ਜੇਲ ਦੀ ਸੁਰੱਖਿਆ ’ਤੇ ਸਵਾਲ ਕਿਉਂ ਨਹੀਂ ਰੁਕ ਰਹੀ ਕੈਦੀਆਂ ਕੋਲੋਂ ਮੋਬਾਇਲ ਦੀ ਰਿਕਵਰੀ?

08/21/2018 3:06:21 AM

ਅੰਮ੍ਰਿਤਸਰ,  (ਸੰਜੀਵ)-  ਜੇਲ ਦੀ ਸੁਰੱਖਿਆ ਨੂੰ ਪੁਖਤਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਉੱਚ ਸੁਰੱਖਿਆ ਵਾਲੀਆਂ ਰਾਜ ਦੀਆਂ 6 ਜੇਲਾਂ ਵਿਚ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ  (ਸੀ. ਆਈ. ਐੱਸ. ਐੱਫ.) ਨੂੰ ਤਾਂ ਤਾਇਨਾਤ ਕੀਤਾ ਹੋਇਅਾ ਹੈ ਪਰ  ਇਸ  ਦੇ ਬਾਵਜੂਦ ਇਸ ਦਾ ਆਲਮ ਇਹ ਹੈ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਬੰਦ ਕੈਦੀਆਂ ਤੋਂ ਮੋਬਾਇਲ ਰਿਕਵਰੀ ਰੁਕ ਨਹੀਂ ਰਹੀ ਅਤੇ ਨਾ ਹੀ ਨਸ਼ੇ ਵਾਲੇ ਪਦਾਰਥਾਂ ਦੀ ਆਮਦ ’ਤੇ ਹੀ ਸ਼ਿਕੰਜਾ ਕੱਸਿਆ ਜਾ ਸਕਿਆ ਹੈ। ਆਏ ਦਿਨ ਕੈਦੀਆਂ ਅਤੇ ਹਵਾਲਾਤੀਆਂ ਦੇ ਕਬਜ਼ੇ ’ਚੋਂ ਮਿਲ ਰਹੇ ਮੋਬਾਇਲ ਫੋਨ ਅਤੇ ਨਸ਼ੇ ਦੀਆਂ ਗੋਲੀਆਂ ਨੇ ਜਿਥੇ ਜੇਲ ਦੇ ਸੁਰੱਖਿਆ ਘੇਰੇ ਨੂੰ ਸਵਾਲਾਂ ਦੇ ਕਟਹਿਰੇ ਵਿਚ ਲਿਆ ਖਡ਼੍ਹਾ ਕੀਤਾ ਹੈ ਉਥੇ ਹੀ ਜੇਲ ਵਿਚ ਤਇਨਾਤ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ  ਉਠਾਏ ਹਨ।  ਪਿਛਲੇ 18 ਦਿਨਾਂ ਵਿਚ ਜੇਲ ਵਿਚ ਬੰਦ ਕੈਦੀਆਂ ਦੇ ਕਬਜੇ ’ਚੋਂ 10 ਮੋਬਾਇਲ ਫੋਨ, 410 ਨਸ਼ੇ ਵਾਲੀਆਂ ਗੋਲੀਆਂ ਅਤੇ 298 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਗਿਆ ਹੈ ਜੋ ਜੇਲ ਪ੍ਰਸ਼ਾਸਨ ਦੇ ਉਨ੍ਹਾਂ ਫੂਲਪਰੂਫ ਸੁਰੱਖਿਆ ਦਾਅਵਿਆਂ ਦੀ  ਫੂਕ ਕੱਢ ਰਿਹਾ ਹੈ।  
 ਪੰਜਾਬ ਦੀਆਂ ਜੇਲਾਂ ਵਿਚ ਬੰਦ 224 ਗੈਂਗਸਟਰਾਂ ਵਿਚੋਂ 86 ਦੇ ਕਰੀਬ ਏ ਸ਼੍ਰੇਣੀ ਦੇ ਹਨ ਜਦੋਂ ਕਿ ਰਿਕਾਰਡ ’ਤੇ ਨਜ਼ਰ  ਪਾਈਏ ਤਾਂ ਸਾਲ 2017 ਵਿਚ ਜੇਲਾਂ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਕਬਜ਼ੇ ’ਚੋਂ 2000 ਤੋਂ ਵੀ ਜ਼ਿਆਦਾ ਮੋਬਾਇਲ ਫੋਨ ਰਿਕਵਰ ਕੀਤੇ ਗਏ ਸਨ ਇਸ ਦੇ ਇਲਾਵਾ ਕੈਦੀਆਂ ਤੋਂ  ਨਸ਼ਾ ਫਡ਼ੇ ਜਾਣ ਦੇ  389 ਕੇਸ ਦਰਜ ਹੋਏ ਹਨ। ਪੰਜਾਬ ਸਰਕਾਰ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਦੀ ਮਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ ’ਤੇ ਸਖਤ ਕਾਨੂੰਨ ਬਣਾਉਣ ਦਾ ਰੁਖ਼ ਵੀ ਅਪਣਾਇਆ ਹੋਇਆ ਹੈ ਬਾਵਜੂਦ ਇਸ ਦੇ ਮੋਬਾਇਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ।  
