ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦਾਂ ਦੀ ਚੌਥੀ ਬਰਸੀ ਮੌਕੇ ਸਿੱਖ ਜਥੇਬੰਦੀਆਂ ਹੋਈਆਂ ਦੋਫਾੜ

10/15/2019 9:49:15 AM

ਜੈਤੋ (ਸਤਵਿੰਦਰ) - ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਦੀ ਚੌਥੀ ਬਰਸੀ ਮੌਕੇ ਸਿੱਖ ਜਥੇਬੰਦੀਆਂ ਦੋਫਾੜ ਨਜ਼ਰ ਆਈਆਂ ਅਤੇ ਦੋ ਵੱਖ-ਵੱਖ ਥਾਵਾਂ 'ਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਪਹਿਲੇ ਸਮਾਗਮ 'ਚ ਸਿਮਰਨਜੀਤ ਸਿੰਘ ਮਾਨ, ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਸ਼੍ਰੋਮਣੀ ਅਕਾਲੀ ਦਲ (ਅ), ਯੂਨਾਈਟਿਡ ਅਕਾਲੀ ਦਲ ਅਤੇ ਦਲ ਖਾਲਸਾ ਵਲੋਂ ਬਹਿਬਲ ਕਲਾਂ ਦੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦ ਦਾ ਸਰਬੱਤ ਖਾਲਸਾ ਹੋਂਦ 'ਚ ਆਇਆ ਹੈ, ਤਦ ਤੋਂ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਏਜੰਸੀਆਂ ਵਲੋਂ ਬਰਗਾੜੀ ਇਨਸਾਫ਼ ਮੋਰਚੇ ਨੂੰ ਫੇਲ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਗਈਆਂ। ਸਿੱਖ ਕੌਮ ਇਨਸਾਫ਼ ਮੋਰਚੇ ਦੀਆਂ ਪ੍ਰਾਪਤੀਆਂ ਤੋਂ ਖੁਸ਼ ਨਹੀਂ, ਜਿਸ ਤਰ੍ਹਾਂ ਸਰਕਾਰ ਦੇ ਦੋ ਵਜ਼ੀਰਾਂ ਦੀਆਂ ਗੱਲਾਂ 'ਚ ਆ ਕੇ ਕਾਹਲੀ 'ਚ ਮੋਰਚਾ ਚੁੱਕਿਆ, ਉਹ ਠੀਕ ਨਹੀਂ ਹੋਇਆ। ਇਸ ਲਈ ਉਹ ਸਿੱਖ ਕੌਮ ਤੋਂ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਸਾਰੀ ਸਿੱਖ ਕੌਮ ਆਪਣੇ ਗੁਰੂਆਂ ਦੇ ਜਨਮ ਦਿਨ ਅਜ਼ਾਦੀ ਨਾਲ ਮਨਾਉਣਾ ਚਾਹੁੰਦੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ।

PunjabKesari

ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਦਾ ਡੁੱਲ੍ਹਿਆ ਖੂਨ ਸਾਨੂੰ ਇਸ ਗੱਲ ਦੀ ਯਾਦ ਦਿਵਾਉਂਦਾ ਰਹੇਗਾ ਕਿ ਸਰਕਾਰਾਂ ਕਿਸ ਤਰ੍ਹਾਂ ਸਿੱਖਾਂ ਉੱਪਰ ਜ਼ੁਲਮ ਕਰਦੀਆਂ ਰਹੀਆਂ ਹਨ, ਪਰ ਸਿੱਖ ਕੌਮ ਕਦੇ ਮੁਆਫ਼ ਨਹੀਂ ਕਰੇਗੀ। ਗੁਰਦੀਪ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਹੋਈਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲ ਜਾਣਾ ਹੀ ਪਵੇਗਾ, ਜਦ ਤੱਕ ਅਜਿਹਾ ਨਹੀਂ ਹੁੰਦਾ ਸਿੱਖ ਕੌਮ ਆਰਾਮ ਨਾਲ ਨਹੀਂ ਬੈਠੇਗੀ। ਸ਼ਰਧਾਂਜਲੀ ਸਮਾਗਮ ਤੋਂ ਬਾਅਦ ਗੁਰਦੁਆਰਾ ਟਿੱਬੀ ਸਾਹਿਬ ਤੋਂ ਥੋੜ੍ਹੀ ਦੂਰ ਜਿਥੇ ਗੋਲੀਕਾਂਡ ਵਾਪਰਿਆ ਸੀ, ਉਥੇ ਸਿਮਰਨਜੀਤ ਸਿੰਘ ਮਾਨ, ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਸਾਰੀ ਸੰਗਤ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਕੀਤੀ ਗਈ।

