ਚੋਰਾਂ ਦੇ ਹੌਂਸਲੇ ਬੁਲੰਦ, ਅੱਖਾਂ 'ਚ ਮਿਰਚਾਂ ਪਾ ਕੇ ਦੁਕਾਨਦਾਰ ਤੋਂ ਲੁੱਟੇ 40 ਹਜ਼ਾਰ (ਤਸਵੀਰਾਂ)
Sunday, Jul 07, 2019 - 02:31 PM (IST)
ਜੈਤੋ (ਜਗਤਾਰ) - ਪੰਜਾਬ 'ਚ ਆਏ ਦਿਨ ਲੁਟੇਰਿਆਂ ਅਤੇ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ, ਜਿਸ ਕਾਰਨ ਲੁੱਟ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਫਰੀਦਕੋਟ ਦੇ ਕਸਬਾ ਜੈਤੋ ਦਾ ਸਾਹਮਣੇ ਆਇਆ ਹੈ, ਜਿੱਥੇ ਪਿਸਤੋਲ ਦੇ ਜ਼ੋਰ 'ਤੇ ਕੁਝ ਬਾਇਕ ਸਵਾਰ ਨੌਜਵਾਨਾਂ ਨੇ ਕਰਿਆਨੇ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁੱਟ ਦੀ ਸਾਰੀ ਘਟਨਾ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੁਕਾਨ ਦੇ ਮਾਲਕ ਵਿਜੇ ਕੁਮਾਰ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ 9:15 ਵਜੇ ਜਦੋਂ ਉਹ ਦੁਕਾਨ ਬੰਦ ਕਰ ਰਿਹਾ ਸੀ, ਉਦੋਂ 2 ਵਿਅਕਤੀ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਦੁਕਾਨ 'ਤੇ ਲੱਗੇ ਹੋਏ ਕਾਊਂਟਰ ਦੇ ਉਪਰੋਂ ਛਾਲਾਂ ਮਾਰ ਕੇ ਦੁਕਾਨ 'ਚ ਆ ਗਏ। ਉਨ੍ਹਾਂ ਦਾ ਤੀਸਰਾ ਸਾਥੀ ਦੁਕਾਨ ਦੇ ਬਾਹਰ ਮੋਟਰਸਾਈਕਲ ਕੋਲ ਖੜ੍ਹਾ ਰਿਹਾ। ਦੁਕਾਨ 'ਚ ਆਏ ਨਕਾਬਪੋਸ਼ਾਂ 'ਚੋਂ ਇਕ ਕੋਲ ਰਿਵਾਲਵਰ ਵੀ ਸੀ। ਦੁਕਾਨ ਅੰਦਰ ਖੜ੍ਹੇ ਮੁਲਾਜ਼ਮ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ ਅਤੇ ਉਹ ਡਰ ਕੇ ਇਕ ਪਾਸੇ ਖੜ੍ਹਾ ਰਿਹਾ। ਫਿਰ ਦੁਕਾਨ ਵਿਚ ਵਿਅਕਤੀ ਨੇ ਉਸ ਨੂੰ (ਮਾਲਕ ਨੂੰ) ਰਿਵਾਲਵਰ ਦਿਖਾ ਕੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਪੈਸੇ ਦੇਣ ਤੋਂ ਨਾਂਹ ਕਰਨ 'ਤੇ ਨਕਾਬਪੋਸ਼ ਨੇ ਉਸ ਦੀਆਂ ਅੱਖਾਂ 'ਚ ਮਿਰਚਾ ਪਾ ਦਿੱਤੀਆਂ ਅਤੇ ਗੱਲੇ 'ਚ ਪਈ 8000 ਰੁਪਏ ਅਤੇ ਮਾਲਕ ਦੀ ਜੇਬ 'ਚ ਪਈ 22,000 ਰੁਪਏ ਦੀ ਨਕਦੀ ਕੱਢ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ।
ਮਾਲਕ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਨਕਾਬਪੋਸ਼ ਦੁਕਾਨ ਅੰਦਰ ਹੀ ਸਨ ਤਾਂ ਬਾਹਰੋਂ ਕਿਸੇ ਨੇ ਪੁਲਸ ਨੂੰ ਵੀ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਸੀ ਪਰ ਪੁਲਸ ਅੱਧੇ ਘੰਟੇ ਬਾਅਦ ਘਟਨਾ ਸਥਾਨ 'ਤੇ ਪੁੱਜੀ।