ਅੰਮ੍ਰਿਤਸਰ ਜੇਲ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਖੁਲਾਸਾ ਕਈ ਵਾਰ ਹੋ ਚੁੱਕਿਆ ਹੈ। ਹਾਲ ਹੀ ਵਿਚ  ਸੀ. ਆਈ. ਏ. ਸਟਾਫ ਅੰਮ੍ਰਿਤਸਰ ਦੀ ਪੁਲਸ ਨੇ ਕੁੱਝ ਅਜਿਹੇ ਹੈਰੋਇਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੀ ਪੁੱਛਗਿੱਛ ਦੇ ਦੌਰਾਨ ਉਨ੍ਹਾਂ ਨੇ ਜੇਲ ਵਿਚ ਬੈਠੇ ਆਪਣੇ ਆਕਾਵਾਂ ਦੇ ਨਾਂ ਉੱਗਲੇ ਸਨ।  ਇਹ ਵੀ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੂੰ ਜੇਲ  ਚੋਂ ਮੋਬਾਇਲ ’ਤੇ ਹੀ ਨਿਰਦੇਸ਼ ਮਿਲਦੇ ਹਨ ਜਿਸ ’ਤੇ ਉਹ ਹੈਰੋਇਨ ਦੀ ਸਪਲਾਈ ਕਰਦੇ ਹਨ ਅਤੇ ਉਥੇ ਹੀ ਆਉਣ ਵਾਲੇ ਮੋਬਾਇਲ ਦੇ ਆਧਾਰ ’ਤੇ ਪੈਸਾ ਪਹੁੰਚਾਇਆ ਜਾਂਦਾ ਹੈ। ਪੁਲਸ ਉਨ੍ਹਾਂ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜਾਂਚ ਲਈ ਵੀ ਲਿਆਈ ਸੀ ਪਰ ਇਸ ਗੱਲ ਦਾ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਕਿ ਜੇਲ ਵਿਚ ਕਿਸ ਰਸਤੇ  ਰਾਹੀਂ ਮੋਬਾਇਲ ਅਤੇ  ਨਸ਼ਾ ਜਾ ਰਿਹਾ ਹੈ। ਜੇਲ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਸ ਦਾ ਦਾਅਵਾ ਹੈ ਕਿ ਜਦੋਂ-ਜਦੋਂ ਵੀ ਕਿਸੇ ਕੈਦੀ ਅਤੇ ਹਵਾਲਾਤੀ ਨੇ ਮੋਬਾਇਲ ਜੇਲ ਵਿਚ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਫਡ਼ ਲਿਆ ਗਿਆ। ਦਰਜ ਹੋਣ ਵਾਲੇ ਪਰਚੇ ਅਤੇ ਰਿਕਵਰ ਕੀਤੇ ਜਾ ਰਹੇ ਮੋਬਾਇਲ ਜੇਲ ਦੀ ਸਖਤੀ ਦਾ ਸਬੂਤ ਹੈ ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਕਿਸ ਰਸਤੇ  ਰਾਹੀਂ ਇਹ ਮੋਬਾਇਲ ਅੰਦਰ ਜਾ ਰਹੇ ਹਨ ਕੀ ਅੰਦਰ ਜਾਣ ਵਾਲਾ ਹਰ ਮੋਬਾਇਲ ਅਤੇ  ਨਸ਼ਾ ਫਡ਼ਿਆ ਜਾ ਰਿਹਾ ਹੈ।  ਇਹ ਕੁੱਝ ਅਜਿਹੇ ਸਵਾਲ ਹਨ ਜਿਨ੍ਹਾਂ ’ਤੇ ਕੁੱਝ ਅਧਿਕਾਰੀਆਂ ਨੂੰ ਮੰਥਨ ਕਰਨ ਦੀ ਲੋਡ਼ ਹੈ। ਸਮਾਂ ਰਹਿੰਦੇ ਇਸ ’ਤੇ ਸਖਤ ਕਾਰਵਾਈ ਹੋਣੀ ਜ਼ਰੂਰੀ ਹੈ ਨਹੀਂ ਤਾਂ ਸਮਾਜ ਦੀ ਸਫਾਈ ਕਰਨ ਲਈ ਜੇਲਾਂ ਵਿਚ ਬੰਦ ਕੀਤੇ ਗਏ ਗੈਂਗਸਟਰ ਅੰਦਰ ਬੈਠ ਕੇ ਸੁਰੱਖਿਅਤ ਆਪਣਾ ਨੈੱਟਵਰਕ ਚਲਾਉਂਦੇ ਰਹਿਣਗੇ ਜੋ ਇਕ ਸੱਭਿਆਚਾਰਕ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।  
 


Related News