ਜੇਲ ''ਚੋਂ ਮੋਬਾਇਲ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ, ਔਰਤ ਸਮੇਤ 4 ''ਤੇ ਪਰਚਾ ਦਰਜ

08/22/2017 4:45:38 PM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ) - ਜੇਲ ਸੁਪਰਡੈਂਟ ਸੰਗਰੂਰ ਵੱਲੋਂ 3 ਵੱਖ-ਵੱਖ ਦਰਖਾਸਤਾਂ 'ਚ 2 ਹਵਾਲਾਤੀਆਂ ਕੋਲੋਂ 2 ਮੋਬਾਇਲ ਅਤੇ 1 ਕੋਲੋਂ 25 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ 1 ਔਰਤ ਸਮੇਤ 4 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 30 ਜੂਨ ਦੀ ਰਾਤ ਨੂੰ ਸ਼ੱਕ ਹੋਣ 'ਤੇ ਵਾਰਡ ਨੰਬਰ 6 ਦੀ ਚੱਕੀ ਨੰਬਰ 7 ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਹਵਾਲਾਤੀ ਭੁਪਿੰਦਰ ਸਿੰਘ ਤੋਂ ਮੋਬਾਇਲ ਬਰਾਮਦ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ 13 ਜੁਲਾਈ ਦੁਪਹਿਰ ਨੂੰ ਵਾਰਡ ਨੰਬਰ 6 ਦੀ ਚੱਕੀ ਨੰਬਰ 2 ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਹਵਾਲਾਤੀ ਪਵਨ ਕੁਮਾਰ ਹਾਲ ਆਬਾਦ ਜ਼ਿਲਾ ਜੇਲ ਸੰਗਰੂਰ ਤੋਂ ਮੋਬਾਇਲ ਬਰਾਮਦ ਕੀਤਾ ਗਿਆ। ਕੈਦੀ ਸ਼ਲਿੰਦਰਪੁਰੀ ਹਾਲ ਆਬਾਦ ਜ਼ਿਲਾ ਜੇਲ ਸੰਗਰੂਰ ਦੀ ਪਤਨੀ ਹਰਵਿੰਦਰ ਕੌਰ ਬੀਤੀ 15 ਜੁਲਾਈ ਨੂੰ ਆਪਣੇ ਪਤੀ ਨਾਲ ਮੁਲਾਕਾਤ ਕਰਨ ਆਈ ਸੀ। ਮੁਲਾਕਾਤ ਤੋਂ ਬਾਅਦ ਜਦੋਂ ਕੈਦੀ ਸ਼ਲਿੰਦਰਪੁਰੀ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋਂ 25 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਗੋਲੀਆਂ ਨੂੰ ਨਿਰੀਖਣ ਲਈ ਐੱਫ. ਐੱਸ. ਐੱਲ. ਮੋਹਾਲੀ ਭੇਜਿਆ ਗਿਆ, ਨਿਰੀਖਣ ਦੀ ਰਿਪੋਰਟ ਆਉਣ ਤੋਂ ਬਾਅਦ ਕੈਦੀ ਸ਼ਲਿੰਦਰਪੁਰੀ ਅਤੇ ਉਸ ਦੀ ਪਤਨੀ ਹਰਵਿੰਦਰ ਕੌਰ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


Related News