ਹਵਾਲਾਤੀ ਦੇ ਪਰਿਵਾਰਾਂ ਨੇ ਜੇਲ ਦੀ ਸੁਰੱਖਿਆ ’ਤੇ ਉਠਾਏ ਸਵਾਲ
Wednesday, Aug 24, 2022 - 05:46 PM (IST)
ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ ਵਿਚ ਬੰਦ ਇਕ ਹਵਾਲਾਤੀ ਮਨੋਜ ਕੁਮਾਰ ਅਤੇ ਉਸ ਦੇ ਸਾਥੀਆਂ ’ਤੇ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰਨ ਸਬੰਧੀ ਪਰਿਵਾਰ ਵਾਲਿਆਂ ਨੇ ਜੇਲ ਪ੍ਰਸ਼ਾਸਨ ’ਤੇ ਸੁਰੱਖਿਆ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਵਾਲਾਤੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜੇਲ ਵਿਚ ਬੰਦ ਉਨ੍ਹਾਂ ਦੇ ਬੇਟੇ ਮਨੋਜ ਕੁਮਾਰ ਦਾ ਕੁਝ ਦਿਨ ਪਹਿਲਾਂ ਫੋਨ ਆਇਆ ਕਿ ਕੁਝ ਰਾਸ਼ੀ ਪੇਅ ਟੀ ਐੱਮ ਕਰਵਾ ਦਿੱਤੀ ਜਾਵੇ ਅਤੇ ਉਸ ਨੇ ਇਕ ਮੋਬਾਇਲ ਨੰਬਰ ਵੀ ਦੇ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਮੋਬਾਇਲ ਨੰਬਰ ’ਤੇ 8000 ਦੀ ਰਾਸ਼ੀ ਪੇਅ ਟੀ ਐੱਮ ਕਰਵਾ ਦਿੱਤੀ। ਜੇਲ ਵਿਚ ਬੰਦ ਬੇਟੇ ਨੇ ਉਕਤ ਰਾਸ਼ੀ ਦੀ ਹੋਰ ਸਾਥੀ ਬੰਦੀ ਤੋਂ ਮੰਗ ਕੀਤੀ ਤਾਂ ਉਸ ਨੇ ਉਸ ’ਤੇ ਅਤੇ ਉਸ ਦੇ ਹੋਰ ਦੋ ਸਾਥੀਆਂ ’ਤੇ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਜਿਥੇ ਉਨ੍ਹਾਂ ਦੇ ਸਿਰ ’ਤੇ ਟਾਂਕੇ ਵੀ ਲਗਾਏ ਗਏ।
ਜੇਲ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਕ ਬੰਦੀ ਨੇ ਕੁਝ ਬੰਦੀਆਂ ਤੋਂ ਜੇਲ ਵਿਚ ਐੱਲ.ਈ.ਡੀ. ਲਗਵਾਉਣ ਲਈ ਪੈਸੇ ਪੇਅ ਟੀ ਐੱਮ ਕਰਵਾਏ ਸਨ ਪਰ ਉਕਤ ਪੈਸਿਆਂ ਦੀ ਨਾ ਐੱਲ.ਈ.ਡੀ. ਆਈ ਅਤੇ ਨਾ ਹੀ ਉਨ੍ਹਾਂ ਦੀ ਪੇਟੀਐਮ ਕਰਵਾਈ ਰਕਮ ਵਾਪਸ ਕੀਤੀ ਗਈ ਜਿਸ ਕਾਰਨ ਇਨ੍ਹਾਂ ਵਿਚ ਆਪਸੀ ਝਗੜਾ ਹੋ ਗਿਆ ਅਤੇ ਮੁਲਜ਼ਮਾਂ ਨੇ ਕੁਝ ਬੰਦੀਆਂ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਜੇਲ ਪ੍ਰਸ਼ਾਸਨ ਨੂੰ ਭੇਜੇ ਪੱਤਰ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ’ਤੇ ਕੇਸ ਵੀ ਦਰਜ ਕਰ ਲਿਆ ਹੈ।