ਕੇਂਦਰੀ ਜੇਲ੍ਹ ਨੂੰ ਚਿੱਟਾ ਸਪਲਾਈ ਕਰਨ ਦੇ ਦੋਸ਼ ''ਚ ਮੁੱਖ ਦੋਸ਼ੀ ਜੇਲ੍ਹ ਹੈੱਡ ਵਾਰਡਨ ਗ੍ਰਿਫਤਾਰ
Wednesday, Jul 24, 2024 - 03:08 AM (IST)
ਬਠਿੰਡਾ (ਵਿਜੇ ਵਰਮਾ) - ਥਾਣਾ ਕੈਂਟ ਦੀ ਪੁਲਸ ਨੇ ਕੇਂਦਰੀ ਜੇਲ੍ਹ ਨੂੰ ਚਿੱਟਾ ਸਪਲਾਈ ਕਰਨ ਦੇ ਦੋਸ਼ 'ਚ ਜੇਲ੍ਹ ਹੈੱਡ ਵਾਰਡਨ ਲਵਪ੍ਰੀਤ ਸਿੰਘ ਸਮੇਤ ਜੇਲ੍ਹ ਦੇ ਕੈਦੀ ਸੁਖਚੈਨ ਸਿੰਘ ਅਤੇ ਹਵਾਲਾਤੀ ਪ੍ਰਦੀਪ ਕੁਮਾਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁੱਖ ਦੋਸ਼ੀ ਜੇਲ੍ਹ ਵਾਰਡਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਦਕਿ ਬਾਕੀ ਦੋ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ।
ਪੁਲਸ ਕੋਲ ਦਰਜ ਕਰਵਾਏ ਬਿਆਨ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਕੇਂਦਰੀ ਜੇਲ੍ਹ ਵਿੱਚ ਹੈੱਡ ਵਾਰਡਨ ਵਜੋਂ ਤਾਇਨਾਤ ਹੈ। ਹਾਲ ਹੀ ਵਿੱਚ ਉਕਤ ਜੇਲ੍ਹ ਮੁਲਾਜ਼ਮ ਜੋ ਬਾਹਰੋਂ ਚਿੱਠੀ ਲੈ ਕੇ ਜੇਲ੍ਹ ਅੰਦਰ ਆਇਆ ਸੀ, ਨੂੰ ਚੈਕਿੰਗ ਦੌਰਾਨ ਫੜਿਆ ਗਿਆ। ਬਿਆਨ ਵਿੱਚ ਦੱਸਿਆ ਗਿਆ ਕਿ ਉਕਤ ਜੇਲ੍ਹ ਮੁਲਾਜ਼ਮ ਨੇ ਕੈਦੀ ਪ੍ਰਦੀਪ ਕੁਮਾਰ ਅਤੇ ਕੈਦੀ ਸੁਖਚੈਨ ਸਿੰਘ ਰਾਹੀਂ ਜੇਲ੍ਹ ਅੰਦਰ ਚਿੱਠੀ ਭੇਜਣ ਦੀ ਕੋਸ਼ਿਸ਼ ਕੀਤੀ।
ਥਾਣਾ ਕੈਂਟ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਮਿਲਣ 'ਤੇ ਪੁਲਸ ਨੇ ਜੇਲ੍ਹ ਬੰਦ ਪ੍ਰਦੀਪ ਕੁਮਾਰ, ਕੈਦੀ ਸੁਖਚੈਨ ਸਿੰਘ ਅਤੇ ਜੇਲ੍ਹ ਵਾਰਡਨ ਲਵਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਨੇ ਦੱਸਿਆ ਕਿ ਹੈੱਡ ਵਾਰਡਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਦੋ ਮੁਲਜ਼ਮਾਂ ਨੂੰ ਕੇਂਦਰੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਕਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾਵੇਗਾ।
ਜੇਲ੍ਹ ਇੱਕ ਵਾਰ ਖ਼ਬਰਾਂ ਵਿੱਚ ਸੀ
ਤੁਹਾਨੂੰ ਦੱਸ ਦੇਈਏ ਕਿ ਕਈ ਸਾਲ ਪਹਿਲਾਂ ਇੱਕ ਸਮਾਂ ਸੀ ਜਦੋਂ ਕੇਂਦਰੀ ਜੇਲ੍ਹ ਵਿੱਚ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਦਾ ਮਿਲਣਾ ਇੱਕ ਆਮ ਗੱਲ ਹੋ ਗਈ ਸੀ ਅਤੇ ਅਜਿਹੇ ਮਾਮਲੇ ਲਗਾਤਾਰ ਅਖਬਾਰਾਂ ਵਿੱਚ ਚਰਚਾ ਵਿੱਚ ਰਹਿੰਦੇ ਸਨ। ਪਰ ਜਦੋਂ ਤੋਂ ਐਨ.ਡੀ.ਨੇਗੀ ਨੇ ਜੇਲ੍ਹ ਸੁਪਰਡੈਂਟ ਦਾ ਅਹੁਦਾ ਸੰਭਾਲਿਆ ਹੈ, ਉਨ੍ਹਾਂ ਵੱਲੋਂ ਜੇਲ੍ਹ ਅੰਦਰ ਵਰਤੀ ਗਈ ਸਖ਼ਤੀ ਕਾਰਨ ਜੇਲ੍ਹ ਅੰਦਰ ਨਸ਼ਾਖੋਰੀ ਜਾਂ ਮੋਬਾਈਲ ਫ਼ੋਨ ਮਿਲਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e