ਕਿਸਾਨਾਂ ਨੇ ਕਿਉਂ ਠੁਕਰਾਇਆ ਕੇਂਦਰ ਦਾ ਪ੍ਰਸਤਾਵ? ਜਗਜੀਤ ਸਿੰਘ ਡੱਲੇਵਾਲ ਨੇ ਦੱਸੀ ਅੰਦਰਲੀ ਗੱਲ

Tuesday, Feb 20, 2024 - 06:14 AM (IST)

ਚੰਡੀਗੜ੍ਹ: ਕਿਸਾਨਾਂ ਵੱਲੋਂ MSP ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸ ਵਿਚਾਲੇ ਕੇਂਦਰ ਵੱਲੋਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਮੀਟਿਗਾਂ ਦਾ ਦੌਰ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈ ਚੌਥੇ ਗੇੜ ਦੀ ਮੀਟਿੰਗ ਵਿਚ ਕੇਂਦਰ ਵੱਲੋਂ ਕਿਸਾਨਾਂ ਨੂੰ ਐੱਮ.ਐੱਸ.ਪੀ. ਨੂੰ ਲੈ ਕੇ ਇਕ ਪ੍ਰਸਤਾਵ ਦਿੱਤਾ ਗਿਆ ਸੀ ਕਿ ਸਰਕਾਰੀ ਏਜੰਸੀਆਂ MSP 'ਤੇ ਮੱਕੀ, ਕਪਾਹ ਤੇ ਦਾਲਾਂ ਦੀ ਖ਼ਰੀਦ ਕਰਨਗੀਆਂ। ਇਸ ਲਈ ਉਹ 5 ਸਾਲਾਂ ਵਿਚ ਲਿਖ਼ਤੀ ਕਰਾਰ ਵੀ ਕਰਨਗੀਆਂ। ਕਿਸਾਨਾਂ ਨੇ ਇਸ ਪ੍ਰਸਤਾਵ 'ਤੇ ਵਿਚਾਰ ਕਰਨ ਦੀ ਗੱਲ ਕਹੀ ਸੀ ਤੇ ਅੱਜ ਉਨ੍ਹਾਂ ਵੱਲੋਂ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਤੇ 21 ਫ਼ਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - PM ਮੋਦੀ ਨਾਲ ਮੁਲਾਕਾਤ ਮਗਰੋਂ ਬੋਲੇ ਕੈਪਟਨ ਅਮਰਿੰਦਰ ਸਿੰਘ- 'ਜਲਦ ਹੋਵੇਗਾ ਕਿਸਾਨਾਂ ਦੇ ਮਸਲੇ ਦਾ ਹੱਲ'

ਇਸ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਪ੍ਰਸਤਾਵ ਨੂੰ ਠੁਕਰਾਉਣ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਕੇਂਦਰੀ ਮੰਤਰੀ ਮੀਟਿੰਗ ਵਿਚ ਕੁਝ ਹੋਰ ਕਹਿੰਦੇ ਹਨ ਤੇ ਬਾਹਰ ਆ ਕੇ ਪੱਤਰਕਾਰਾਂ ਸਾਹਮਣੇ ਕੁਝ ਹੋਰ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਨਾ ਕਰਨ ਦਾ ਕਾਰਨ ਇਹ ਹੈ ਕਿ ਕੇਂਦਰੀ ਮੰਤਰੀਆਂ ਨੇ ਬੈਠਕ ਦੌਰਾਨ ਕਿਹਾ ਸੀ ਕਿ ਉਹ ਦੇਸ਼ ਦੀਆਂ ਸਾਰੀਆਂ ਫਸਲਾਂ ਦੀ ਖਰੀਦ ਕਰਨਗੇ, ਪਰ ਬਾਹਰ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਬਿਲਕੁਲ ਵੱਖਰੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਾਨੂੰ ਅੰਦਰ ਇਹ ਗੱਲ ਕਹੀ ਗਈ ਸਿ ਕਿ ਅਸੀਂ ਸਾਰੇ ਦੇਸ਼ ਦੀਆਂ ਸਾਰੀਆਂ ਫ਼ਸਲਾਂ ਨੂੰ ਖਰੀਦਾਂਗੇ, ਪਰ ਬਾਹਰ ਆ ਕੇ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਜਿਹੜੇ ਕਿਸਾਨ ਝੋਨੇ ਤੇ ਕਣਕ ਨੂੰ ਛੱਡ ਕੇ ਇੰਨ੍ਹਾਂ-ਇੰਨ੍ਹਾਂ ਫ਼ਸਲਾਂ ਦੀ ਖੇਤੀ ਕਰਨਗੇ, ਉਨ੍ਹਾਂ ਨੂੰ MSP ਦੇਵਾਂਗੇ। ਇਸ ਦਾ ਮਤਲਬ ਜਿਹੜੇ ਕਿਸਾਨ ਪਹਿਲਾਂ ਹੀ ਉਨ੍ਹਾਂ ਫ਼ਸਲਾਂ ਦੀ ਖੇਤੀ ਕਰ ਰਿਹਾ ਹੈ, ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ, ਇਹ ਉਨ੍ਹਾਂ ਕਿਸਾਨਾਂ ਦੇ ਨਾਲ ਬੇਇਨਸਾਫ਼ੀ ਹੈ। ਉਸ ਬੇਇਨਸਾਫ਼ੀ ਨੂੰ ਦੇਖਦਿਆਂ ਸਾਨੂੰ ਇਸ ਵਿਚ ਕਿਸਾਨਾਂ ਲਈ ਕੁਝ ਨਜ਼ਰ ਨਹੀਂ ਆਇਆ।

