ਜੇਲ ''ਚ ਅਨਪੜ੍ਹ ਕੈਦੀਆਂ ਨੂੰ ਪੜ੍ਹਾਉਣਗੇ ਸਿੱਖਿਅਤ ਕੈਦੀ
Monday, Sep 24, 2018 - 05:05 PM (IST)

ਪਟਿਆਲਾ—ਦੇਸ਼ ਭਰ ਦੀਆਂ ਜੇਲਾਂ 'ਚ ਬੰਦ ਕੈਦੀਆਂ ਨੂੰ ਸਿੱਖਿਅਤ ਕੀਤਾ ਜਾਵੇਗਾ। ਇਸ ਦੇ ਲਈ ਪ੍ਰਧਾਨ ਮੰਤਰੀ ਦਫਤਰ ਨੇ ਸੈਕ੍ਰੇਟਰੀ ਗ੍ਰਹਿ ਮੰਤਰਾਲੇ ਦੇ ਕੋਲ ਪ੍ਰਪੋਜ਼ਲ ਭੇਜ ਕੇ ਕਾਰਵਾਈ ਦੇ ਲਈ ਕਿਹਾ ਹੈ। ਇਸ ਪ੍ਰਾਜੈਕਟ ਦੇ ਤਹਿਤ 6 ਮਹੀਨੇ 'ਚ ਅਨਪੜ੍ਹ ਕੈਦੀ ਪੜ੍ਹਨਾ-ਲਿਖਣਾ ਸਿਖ ਸਕਣਗੇ। ਖਾਸ ਗੱਲ ਇਹ ਹੈ ਕਿ ਅਨਪੜ੍ਹ ਕੈਦੀਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਜੇਲ 'ਚ ਸਜ਼ਾ ਕੱਟ ਰਹੇ ਸਿੱਖਿਅਤ ਕੈਦੀਆਂ ਨੂੰ ਦਿੱਤਾ ਜਾਵੇਗਾ। ਇਸ ਮੁਹਿੰਮ 'ਚ ਆਪਣਾ ਯੋਗਦਾਨ ਪਾਉਣ ਵਾਲੇ ਕੈਦੀਆਂ ਨੂੰ ਵਧੀਆ ਚਾਲ-ਚਲਣ ਦੇ ਲਈ ਸਨਮਾਨਿਤ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਹੈ।
ਇਹ ਪ੍ਰਾਜੈਕਟ ਪਟਿਆਲਾ ਦੇ ਐੱਸ.ਡੀ.ਐੱਸ.ਈ. ਸਕੂਲ ਦੇ ਐੱਸ.ਐੱਸ. ਅਧਿਆਪਕ ਅਨਿਲ ਕੁਮਾਰ ਭਾਰਤੀ ਦੇ ਪ੍ਰਪੋਜ਼ਲ ਦੇ ਬਾਅਦ ਸੰਭਵ ਹੋਇਆ ਹੈ। ਅਨਿਲ ਕੁਮਾਰ ਭਾਰਤੀ ਨੇ ਜੇਲਾਂ 'ਚ ਅਨਪੜ੍ਹ ਕੈਦੀਆਂ ਨੂੰ ਸਿੱਖਿਅਤ ਕਰਨ ਦੇ ਉਦੇਸ਼ ਨਾਲ 'ਭਾਸ਼ਾ ਗਿਆਨ ਵਲੋਂ ਆਤਮ ਸਨਮਾਨ' ਪ੍ਰਾਜੈਕਟ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ 18 ਜੁਲਾਈ ਨੂੰ ਭੇਜਿਆ ਸੀ। ਪ੍ਰਧਾਨ ਮੰਤਰੀ ਦਫਤਰ ਨੇ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦੇ ਲਈ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਸਬੰਧੀ ਅਨਿਲ ਕੁਮਾਰ ਭਾਰਤੀ ਨੂੰ ਵੀ ਸੂਚਿਤ ਕੀਤਾ।
ਪਟਿਆਲਾ ਜੇਲ ਦੇ ਕੈਦੀਆਂ ਨੂੰ ਕੀਤਾ ਸੀ ਸਿੱਖਿਅਤ
ਅਨਿਲ ਕੁਮਾਰ ਭਾਰਤੀ ਇਸ ਪ੍ਰਾਜੈਕਟ ਦੇ ਤਹਿਤ 5 ਸਾਲ ਪਹਿਲਾਂ ਰੋਟਰੀ ਕਲੱਬ ਦੇ ਸਹਿਯੋਗ ਨਾਲ ਪਟਿਆਲਾ ਜੇਲ 'ਚ 51 ਐਜੂਕੇਸ਼ਨ ਕਿੱਟਾਂ ਵੰਡ ਚੁੱਕੇ ਹਨ। ਇਸ ਦਾ ਉਨ੍ਹਾਂ ਨੂੰ ਕਾਫੀ ਵਧੀਆ ਰਿਸਪਾਂਸ ਮਿਲਿਆ ਸੀ। ਇਸ ਕਿੱਟ 'ਚ ਕੈਦੀਆਂ ਦੇ ਲਈ ਤਿਆਰ ਕਿਤਾਬਾਂ, ਸਲੇਟ ਅਤੇ ਡਸਟਰ ਦਿੱਤਾ ਗਿਆ ਸੀ। ਕੈਦੀਆਂ ਨੇ ਉਨ੍ਹਾਂ ਨੂੰ ਕਈ ਪੱਤਰ ਵੀ ਲਿਖੇ। ਇਸ ਦੇ ਬਾਅਦ ਉਨ੍ਹਾਂ ਦੇ ਮਨ 'ਚ ਦੇਸ਼ ਭਰ ਦੀਆਂ ਜੇਲਾਂ 'ਚ ਬੰਦ ਕੈਦੀਆਂ ਨੂੰ ਸਿੱਖਿਅਤ ਕਰਨ ਦਾ ਖਿਆਲ ਆਇਆ।