ਹਾਈਵੇਅ ''ਤੇ ਖੜ੍ਹੇ ਟਰੱਕ-ਟਰਾਲੇ ਨਾਲ ਟਕਰਾਈ ਕਾਰ, ਵਿੱਚ ਬੈਠੇ ਲੋਕ ਗੰਭੀਰ ਜ਼ਖਮੀ

Thursday, Jul 04, 2024 - 03:38 PM (IST)

ਹਾਈਵੇਅ ''ਤੇ ਖੜ੍ਹੇ ਟਰੱਕ-ਟਰਾਲੇ ਨਾਲ ਟਕਰਾਈ ਕਾਰ, ਵਿੱਚ ਬੈਠੇ ਲੋਕ ਗੰਭੀਰ ਜ਼ਖਮੀ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੇ ਨੈਸ਼ਨਲ ਹਾਈਵੇ 'ਤੇ ਅੱਜ ਸਵੇਰੇ ਤੜਕੇ ਪਿੰਡ ਬਾਲਦ ਨੇੜੇ ਇਕ ਸਵਿੱਫ਼ਟ ਕਾਰ ਸਾਈਡ ’ਤੇ ਖੜ੍ਹੇ ਇਕ ਟਰੱਕ ਟਰਾਲੇ ਦੇ ਪਿੱਛੇ ਟਕਰਾਅ ਗਈ। ਇਸ ਦੌਰਾਨ ਕਾਰ ਚਾਲਕ, ਉਸ ਦੀ ਪਤਨੀ ਤੇ ਮਾਤਾ ਸਮੇਤ ਤਿੰਨ ਔਰਤਾਂ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਟਿਆਲਾ ਸਾਈਡ ਤੋਂ ਆ ਰਹੀ ਇਕ ਸਵਿੱਫ਼ਟ ਕਾਰ ਸਥਾਨਕ ਸ਼ਹਿਰ ਤੋਂ ਥੋੜ੍ਹਾ ਪਿੱਛੇ ਇਕ ਪੈਟਰੋਲ ਪੰਪ ਨੇੜੇ ਹਾਈਵੇ ਦੀ ਸਾਈਡ 'ਤੇ ਖੜ੍ਹੇ ਇਕ ਟਰੱਕ-ਟਰਾਲੇ ਦੇ ਪਿਛੇ ਟਕਰਾਅ ਗਈ।

ਇਸ ਹਾਦਸੇ ’ਚ ਕਾਰ ਚਾਲਕ ਜਸਵਿੰਦਰ ਸਿੰਘ, ਚਾਲਕ ਦੀ ਪਤਨੀ ਰਾਜਵਿੰਦਰ ਕੌਰ, ਮਾਤਾ ਨਰਿੰਦਰ ਕੌਰ ਤੇ ਇਕ ਹੋਰ ਮਹਿਲਾ ਰਿਸ਼ਤੇਦਾਰ ਹਰਭਜਨ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਪਟਿਆਲਾ ਵਿਖੇ ਲਿਜਾਇਆ ਗਿਆ। ਜਿੱਥੇ ਕਾਰ ਚਾਲਕ ਜਸਵਿੰਦਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਵਾਸੀ ਸਮਾਣਾ ਵੱਲੋਂ ਕੁੱਝ ਹੀ ਦਿਨ ਪਹਿਲਾਂ ਭਵਾਨੀਗੜ੍ਹ ਵਿਖੇ ਆਪਣਾ ਨਵਾਂ ਮਕਾਨ ਲਿਆ ਗਿਆ ਹੈ ਅਤੇ ਅੱਜ ਸਵੇਰੇ ਜਦੋਂ ਇਹ ਯੂ. ਪੀ. ਤੋਂ ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਸਮਾਗਮ ’ਚ ਭਾਗ ਲੈਣ ਤੋਂ ਬਾਅਦ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਪਤਨੀ, ਮਾਤਾ ਤੇ ਮਾਮੀ ਸਮੇਤ ਕਾਰ ਰਾਹੀ ਪਟਿਆਲਾ ਤੋਂ ਭਵਾਨੀਗੜ੍ਹ ਆਪਣੇ ਨਵੇਂ ਮਕਾਨ ’ਚ ਰਹਿਣ ਲਈ ਆ ਰਹੇ ਸਨ ਤਾਂ ਰਾਹ ’ਚ ਇਹ ਹਾਦਸਾ ਵਾਪਰ ਗਿਆ।
 


author

Babita

Content Editor

Related News