ ਛੱਡ ਦੇਣ ਨਹੀਂ ਤਾਂ ਇਸ ਦੇ ਅੰਜਾਮ ਬਹੁਤ ਬੁਰੇ ਹੋਣਗੇ। ਇਸ ਮੌਕੇ ਪ੍ਰਿੰਸੀਪਲ ਸੁਭਾਸ਼ ਸਿੰਘ, ਹਰੀਸ਼ ਸੇਤੀਆ, ਨੰਨੂ ਕੁੱਕੜ, ਡਾ. ਸ਼ਿਵ ਛਾਬੜਾ, ਦਵਿੰਦਰ ਕੁੱਕੜ ਆਦਿ ਮੌਜੂਦ ਸਨ।


rajwinder kaur

Content Editor

Related News