'ਬੂਟਾ ਸਿੰਘ ਸਾਡੇ ਸਿਰਾਂ ਦੇ ਤਾਜ', ਵਿਵਾਦ ਮਗਰੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਸਪੱਸ਼ਟੀਕਰਨ (ਵੀਡੀਓ)

Monday, Nov 03, 2025 - 08:44 PM (IST)

'ਬੂਟਾ ਸਿੰਘ ਸਾਡੇ ਸਿਰਾਂ ਦੇ ਤਾਜ', ਵਿਵਾਦ ਮਗਰੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਸਪੱਸ਼ਟੀਕਰਨ (ਵੀਡੀਓ)

ਚੰਡੀਗੜ੍ਹ : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਚੋਣ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਕਹੀਆਂ ਗੱਲਾਂ 'ਤੇ ਵਿਵਾਦ ਭਖਣ ਮਗਰੋਂ ਵੜਿੰਗ ਨੇ ਇਸ ਸਾਰੇ ਮਾਮਲੇ ਉੱਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਦੀ ਹੈ ਤੇ ਬੂਟਾ ਸਿੰਘ ਸਾਡੇ ਸਿਰਾਂ ਦਾ ਤਾਜ ਸਨ। ਉਨ੍ਹਾਂ ਦੇ ਬਿਆਨ ਦਾ ਇਕ ਪਾਰਟ ਕੱਟ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਵੀਡੀਓ ਜਾਰੀ ਕਰ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਮੈਂ ਤਰਨਤਾਰਨ ਵਿਚ ਜਨਤਾ ਨੂੰ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਕਾਂਗਰਸ ਨੇ ਪੱਗ ਵਾਲਿਆਂ ਸਨਮਾਨ ਕੀਤਾ, ਚਾਹੇ ਉਹ ਮਨਮੋਹਨ ਸਿੰਘ ਜੀ ਸਨ, ਚਾਹੇ ਉਹ ਗਿਆਨੀ ਜੈਲ ਸਿੰਘ ਜੀ ਸਨ ਤੇ ਚਾਹੇ ਉਹ ਬੂਟਾ ਸਿੰਘ ਜੀ ਸਨ ਤੇ ਚਾਹੇ ਫੌਜਾਂ ਦੇ ਜਨਰਲ ਬਣਾਉਣ ਦੀ ਗੱਲ ਕਰੀਏ ਇਹ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ। ਮੈਂ ਕਿਹਾ ਗਿਆਨੀ ਜੈਲ ਸਿੰਘ ਗੁਰਦੁਆਰੇ ਵਿਚ ਪਾਠ ਕਰਦੇ ਸਨ ਤੇ ਸਾਈਕਲ ਉੱਤੇ ਜਾਂਦੇ ਸਨ। ਉਨ੍ਹਾਂ ਨੂੰ ਕਾਂਗਰਸ ਨੇ ਦੇਸ਼ ਦਾ ਰਾਸ਼ਟਰਪਤੀ ਬਣਾਇਆ। ਮੈਂ ਕਿਹਾ ਕਿ ਬੂਟਾ ਸਿੰਘ ਜੀ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ। ਮੈਂ ਕਿਸੇ ਦੇ ਰੰਗ ਭੇਦ ਬਾਰੇ ਗੱਲ ਨਹੀਂ ਕੀਤੀ ਬਲਕਿ ਇਹ ਕਿਹਾ ਕਿ ਕਾਂਗਰਸ ਹਰ ਇਨਸਾਨ ਨੂੰ ਨਾਲ ਲੈ ਕੇ ਚੱਲੀ। ਮੈਂ ਇਸ ਦੌਰਾਨ ਗੁਰੂ ਸਾਹਿਬ ਦੀਆਂ ਪੰਗਤੀਆਂ ਵੀ ਬੋਲੀਆਂ, 'ਰੰਗਰੇਟੇ ਗੁਰੂ ਕੇ ਬੇਟੇ'। 

ਇਸ ਦੌਰਾਨ ਵੜਿੰਗ ਨੇ ਕਿਹਾ ਕਿ ਕਿਸੇ ਨੇ ਇਸ ਦੌਰਾਨ ਕੱਟ ਕੇ ਇੰਨਾ ਹੀ ਦੱਸਿਆ ਕਿ ਰਾਜਾ ਵੜਿੰਗ ਨੇ ਬੂਟਾ ਸਿੰਘ ਜੀ ਨੂੰ ਇਹ ਸ਼ਬਦ ਬੋਲੇ ਹਨ। ਬੂਟਾ ਸਿੰਘ ਮੇਰੇ ਪਿਤਾ ਸਮਾਨ ਹਨ ਤੇ ਰਹਿਣਗੇ। ਉਹ ਸਾਡੇ ਸਿਰਾਂ ਦਾ ਤਾਜ ਹਨ। ਇਹ ਜੋ ਮਾਰਸ਼ਲ ਕੌਮ ਸਾਡੇ ਮਜ਼੍ਹਬੀ ਸਿੱਖ ਹੈ, ਇਨ੍ਹਾਂ ਨੇ ਸਿਧਾਂਤਾਂ ਲਈ ਹਮੇਸ਼ਾ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ। ਮੈਂ ਉਨ੍ਹਾਂ ਖਿਲਾਫ ਅਜਿਹਾ ਕਿਵੇਂ ਬੋਲ ਸਕਦਾ ਹਾਂ। ਕੁਝ ਮੇਰੇ ਸ਼ੁਭਚਿੰਤਕ ਹਨ ਜੋ ਫੈਲਾਉਣਾ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਬਾਰੇ ਅਜਿਹੇ ਸ਼ਬਦ ਬੋਲਦਾ ਹਾਂ। ਮੈਂ ਫਿਰ ਕਹਿੰਦਾ ਹਾਂ ਕਿ ਉਹ ਸਾਡੇ ਸਿਰ ਦੇ ਤਾਜ ਸਨ, ਹਨ ਤੇ ਰਹਿਣਗੇ। ਮੈਂ ਉਨ੍ਹਾਂ ਬਾਰੇ ਅਜਿਹਾ ਕੁਝ ਵੀ ਨਹੀਂ ਕਿਹਾ ਹੈ। ਇਹ ਅਨਾਬ-ਸ਼ਨਾਬ ਮੇਰੇ ਕੁਝ ਸ਼ੁਭਚਿੰਤਕਾਂ ਨੂੰ ਲੱਗਦਾ ਹੈ।

ਦੇਖੋ ਵੀਡੀਓ...
 


author

Baljit Singh

Content Editor

Related News