ਨਕਸ਼ਾ ਸਮੇਂ ''ਤੇ ਪਾਸ ਹੋ ਜਾਂਦਾ ਤਾਂ 13 ਸਾਲ ਪਹਿਲਾਂ ਜੇਲ ਤੋਂ ਬਾਹਰ ਆ ਜਾਂਦਾ ਸੁਖਦੇਵ ਸਿੰਘ

Saturday, Jan 13, 2018 - 06:26 AM (IST)

ਲੁਧਿਆਣਾ(ਸਿਆਲ)-ਉਮਰ ਕੈਦ ਦੀ ਸਜ਼ਾ ਭੁਗਤ ਰਹੇ ਇਕ ਕੈਦੀ ਨੂੰ ਨਕਸ਼ਾ (ਕਾਗਜ਼ੀ ਕਾਰਵਾਈ) ਪਾਸ ਨਾ ਹੋਣ ਕਾਰਨ 12 ਸਾਲ ਦੀ ਬਜਾਏ 25 ਸਾਲ ਬਾਅਦ ਰਿਹਾਈ ਨਸੀਬ ਹੋਈ ਹੈ। ਸ਼ਾਇਦ ਇਹ ਕੈਦੀ ਹੁਣ ਵੀ ਰਿਹਾਅ ਨਾ ਹੋ ਸਕਦਾ ਜੇਕਰ ਐਡਵੋਕੇਟ ਰਜਿੰਦਰ ਸਿੰਘ ਗਰੇਵਾਲ ਉਸ ਦੇ ਕੇਸ ਦੀ ਪੈਰਵੀ ਨੂੰ ਅੱਗੇ ਨਾ ਵਧਾਉਂਦੇ। ਸੁਖਦੇਵ ਸਿੰਘ ਨਾਂ ਦਾ ਇਹ ਕੈਦੀ ਮਾਸੂਮ ਬੱਚੀ ਦੀ ਹੱਤਿਆ ਦੇ ਦੋਸ਼ 'ਚ ਰੋਪੜ ਅਦਾਲਤ ਤੋਂ 1994 'ਚ ਸਜ਼ਾ ਮਿਲਣ ਦੇ ਬਾਅਦ ਲੁਧਿਆਣਾ ਦੀ ਸੈਂਟਰਲ ਜੇਲ 'ਚ ਬੰਦ ਸੀ।
ਇਹ ਸੀ ਮਾਮਲਾ
ਵਰਨਣਯੋਗ ਹੈ ਕਿ ਡੇਢ ਸਾਲਾ ਮਾਸੂਮ ਬੱਚੀ ਦੀ ਹੱਤਿਆ ਦੇ ਜੁਰਮ 'ਚ ਸੁਖਦੇਵ ਸਿੰਘ ਨਿਵਾਸੀ ਮਜ਼ਾਰਾ ਢੀਂਗਰੀਆਂ ਥਾਣਾ ਮਾਹਿਲਪੁਰ ਜ਼ਿਲਾ ਹੁਸ਼ਿਆਰਪੁਰ ਨੂੰ ਮਾਣਯੋਗ ਸੈਸ਼ਨ ਜੱਜ ਰੋਪੜ ਵਲੋਂ 22 ਅਪ੍ਰੈਲ 1994 ਨੂੰ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ, ਜਿਸ 'ਚ ਜੁਰਮਾਨਾ ਅਦਾ ਨਾ ਕਰਨ ਦੀ ਹਾਲਤ ਵਿਚ 6 ਮਹੀਨੇ ਦੀ ਜ਼ਿਆਦਾ ਸਜ਼ਾ ਦੀ ਵਿਵਸਥਾ ਸੀ। 
ਐਡਵੋਕੇਟ ਗਰੇਵਾਲ ਨੇ ਪੂਰੀ ਕਰਵਾਈ ਨਕਸ਼ੇ ਦੀ ਕਾਰਵਾਈ