PunjabKesari
ਦੂਸਰਾ ਸਮਾਗਮ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਬਰਗਾੜੀ ਦੇ ਖੇਡ ਸਟੇਡੀਅਮ ਵਿਖੇ ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦਾਂ ਦੀ ਯਾਦ 'ਚ ਕਰਵਾਇਆ ਗਿਆ। ਭਾਈ ਦਾਦੂਵਾਲ ਨੇ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਚੋਰੀ ਕਰ ਕੇ ਬਰਗਾੜੀ ਦੀਆਂ ਗਲੀਆਂ 'ਚ ਖਿਲਾਰਿਆ ਗਿਆ, ਉਪਰੰਤ ਇਕ ਜੂਨ 2018 ਤੋਂ ਇਨਸਾਫ਼ ਮੋਰਚਾ ਬਰਗਾੜੀ ਦੀ ਧਰਤੀ ਵਿਖੇ ਸਿੱਖ ਸੰਗਤ ਦੇ ਸਹਿਯੋਗ ਨਾਲ ਲਾਇਆ ਗਿਆ , ਪਰ ਸਮੇਂ ਦੀਆਂ ਸਰਕਾਰਾਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ ਤੇ ਅੱਜ ਜੋ ਹਾਲਾਤ ਹਨ, ਉਹ ਸਭ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣੀ ਸਭ ਤੋਂ ਮੰਦਭਾਗੀ ਘਟਨਾ ਹੈ। ਸਰਕਾਰ ਦੋਸ਼ੀਆਂ ਨੂੰ ਸ਼ਹਿ ਦਿੰਦੀ ਰਹੀ ਤੇ ਸਿੱਖਾਂ ਨੂੰ ਗੋਲੀਆਂ, ਪਰ ਸਾਡੇ ਸ਼ਹੀਦਾਂ ਦਾ ਡੁੱਲ੍ਹਿਆ ਖੂਨ ਸਾਨੂੰ ਯਾਦ ਹੈ, ਅਸੀਂ ਭੁੱਲੇ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਗੋਲੀਕਾਂਡ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਆਪਣੇ ਵਾਅਦੇ ਤੋਂ ਪੂਰੀ ਤਰ੍ਹਾਂ ਮੁੱਕਰ ਗਿਆ ਹੈ। ਵਾਹਿਗੁਰੂ ਇਨਸਾਫ਼ ਕਰੇਗਾ, ਸਿੱਖ ਸੰਗਤ ਭਰੋਸਾ ਰੱਖੇ।

ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਅਸੀਂ ਸਿੱਖ ਨਸਲਕੁਸ਼ੀ ਤੋਂ ਲੈ ਕੇ ਹੁਣ ਤੱਕ ਇਨਸਾਫ਼ ਦੀ ਮੰਗ ਕਰਦੇ ਆ ਰਹੇ ਹਾਂ ਪਰ ਸਿੱਖ ਕੌਮ ਨੂੰ ਕਦੇ ਇਨਸਾਫ਼ ਨਹੀਂ ਮਿਲਿਆ, ਜਦ ਤੱਕ ਇਨਸਾਫ਼ ਨਹੀਂ ਮਿਲਦਾ, ਸਿੱਖ ਕੌਮ ਨੂੰ ਲੜਨਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਕਿ ਸਿੱਖਾਂ ਨੂੰ ਇਨਸਾਫ਼ ਮਿਲੇ। ਖਹਿਰਾ ਨੇ ਬਾਦਲਾਂ ਵਿਰੁੱਧ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਬਾਦਲਾਂ ਨੇ ਦਰਬਾਰ ਸਾਹਿਬ ਵਿਖੇ ਜਾ ਕੇ ਤਾਂ ਪਸ਼ਚਾਤਾਪ ਕਰ ਲਿਆ, ਪਰ ਕਦੇ ਇਨਸਾਫ਼ ਮੋਰਚੇ 'ਚ ਆ ਕੇ ਸੰਗਤ ਤੋਂ ਮੁਆਫ਼ੀ ਨਹੀਂ ਮੰਗੀ। ਉਨ੍ਹਾਂ ਕਿਹਾ ਕਿ ਸੰਗਤ ਕਦੇ ਵੀ ਕੈਪਟਨ ਤੇ ਬਾਦਲਾਂ ਨੂੰ ਮੁਆਫ਼ ਨਹੀਂ ਕਰੇਗੀ। ਇਸ ਮੌਕੇ ਦੋਹਾਂ ਸ਼ਹੀਦੀ ਸਮਾਗਮਾਂ 'ਚ ਸਿੱਖ ਸੰਗਤਾਂ ਦਾ ਭਾਰੀ ਇਕੱਠ ਹਾਜ਼ਰ ਸੀ।


rajwinder kaur

Content Editor

Related News