ਜਗਮੀਤ ਬਰਾੜ ਦਾ ''ਤ੍ਰਿਣਮੂਲ ਕਾਂਗਰਸ'' ''ਚੋਂ ਅਸਤੀਫਾ
Saturday, Jan 27, 2018 - 03:48 PM (IST)

ਚੰਡੀਗੜ੍ਹ : ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਹਿ ਚੁੱਕੇ ਜਗਮੀਤ ਬਰਾੜ ਨੇ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਗਮੀਤ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਇਕ ਹਫਤਾ ਪਹਿਲਾਂ ਹੀ ਭੇਜ ਦਿੱਤਾ ਸੀ। ਉਨ੍ਹਾਂ ਨੇ ਪਾਰਟੀ ਦੀ ਪੰਜਾਬ ਇਕਾਈ ਲਈ ਪ੍ਰਧਾਨ ਚੁਣੇ ਜਾਣ 'ਤੇ ਮਮਤਾ ਬੈਨਰਜੀ ਦਾ ਧੰਨਵਾਦ ਵੀ ਕੀਤਾ। ਜਗਮੀਤ ਬਰਾੜ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਆਉਣ ਵਾਲੇ ਸਿਆਸੀ ਜੀਵਨ ਸਬੰਧੀ ਸਲਾਹ-ਮਸ਼ਵਰਾ ਕਰਨਗੇ। ਜ਼ਿਕਰਯੋਗ ਹੈ ਕਿ ਜਗਮੀਤ ਬਰਾੜ ਨੇ ਪਹਿਲੀ ਵਾਰ ਕੋਈ ਪਾਰਟੀ ਨਹੀਂ ਛੱਡੀ ਹੈ, ਸਗੋਂ ਇਸ ਤੋਂ ਪਹਿਲਾਂ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੀ ਛੱਡ ਚੁੱਕੇ ਹਨ ਅਤੇ ਇਹ ਪਹਿਲਾ ਮੌਕਾ ਹੈ ਕਿ ਉਨ੍ਹਾਂ ਨੇ ਕਿਸੇ ਪਾਰਟੀ ਨੂੰ ਛੱਡਣ ਸਮੇਂ ਉਸ 'ਤੇ ਸਿਆਸੀ ਹਮਲਾ ਨਹੀਂ ਕੀਤਾ।