ਜਦ ਕੈਦੀ ਸੁਖਦੇਵ ਸਿੰਘ ਦੀ ਸਜ਼ਾ ਪੂਰੀ ਹੋਣ ਦੇ ਸਬੰਧ 'ਚ ਐਡਵੋਕੇਟ ਰਜਿੰਦਰ ਸਿੰਘ ਗਰੇਵਾਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜਾਂਚ ਕੀਤੀ, ਜਿਸ ਵਿਚ ਸਾਹਮਣੇ ਆਇਆ ਕਿ ਉਕਤ ਕੈਦੀ ਦੀ ਰਿਹਾਈ ਸਬੰਧੀ ਉਸ ਦੇ ਰਿਸ਼ਤੇਦਾਰਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਐਡਵੋਕੇਟ ਗਰੇਵਾਲ ਨੇ ਦੱਸਿਆ ਕਿ ਉਮਰ ਕੈਦ ਦੌਰਾਨ 9 ਸਾਲ ਤੋਂ ਬਾਅਦ ਸਬੰਧਤ ਕੈਦੀ ਦਾ ਨਕਸ਼ਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਕਸ਼ੇ ਸਬੰਧੀ ਕਾਰਵਾਈ ਕੈਦੀ ਦੇ ਰਿਸ਼ਤੇਦਾਰਾਂ ਵਲੋਂ ਪੰਚਾਇਤ ਅਤੇ ਸਬੰਧਤ ਥਾਣੇ ਤੋਂ ਪੂਰੀ ਕਰਵਾ ਕੇ ਜੇਲ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ, ਜਿਸ ਨੂੰ ਅੱਗੇ ਸਰਕਾਰ ਨੂੰ ਭੇਜਿਆ ਜਾਂਦਾ ਹੈ ਅਤੇ ਫਿਰ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੈਦੀ ਦੇ ਆਚਰਨ ਅਨੁਸਾਰ 12,14 ਜਾਂ ਤੋਂ ਘੱਟ ਜਾਂ ਜ਼ਿਆਦਾ ਸਾਲਾਂ ਬਾਅਦ ਰਿਹਾਈ ਮਿਲ ਜਾਂਦੀ ਹੈ।  ਐਡਵੋਕੇਟ ਗਰੇਵਾਲ ਨੇ ਦੱਸਿਆ ਕਿ ਉਕਤ ਕੈਦੀ ਦਾ ਨਕਸ਼ਾ ਪਾਸ ਕਰਵਾਉਣ ਸਬੰਧੀ ਕੋਈ ਰਿਸ਼ਤੇਦਾਰ ਅੱਗੇ ਨਹੀਂ ਆਇਆ, ਜਿਸ ਵਜ੍ਹਾ ਨਾਲ ਉਸ ਨੂੰ ਸਮੇਂ ਰਿਹਾਈ ਨਹੀਂ ਮਿਲ ਸਕੀ। ਜਦ ਉਨ੍ਹਾਂ ਨੇ ਕਾਰਵਾਈ ਅੱਗੇ ਵਧਾਈ ਤਾਂ ਜੇਲ ਪ੍ਰਸ਼ਾਸਨ ਨੇ ਤੁਰੰਤ ਨਕਸ਼ਾ ਕਰ ਕੇ ਸਰਕਾਰ ਨੂੰ ਭੇਜਿਆ ਅਤੇ ਕੈਦੀ ਸੁਖਦੇਵ ਸਿੰਘ ਦੀ ਰਿਹਾਈ ਦੇ ਆਰਡਰ ਆ ਗਏ। 
ਪਤਨੀ ਦੀ ਹੋ ਗਈ ਮੌਤ, ਬੱਚਿਆਂ ਨੇ ਵੀ ਤੋੜਿਆ ਰਿਸ਼ਤਾ
