ਜੇਲ੍ਹ ’ਚ ਮੁਲਾਕਾਤ ਕਰਨ ਆਈ ਹਵਾਲਾਤੀ ਦੀ ਪਤਨੀ ਤੋਂ ਦੋ ਸਿੰਮ ਕਾਰਡ ਬਰਾਮਦ
Tuesday, Dec 06, 2022 - 05:52 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਮੁਲਾਕਾਤ ਕਰਨ ਆਈ ਹਵਾਲਾਤੀ ਦੀ ਪਤਨੀ ਕੋਲੋਂ ਤਲਾਸ਼ੀ ਦੌਰਾਨ 2 ਸਿੰਮ ਕਾਰਡ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਉਕਤ ਹਵਾਲਾਤੀ ਅਤੇ ਉਸ ਦੀ ਪਤਨੀ ਖ਼ਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਅਯੂਬ ਮਸੀਹ ਨੇ ਦੱਸਿਆ ਕਿ ਪੱਤਰ ਨੰਬਰ 2135 ਰਾਹੀਂ ਰਿਸ਼ਵਪਾਲ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 5 ਦਸੰਬਰ 2022 ਨੂੰ ਹਵਾਲਾਤੀ ਸੂਰਜ ਸਿੰਘ ਉਰਫ ਮਹੂਆ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 7 ਇੰਦਰਾ ਨਗਰੀ ਅਬੋਹਰ ਥਾਣਾ ਸਿਟੀ-1 ਅਬੋਹਰ ਜ਼ਿਲ੍ਹਾ ਫਾਜ਼ਿਲਕਾ ਦੀ ਮੁਲਾਕਾਤ ਕਰਨ ਲਈ ਉਸ ਦੀ ਪਤਨੀ ਨਾਜੀਆ ਆਈ।
ਇਸ ਦੌਰਾਨ ਜਦੋਂ ਉਸ ਦੀ ਤਲਾਸ਼ੀ ਜਨਾਨਾ ਪੋਸਟ ’ਤੇ ਤਾਇਨਾਤ ਮੈਟਰਨ ਗੁਰਦੀਪ ਕੌਰ ਨੇ ਕੀਤੀ ਤਾਂ ਉਸ ਦੀ ਪਹਿਨੀ ਹੋਈ ਜੈਕਟ ਦੀ ਜੇਬ ਵਿਚੋਂ 2 ਸਿੰਮ ਕਾਰਡ ਬਰਾਮਦ ਹੋਈਆਂ। ਮੁਲਜ਼ਮ ਨਾਜ਼ੀਆ ਨੂੰ ਮੌਕੇ ’ਤੇ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿਚ ਬਰ ਜ਼ਮਾਨਤ ਰਿਹਾਅ ਕਰ ਦਿੱਤਾ ਗਿਆ।