ਜਗਰਾਓਂ ’ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਗੈਂਗਸਟਰ ਜੈਪਾਲ ਭੁੱਲਰ ’ਤੇ ਮਾਮਲਾ ਦਰਜ
Sunday, May 16, 2021 - 06:32 PM (IST)
ਜਗਰਾਓਂ /ਲੁਧਿਆਣਾ (ਮਾਲਵਾ) : ਜਗਰਾਓਂ ’ਚ ਪੁਲਸ ਪਾਰਟੀ ’ਤੇ ਗੋਲ਼ੀਆਂ ਚਲਾ ਕੇ ਦੋ ਥਾਣੇਦਾਰਾਂ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਸ ਨੇ ਪਿਛਲੇ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਇਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਇਸ ਵਾਰਦਾਤ ਤੋਂ ਬਾਅਦ ਇਹ ਸ਼ੱਕ ਕੀਤਾ ਜਾ ਰਿਹਾ ਸੀ ਕਿ ਪੁਲਸ ’ਤੇ ਗੋਲ਼ੀਬਾਰੀ ਕਰਨ ਵਾਲੇ ਨਸ਼ਾ ਸਮਗਲਰ ਹੋ ਸਕਦੇ ਹਨ ਪਰ ਦੇਰ ਰਾਤ ਪੁਲਸ ਵਲੋਂ ਇਸ ਮਾਮਲੇ ’ਚ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ, ਬਲਜਿੰਦਰ ਸਿੰਘ ਉਰਫ ਬੱਬੀ ਮੋਗਾ, ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਖਰੜ ਅਤੇ ਦਰਸ਼ਨ ਸਿੰਘ ਵਾਸੀ ਲੁਧਿਆਣਾ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ’ਚ ਕਤਲ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਇਹ ਮਾਮਲਾ, ਘਟਨਾ ਮੌਕੇ ਹਾਜ਼ਰ ਤੀਜੇ ਪੁਲਿਸ ਮੁਲਾਜ਼ਮ ਰਾਜਵਿੰਦਰ ਸਿੰਘ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ’ਚ ਕਰਫਿਊ ਦੀ ਮਿਆਦ ’ਚ ਵਾਧਾ, 23 ਮਈ ਤਕ ਜਾਰੀ ਰੱਖਣ ਦੇ ਹੁਕਮ
ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਜੈਪਾਲ ਭੁੱਲਰ ਏ ਕੈਟਾਗਰੀ ਦਾ ਗੈਂਗਸਟਰ ਹੈ ਅਤੇ ਪੰਜਾਬ ਪੁਲਸ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਹੈ। ਪੰਜਾਬ ਪੁਲਸ ਵਲੋਂ ਜੈਪਾਲ ਭੁੱਲਰ ’ਤੇ ਇਨਾਮ ਵੀ ਰੱਖਿਆ ਗਿਆ ਹੈ। ਜੈਪਾਲ ਭੁੱਲਰ ਦਾ ਨਾਮ ਰੌਕੀ ਫਾਜ਼ਿਲਕਾ ਦੇ ਕਤਲ ਕਾਂਡ ਵਿਚ ਵੀ ਮੁੱਖ ਤੌਰ ’ਤੇ ਲਿਆ ਜਾਂਦਾ ਹੈ। ਉਧਰ ਗੈਂਗਸਟਰ ਜੈਪਾਲ ਭੁੱਲਰ ਦੀ ਪੁਲਸ ਵਲੋਂ ਭਾਲ ਲਈ ਪੰਜਾਬ ਦੇ ਕਈ ਸ਼ਹਿਰਾਂ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ’ਚ ਸਿਮਰਜੀਤ ਬੈਂਸ ਤੇ ਅਕਾਲੀਆਂ ਵਿਚਾਲੇ ਹਿੰਸਕ ਝੜਪ
ਇੰਝ ਹੋਈ ਸੀ ਵਾਰਦਾਤ
ਸ਼ਨੀਵਾਰ ਨੂੰ ਸਥਾਨਕ ਨਵੀਂ ਦਾਣਾ ਮੰਡੀ ’ਚ ਅਣਪਛਾਤਿਆਂ ਵਲੋਂ 2 ਥਾਣੇਦਾਰਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਇਕ ਚਿੱਟੇ ਰੰਗ ਦੀ ਕਾਰ ਤੇ ਲਾਲ ਰੰਗ ਦੇ ਕੈਂਟਰ ’ਚ ਸਵਾਰ ਸਨ, ਜੋ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਡੀ. ਐੱਸ. ਪੀ. ਜਤਿੰਦਰਜੀਤ ਸਿੰਘ ਤੇ ਸੀ. ਆਈ. ਏ. ਸਟਾਫ ਦੇ ਮੁਖੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਅਣਪਛਾਤੇ ਵਿਅਕਤੀ, ਜੋ ਕਿ ਇਕ ਕਾਰ ਅਤੇ ਕੈਂਟਰ ’ਚ ਸਵਾਰ ਸਨ, ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਨਵੀਂ ਦਾਣਾ ਮੰਡੀ ’ਚ ਉਨ੍ਹਾਂ ਦੀ ਪੁਲਸ ਕਰਮਚਾਰੀਆਂ ਨਾਲ ਝੜਪ ਹੋ ਗਈ ਤਾਂ ਕਾਰ ਸਵਾਰਾਂ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਕੇ ਮੋਗਾ ਵੱਲ ਫਰਾਰ ਹੋ ਗਏ। ਇਸ ਫਾਇਰਿੰਗ ’ਚ ਸੀ. ਆਈ. ਏ. ਸਟਾਫ ਜਗਰਾਓਂ ਦੇ ਏ. ਐੱਸ. ਆਈ. ਭਗਵਾਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਗੰਭੀਰ ਹਾਲਤ ’ਚ ਦੂਸਰੇ ਏ. ਐੱਸ. ਆਈ. ਦਲਵਿੰਦਰ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਕੈਂਟਰ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਕਾਰ ਅਤੇ ਅਣਪਛਾਤੇ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬੇਅਦਬੀ ਦੇ ਸਬੂਤ ਮੰਗਣ ਵਾਲੇ ਸੁਖਬੀਰ ਬਾਦਲ ਨੂੰ ਨਵਜੋਤ ਸਿੱਧੂ ਦਾ ਠੋਕਵਾਂ ਜਵਾਬ, ਪੇਸ਼ ਕੀਤੇ ਸਬੂਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?