ਰਾਣਾ ਸਿੱਧੂ ਕਤਲ ਮਾਮਲੇ ’ਚ ਦੋਸ਼ੀ ਪਵਨ ਨਹਿਰਾ ਦਾ ਪੁਲਸ ਰਿਮਾਂਡ ਖਤਮ, ਭੇਜਿਆ 14 ਦਿਨ ਲਈ ਜੇਲ੍ਹ
Saturday, Dec 19, 2020 - 03:29 PM (IST)
ਮਲੋਟ (ਜੁਨੇਜਾ): ਪਿੰਡ ਔਲਖ ਵਿਖੇ ਕਤਲ ਹੋਏ ਸ੍ਰੀ ਮੁਕਤਸਰ ਸਾਹਿਬ ਵਾਸੀ ਰਣਜੀਤ ਸਿੰਘ ਰਾਣਾ ਸਿੱਧੂ ਦੇ ਕਤਲ ਮਾਮਲੇ ਵਿਚ ਜਿੰਮੇਵਾਰ ਲਾਰੇਂਸ ਬਿਸ਼ਨੋਈ ਗਿਰੋਹ ਦੇ ਸ਼ੂਟਰ ਪਵਨ ਨਹਿਰਾ ਦਾ ਅੱਜ ਪੁਲਸ ਰਿਮਾਂਡ ਖ਼ਤਮ ਹੋ ਗਿਆ ਹੈ ਅਤੇ ਅਦਾਲਤ ਨੇ ਇਸ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਇਨ੍ਹਾਂ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2020, ਵਿਦੇਸ਼ੀ ਧਰਤੀ ਨੇ ਉਜਾੜੇ ਕਈ ਪਰਿਵਾਰ
22ਅਕਤੂਬਰ ਨੂੰ ਚਾਰ ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਰਣਜੀਤ ਸਿੰਘ ਰਾਣਾ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਸਦਰ ਮਲੋਟ ਅਤੇ ਸੀ.ਆਈ.ਏ. ਸਟਾਫ਼ ਦੀ ਸਾਂਝੀ ਟੀਮ ਨੇ ਇਸ ਮਾਮਲੇ ਵਿਚ ਤਿੰਨ ਸ਼ੂਟਰਾਂ ਦੀ ਸ਼ਨਖਾਤ ਕਰ ਲਈ ਸੀ, ਜਿਨ੍ਹਾਂ ’ਚੋਂ ਇਕ ਪਵਨ ਨਹਿਰਾ ਨੂੰ ਮਲੋਟ ਪੁਲਸ ਗੁਰੂਗ੍ਰਾਮ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਪੁਲਸ ਨੇ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਸੀ ਅਤੇ ਅਦਾਲਤ ਨੇ ਉਸਦਾ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਸੀ। ਇਸ ਸਬੰਧੀ ਸਦਰ ਮਲੋਟ ਪੁਲਸ ਦੇ ਮੁੱਖ ਅਫ਼ਸਰ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਤਿੰਨ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜਾਂਚ ਟੀਮ ਨੇ ਪਵਨ ਨਹਿਰਾ ਨੂੰ ਮੁੜ ਮਲੋਟ ਵਿਖੇ ਸਬ-ਡਵੀਜਨ ਜੁਡੀਸ਼ੀਅਲ ਜੱਜ ਅਮਨ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਪਵਨ ਨਹਿਰਾ ਨੂੰ 14 ਦਿਨ ਲਈ ਮਾਡਰਨ ਜੇਲ੍ਹ ਫਰੀਦਕੋਟ ਵਿਖੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਕਿਸਾਨੀ ਘੋਲ ’ਚ ਗਿਆ ਪਿਓ ਤਾਂ ਧੀ ਨੇ ਆਪਣੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ
8 ਕਤਲਾਂ ਲਈ ਜਿੰਮੇਵਾਰ ਹੈ ਪਵਨ ਨਹਿਰਾ: ਲਾਰੇਂਸ ਗਿਰੋਹ ਨਾਲ ਸਬੰਧਤ ਦੋਸ਼ੀ ਪਵਨ ਨਹਿਰਾ ਨੂੰ ਪੁਲਸ ਨੇ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ’ਚ ਪੇਸ਼ ਕੀਤਾ। ਜਾਣਕਾਰੀ ਅਨੁਸਾਰ 23 ਸਾਲ ਦੇ ਪਵਨ ਨਹਿਰਾ ਵਿਰੁੱਧ ਦਰਜਨ ਤੋਂ ਵੱਧ ਮਾਮਲੇ ਹਨ ਜਿਨ੍ਹਾਂ ਵਿਚ 8 ਮਾਮਲੇ ਕਤਲ ਦੇ ਹਨ।