ਸੈਸ਼ਨ ਜੱਜ ਨੇ ਕੈਦੀਆਂ ਨੂੰ ਪਰੋਸੇ ਜਾਣ ਵਾਲੇ ਭੋਜਨ ਦਾ ਚੱਖਿਆ ਸੁਆਦ

04/25/2018 5:06:05 AM

ਲੁਧਿਆਣਾ(ਸਿਆਲ)-ਜ਼ਿਲਾ ਸੈਸ਼ਨ ਜੱਜ ਗੁਰਬੀਰ ਸਿੰਘ ਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਡਾ. ਗੁਰਪ੍ਰੀਤ ਕੌਰ ਨੇ ਤਿੰਨਾਂ ਜੇਲਾਂ ਦਾ ਦੌਰਾ ਕੀਤਾ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਕੈਦੀਆਂ ਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਲਈ ਜੇਲ ਅਧਿਕਾਰੀਆਂ ਨੂੰ ਹੁਕਮ ਵੀ ਦਿੱਤੇ। ਸੈਂਟਰਲ ਜੇਲ ਵਿਚ ਪਹੁੰਚਣ 'ਤੇ ਸੈਸ਼ਨ ਜੱਜ ਨੇ ਕੈਦੀਆਂ ਤੇ ਹਵਾਲਾਤੀਆਂ ਨੂੰ ਪਰੋਸੇ ਜਾਣ ਵਾਲੇ ਭੋਜਨ ਦਾ ਸੁਆਦ ਵੀ ਚੱਖਿਆ। ਇਸ ਉਪਰੰਤ ਕੈਦੀਆਂ 'ਤੇ ਹਵਾਲਾਤੀਆਂ ਨੇ ਆਪਣੇ-ਆਪਣੇ ਕੇਸਾਂ ਬਾਰੇ ਸੈਸ਼ਨ ਜੱਜ ਨੂੰ ਜਾਣੂ ਕਰਵਾਇਆ। ਜਿਨ੍ਹਾਂ ਕੈਦੀਆਂ ਨੂੰ ਆਪਣੇ ਮਾਮਲਿਆਂ ਸਬੰਧੀ ਕੋਰਟ-ਕਾਨੂੰਨੀ ਸਹਾਇਤਾ ਪ੍ਰਾਪਤ ਨਹੀਂ ਹੋ ਰਹੀ, ਉਨ੍ਹਾਂ ਨੂੰ ਜਲਦੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫਤ ਸਹਾਇਤਾ ਉਪਲੱਬਧ ਕਰਵਾਉਣ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ, ਡਿਪਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਰਜਨੀਸ਼ ਗਰਗ, ਮਹਿਲਾ ਜੇਲ ਸੁਪਰਡੈਂਟ ਦਮਨਜੀਤ ਕੌਰ ਵਾਲੀਆ, ਡਿਪਟੀ ਸੁਪਰਡੈਂਟ ਚੰਚਲ ਕੁਮਾਰੀ ਤੇ ਬ੍ਰੋਸਟਲ ਜੇਲ ਦੇ ਸੁਪਰਡੈਂਟ ਮੁਹੰਮਦ ਸ਼ਰੀਫ, ਡਿਪਟੀ ਸੁਪਰਡੈਂਟ ਆਸ਼ੂ ਭੱਟੀ ਆਦਿ ਮੌਜੂਦ ਰਹੇ।
ਕੈਦੀਆਂ ਨੇ ਅੱਖਾਂ 'ਚ ਭਰੇ ਹੰਝੂ...
ਜਦੋਂ ਸੈਸ਼ਨ ਜੱਜ ਕੈਦੀਆਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ ਤਾਂ ਕੁਝ ਕੈਦੀਆਂ ਦੀਆਂ ਅੱਖਾਂ ਵਿਚ ਹੰਝੂ ਭਰ ਆਏ, ਜਿਨ੍ਹਾਂ ਨੇ ਆਪਣੀ ਸਜ਼ਾ ਵਿਚ ਰਿਆਇਤ ਦੀ ਮੰਗ ਕੀਤੀ। ਇਸ 'ਤੇ ਸੈਸ਼ਨ ਜੱਜ ਨੇ ਉਨ੍ਹਾਂ ਨੂੰ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਸਰਬਉੱਚ ਹੈ। ਇਸ ਲਈ ਜਿੰਨਾ ਸਮਾਂ ਜੇਲ ਵਿਚ ਬਿਤਾਉਣਾ ਹੈ, ਓਨੀ ਦੇਰ ਜੇਲ ਵਿਚ ਰਹਿਣਾ ਹੀ ਹੋਵੇਗਾ।
ਜਦੋਂ ਕੈਦੀ ਮਹਿਲਾ ਦੀ ਬੱਚੀ ਨੇ ਸੁਣਾਇਆ ਵਨ-ਟੂ
ਮਹਿਲਾ ਜੇਲ ਪਹੁੰਚਣ 'ਤੇ ਇਕ ਕੈਦੀ ਮਹਿਲਾ ਦੀ ਗੋਦ 'ਚ ਚੁੱਕੀ ਨੰਨ੍ਹੀ ਬੱਚੀ ਤੋਂ ਜ਼ਿਲਾ ਸੈਸ਼ਨ ਜੱਜ ਨੇ ਪੁੱਛਿਆ ਬੇਟਾ ਸਕੂਲ ਵਿਚ ਕੀ ਪੜ੍ਹਦੀ ਹੋ, ਉਹ ਮੈਨੂੰ ਸੁਣਾਓ। ਬੱਚੀ ਦੇ ਵਨ-ਟੂ ਸੁਣਾਉਣ 'ਤੇ ਸੈਸ਼ਨ ਜੱਜ ਨੇ ਉਸ ਨੂੰ ਚਾਕਲੇਟ ਦਿੱਤਾ। ਇਸ ਦੇ ਨਾਲ ਹੀ ਕੈਦੀ ਮਹਿਲਾਵਾਂ ਨਾਲ ਜਿੰਨੇ ਵੀ ਬੱਚੇ ਰਹਿ ਰਹੇ ਹਨ, ਸਾਰਿਆਂ ਨੂੰ ਚਾਕਲੇਟ ਵੰਡਣ ਦੇ ਹੁਕਮ ਦਿੱਤੇ। ਇਸ ਦੌਰਾਨ ਕੈਦੀ ਮਹਿਲਾਵਾਂ ਨੇ ਗਰਮੀ ਵਧਣ ਤੇ ਪੀਣ ਵਾਲੇ ਪਾਣੀ ਦੀ ਕਮੀ ਸਬੰਧੀ ਦੱਸਿਆ।


Related News