ਇਹ ਖ਼ਬਰ ਵੀ ਪੜ੍ਹੋ - ਅੱਥਰੂ ਗੈਸ ਤੋਂ ਬਾਅਦ ਹੁਣ ਕਿਸਾਨਾਂ ਲਈ ਨਵਾਂ 'ਹਥਿਆਰ' ਲਿਆਈ ਪੁਲਸ! ਬਾਰਡਰ 'ਤੇ ਪਹੁੰਚਿਆ ਸਾਊਂਡ ਕੈਨਨ

ਡੱਲੇਵਾਲ ਨੇ ਕਿਹਾ ਕਿ ਦੂਜੀ ਗੱਲ ਉਨ੍ਹਾਂ (ਕੇਂਦਰੀ ਮੰਤਰੀਆਂ) ਨੇ ਇਹ ਕਹੀ ਕਿ ਪੂਰੇ ਦੇਸ਼ ਵਿਚ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਦਾਲਾਂ ਦੀ ਖ਼ਰੀਦ ਯਕੀਨੀ ਬਣਾਉਣ ਲਈ 1.5 ਲੱਖ ਕਰੋੜ ਰੁਪਏ ਖਰਚ ਕਰਨੇ ਪੈਣਗੇ। ਪਰ ਸਾਡੇ ਮਾਹਿਰ ਮੁਤਾਬਕ ਇਹ ਪੂਰੀ ਤਰ੍ਹਾਂ ਨਾਲ ਗਲਤ ਹੈ। ਸਾਡੇ ਮਾਹਿਰਾਂ ਦਾ ਮੰਨਣਾ ਹੈ ਕਿ 1.75 ਲੱਖ ਕਰੋੜ ਰੁਪਏ ਨਾਲ ਪੂਰੇ ਦੇਸ਼ ਦੇ ਕਿਸਾਨਾਂ ਦੀ ਫ਼ਸਲ ਖ਼ਰੀਦੀ ਜਾ ਸਕਦੀ ਹੈ। ਤਾਂ ਫ਼ਿਰ 1.5 ਲੱਖ ਕਰੋੜ ਰੁਪਏ ਖਰਚ ਕੇ ਕੁਝ ਕਿਸਾਨਾਂ ਨੂੰ ਹੀ ਫ਼ਾਇਦਾ ਦੇਣਾ ਗਲਤ ਗੱਲ ਹੈ। ਇਸ ਲਈ ਅਸੀਂ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। 

21 ਫ਼ਰਵਰੀ ਦੇ ਦਿੱਲੀ ਕੂਚ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀਪੂਰਨ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ। ਸਾਡਾ ਟਕਰਾਅ ਪੈਦਾ ਕਰਨ ਦਾ ਮੰਤਵ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਕਹਿ ਰਹੇ ਹਾਂ, ਉਹ ਮੰਗਾਂ ਨਹੀਂ ਹਨ, ਸਗੋਂ ਸਰਕਾਰ ਵੱਲੋਂ ਸਾਡੇ ਨਾਲ ਕੀਤੇ ਗਏ ਵਾਅਦੇ ਹਨ, ਸਰਕਾਰ ਆਪਣੇ ਵਾਅਦੇ ਪੂਰੇ ਕਰੇ ਤੇ ਜੇ ਵਾਅਦੇ ਪੂਰੇ ਨਹੀਂ ਕਰ ਸਕਦੀ ਤਾਂ ਸਾਡੇ ਰਾਹ 'ਚੋਂ ਬੈਰੀਕੇਡ ਹਟਾ ਦੇੇਵੇ, ਅਸੀਂ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News