ਜੌਹਲ ਦੀ ਹਮਾਇਤ ਕਰਕੇ ''ਆਪ'' ਆਈ. ਐੱਸ. ਆਈ. ਦੇ ਮਨਸੂਬੇ ਪੂਰੇ ਕਰ ਰਹੀ : ਭਾਜਪਾ
Friday, Nov 24, 2017 - 09:51 AM (IST)

ਚੰਡੀਗੜ੍ਹ (ਬਿਊਰੋ)-ਪੰਜਾਬ ਦੀ ਅਮਨ-ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਦੀ ਪ੍ਰਵਾਹ ਕੀਤੇ ਬਗੈਰ ਐੱਨ. ਆਰ. ਆਈ. ਫੰਡਿੰਗ ਦੇ ਲਾਲਚ ਵਿਚ ਆਮ ਆਦਮੀ ਪਾਰਟੀ (ਆਪ) ਵਲੋਂ ਜਗਤਾਰ ਜੱਗੀ ਜੌਹਲ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਬਾਅਦ ਦੇ ਹਾਲਾਤ ਨੂੰ ਬਿਨਾਂ ਪਰਖੇ ਮੁੱਦਾ ਬਣਾਉਣਾ ਬਹੁਤ ਹੀ ਨਿੰਦਣਯੋਗ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ। ਉਨ੍ਹਾਂ ਕਿਹਾ ਕਿ ਆਪ ਜਿਸ ਤਰ੍ਹਾਂ ਬਿਨਾਂ ਕਾਰਨ 12 ਨਿਰਦੋਸ਼ ਅਤੇ ਨਿਹੱਥੇ ਪੰਜਾਬੀਆਂ ਦੀਆਂ ਹੱਤਿਆਵਾਂ ਦੇ ਦੋਸ਼ੀ ਜੱਗੀ ਜੌਹਲ (ਜੋ ਕਿ ਭਾਰਤ ਦਾ ਰਹਿਣ ਵਾਲਾ ਨਹੀਂ ਹੈ) ਦੇ ਸਮਰਥਨ ਵਿਚ ਫੇਸਬੁੱਕ 'ਤੇ ਮੁਹਿੰਮ ਚਲਾ ਕੇ ਪੰਜਾਬ ਪੁਲਸ ਦੀ ਜਾਂਚ 'ਤੇ ਉਂਗਲੀ ਚੁੱਕ ਕੇ ਹਾਏ ਤੋਬਾ ਮਚਾ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਉਹ ਪੰਜਾਬ ਵਿਚ ਦੁਬਾਰਾ ਅੱਤਵਾਦ ਦੇ ਕਾਲੇ ਦੌਰ ਨੂੰ ਲਿਆਉਣ ਲਈ ਜੀਅ ਜਾਨ ਨਾਲ ਲੱਗੀ ਪਾਕਿਸਤਾਨੀ ਏਜੰਸੀ ਆਈ. ਐੱਸ. ਆਈ. ਦੇ ਮਨਸੂਬਿਆਂ ਨੂੰ ਪੂਰਾ ਕਰ ਰਹੀ ਹੈ।
ਭਾਜਪਾ ਆਗੂਆਂ ਗਰੇਵਾਲ ਅਤੇ ਜੋਸ਼ੀ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਆਪ ਦੇ ਵਿਧਾਇਕ ਕੰਵਰ ਸੰਧੂ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਇਹ ਦੱਸਣ ਕਿ ਉਨ੍ਹਾਂ ਕਦੋਂ ਪੰਜਾਬ ਪੁਲਸ ਤੋਂ ਜੱਗੀ ਜੌਹਲ ਦੀ ਗ੍ਰਿਫ਼ਤਾਰੀ ਦੇ ਤੱਥ ਲਏ ਅਤੇ ਕਦੋਂ ਉਹ ਉਸ ਨੂੰ ਮਿਲੇ? ਬਿਨਾਂ ਜਾਂਚ ਏਜੰਸੀ ਦਾ ਪੱਖ ਸੁਣੇ, ਇਨ੍ਹਾਂ ਦੋਵਾਂ ਨੇ ਮੰਨ ਲਿਆ ਕਿ ਜੱਗੀ ਜੌਹਲ ਦੀ ਗ੍ਰਿਫ਼ਤਾਰੀ ਗਲਤ ਹੈ ਤੇ ਉਸ ਨੂੰ ਟਾਰਚਰ ਕੀਤਾ ਜਾ ਰਿਹਾ ਹੈ।