''ਮੋਬਾਈਲਖਾਨਾ'' ਬਣੀਆਂ ਪੰਜਾਬ ਦੀਆਂ ਜੇਲਾਂ, ਇਕ ਸਾਲ ''ਚ ਬਰਾਮਦ ਹੋਏ 1086 ਫੋਨ

Tuesday, Dec 24, 2019 - 06:54 PM (IST)

''ਮੋਬਾਈਲਖਾਨਾ'' ਬਣੀਆਂ ਪੰਜਾਬ ਦੀਆਂ ਜੇਲਾਂ, ਇਕ ਸਾਲ ''ਚ ਬਰਾਮਦ ਹੋਏ 1086 ਫੋਨ

ਚੰਡੀਗੜ੍ਹ : ਜੇਲ ਵਿਭਾਗ ਵੱਲੋਂ ਸੂਬੇ ਦੀਆਂ ਜੇਲਾਂ ਵਿਚੋਂ ਲੰਘ ਰਹੇ ਸਾਲ 2019 ਵਿਚ ਹੁਣ ਤੱਕ 1086 ਮੋਬਾਈਲ ਫੋਨ ਫੜੇ ਗਏ ਹਨ। ਸਰੁੱਖਿਆ ਵਿਚ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਵਿਭਾਗ ਵੱਲੋਂ ਬਣਦੀ ਕਾਨੂੰਨੀ ਅਤੇ ਅਨੁਸ਼ਾਸਨੀ ਕਾਰਵਾਈ ਵੀ ਆਰੰਭੀ ਗਈ ਤਾਂ ਜੋ ਬਾਕੀ ਜੇਲ ਕਰਮਚਾਰੀਆਂ ਨੂੰ ਸਖਤ ਸੁਨੇਹਾ ਦਿੱਤਾ ਜਾ ਸਕੇ। ਇਹ ਜਾਣਕਾਰੀ ਜੇਲ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।

PunjabKesari

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਸਖਤ ਹਦਾਇਤਾਂ ਹਨ ਕਿ ਜੇਲਾਂ ਦੀ ਸਰੁੱਖਿਆ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿਚ ਕੋਈ ਢਿੱਲ ਨਾ ਵਰਤੀ ਜਾਵੇ। ਬੁਲਾਰੇ ਨੇ ਦੱਸਿਆ ਕਿ ਜੇਲਾਂ ਵਿਚ ਸੁਰੱਖਿਆ ਦੇ ਲਿਹਾਜ਼ ਨਾਲ 'ਜ਼ੀਰੋ ਟਾਲਰੈਂਸ' ਅਪਣਾਉਂਦਿਆਂ ਮੁਸਤੈਦੀ ਨਾਲ ਨਿਰੰਤਰ ਕੀਤੀ ਜਾਂਦੀ ਚੈਕਿੰਗ ਅਤੇ ਤਲਾਸ਼ੀ ਲਈ ਵਰਤੇ ਜਾਂਦੇ ਆਧੁਨਿਕ ਯੰਤਰਾਂ ਦੀ ਮੱਦਦ ਨਾਲ ਇਸ ਸਾਲ 23 ਦਸੰਬਰ ਤੱਕ ਕੁੱਲ 1086 ਮੋਬਾਈਲ ਫੋਨ ਫੜੇ ਗਏ। 

PunjabKesari

ਕੇਂਦਰੀ ਜੇਲ ਲੁਧਿਆਣਾ ਵਿਚ 338, ਫਿਰੋਜ਼ਪੁਰ ਵਿਚ 109, ਕਪੂਰਥਲਾ ਵਿਚ 107, ਫਰੀਦਕੋਟ ਵਿਚ 96, ਅੰਮ੍ਰਿਤਸਰ ਵਿਚ 95, ਪਟਿਆਲਾ ਵਿਚ 71, ਬਠਿੰਡਾ ਵਿਚ 66, ਰੂਪਨਗਰ ਵਿਚ 46, ਹੁਸ਼ਿਆਰਪੁਰ ਵਿਚ 34, ਨਵੀਂ ਜੇਲ ਨਾਭਾ ਵਿਚ 29, ਸੰਗਰੂਰ ਵਿਚ 28, ਬਰਨਾਲਾ ਵਿਚ 22, ਮਾਨਸਾ ਵਿਚ 6, ਗੁਰਦਾਸਪੁਰ ਵਿਚ 3, ਪਠਾਨਕੋਟ ਵਿਚ 2, ਬੋਰਸਟਲ ਜੇਲ ਲੁਧਿਆਣਾ ਅਤੇ ਜਨਾਨਾ ਜੇਲ ਲੁਧਿਆਣਾ ਵਿਚ 1-1 ਮੋਬਾਈਲ ਬਰਾਮਦ ਹੋਇਆ ਹੈ।


author

Gurminder Singh

Content Editor

Related News