ਇਸ ਸਜ਼ਾ ਸੀਮਾ ਦੌਰਾਨ ਕੈਦੀ ਦਾ ਸੰਪਰਕ ਉਸ ਦੇ ਪਰਿਵਾਰ ਨਾਲੋਂ ਟੁੱਟ ਗਿਆ। ਸੂਤਰਾਂ ਅਨੁਸਾਰ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਬੱਚੇ ਵੀ ਉਸ ਨੂੰ ਮਿਲਣ ਨਹੀਂ ਆਏ, ਉਨ੍ਹਾਂ ਨੇ ਵੀ ਰਿਸ਼ਤਾ ਤੋੜ ਲਿਆ। 
ਨਕਸ਼ੇ ਦੀ ਪ੍ਰਕਿਰਿਆ ਸਾਰੇ ਕੈਦੀਆਂ ਦੇ ਲਈ ਬਰਾਬਰ ਹੋਵੇ 
ਐਡਵੋਕੇਟ ਰਜਿੰਦਰ ਸਿੰਘ ਗਰੇਵਾਲ ਅਤੇ ਇੰਦਰਜੀਤ ਭਨੋਟ ਨੇ ਦੱਸਿਆ ਕਿ ਜੇਕਰ ਕੈਦੀ ਸੁਖਦੇਵ ਸਿੰਘ ਦੀ ਜਗ੍ਹਾ ਕੋਈ ਹੋਰ ਪ੍ਰਭਾਵਸ਼ਾਲੀ ਇਸ ਅਪਰਾਧ 'ਚ ਉਮਰ ਕੈਦ ਕੱਟ ਰਿਹਾ ਹੁੰਦਾ ਤਾਂ ਉਸ ਦੀ ਰਿਹਾਈ ਬਹੁਤ ਪਹਿਲਾਂ ਹੋ ਚੁੱਕੀ ਹੁੰਦੀ। ਉਨ੍ਹਾਂ ਕਿਹਾ ਕਿ ਨਕਸ਼ਾ ਭੇਜਣ ਦੀ ਪ੍ਰਕਿਰਿਆ ਸਾਰੇ ਕੈਦੀਆਂ ਲਈ ਬਰਾਬਰ ਨਹੀਂ ਹੈ। ਕੈਦੀ ਦੇ ਰੁਤਬੇ ਦੇ ਹਿਸਾਬ ਨਾਲ ਨਕਸ਼ੇ ਦੀ ਕਾਰਵਾਈ ਭੇਦ-ਭਾਵ ਪੂਰਨ ਢੰਗ ਨਾਲ ਕੀਤੀ ਜਾਂਦੀ ਹੈ, ਜੋ ਕਿ ਸਹੀ ਨਹੀਂ ਹੈ। ਉਥੇ ਸੈਂਟਰਲ ਜੇਲ ਤੋਂ ਰਿਹਾਅ ਹੋਣ 'ਤੇ ਕੈਦੀ ਸੁਖਦੇਵ ਸਿੰਘ ਨੇ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਐਡਵੋਕੇਟ ਰਜਿੰਦਰ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ। ਉਸ ਨੇ ਕਾਨੂੰਨੀ ਮਾਹਿਰਾਂ ਨੂੰ ਅਪੀਲ ਕੀਤੀ ਕਿ ਜੇਲ 'ਚ ਨਕਸ਼ਾ ਭਰਨ ਦੇ ਨਿਯਮ ਅਮੀਰ-ਗਰੀਬ ਦਾ ਭੇਦਭਾਵ ਕੀਤੇ ਬਿਨਾਂ ਸਾਰੇ ਕੈਦੀਆਂ ਦੇ ਲਈ ਬਰਾਬਰ ਹੋਣੇ ਚਾਹੀਦੇ ਹਨ, ਤਾਂ ਕਿ ਕੋਈ ਕੈਦੀ ਆਪਣੀ ਸਜ਼ਾ ਪੂਰੀ ਹੋਣ ਦੇ ਬਾਅਦ ਵਾਧੂ ਸਜ਼ਾ ਕੱਟਣ ਨੂੰ ਮਜਬੂਰ ਨਾ ਹੋਵੇ।


Related News