ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸ਼ੁਰੂ ਕੀਤੀ ਭੁੱਖ-ਹੜ੍ਹਤਾਲ, ਪ੍ਰਸ਼ਾਸਨ 'ਤੇ ਲਾਏ ਇਹ ਵੱਡੇ ਦੋਸ਼
Wednesday, Jan 06, 2021 - 02:04 PM (IST)
ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ 9 ਹੋਰ ਗੈਂਗਸਟਰਾਂ ਨੇ ਜੇਲ੍ਹ ਅੰਦਰ ਹੀ ਭੁੱਖ-ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਜੱਗੂ ਭਗਵਾਨਪੁਰੀਆ ਦੇ ਵਕੀਲ ਹਿਰਦੇਸ਼ਵਰ ਸਿੰਘ ਜੰਜੂਆ ਨੇ ਦਿੱਤੀ। ਜੱਗੂ ਭਗਵਾਨਪੁਰੀਆ ਦੇ ਨਾਲ ਅਕਾਸ਼ ਚੌਹਾਨ, ਕੁਲਵੰਤ ਸਿੰਘ, ਹਰਿੰਦਰ ਸਿੰਘ, ਪ੍ਰਿੰਸ ਮਨੀ, ਨਰੇਸ਼ ਲਾਡੀ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਧਰਮਿੰਦਰ ਸਿੰਘ ਗੋਲੀ ਵੀ ਪਿਛਲੇ 24 ਘੰਟਿਆਂ ਤੋਂ ਭੁੱਖ-ਹੜ੍ਹਤਾਲ 'ਤੇ ਬੈਠੇ ਹੋਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ 'ਅਕਾਲੀ ਦਲ ਬਾਦਲ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਫੜ੍ਹਿਆ ਕਾਂਗਰਸ ਦਾ ਹੱਥ
ਜੱਗੂ ਭਗਵਾਨਪੁਰੀਆਂ ਦੇ ਵਕੀਲ ਨੇ ਦੱਸਿਆ ਕਿ ਸਾਰਿਆਂ ਨੂੰ ਵੱਖ-ਵੱਖ ਬੰਦ ਕਰ ਦਿੱਤਾ ਗਿਆ ਹੈ ਅਤੇ ਬਾਹਰ ਤੱਕ ਨਹੀਂ ਕੱਢਿਆ ਜਾ ਰਿਹਾ। ਪਰਿਵਾਰ ਨਾਲ ਗੱਲ ਵੀ ਨਹੀਂ ਕਰਨ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਕੱਲੇ ਵਿਅਕਤੀ ਨੂੰ ਬੰਦ ਕਰਨਾ ਅਤੇ ਬਾਹਰ ਨਾ ਨਿਕਲਣ ਦੇਣਾ ਗੈਰ-ਮਨੁੱਖੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੰਡਰਾਉਣ ਲੱਗਾ 'ਬਰਡ ਫਲੂ' ਦਾ ਖ਼ਤਰਾ, ਸੁਖਨਾ ਝੀਲ ਕੋਲ ਮ੍ਰਿਤਕ ਮਿਲਿਆ 'ਪੰਛੀ'
ਇੰਨਾ ਹੀ ਨਹੀਂ ਜੇਲ੍ਹ ਸਟਾਫ਼ ਵੱਲੋਂ ਉਨ੍ਹਾਂ ਨੂੰ ਟਾਰਚਰ ਵੀ ਕੀਤਾ ਜਾ ਰਿਹਾ ਹੈ। ਇਸ ਮਾਮਲੇ ’ਚ ਗੁਰਦਾਸਪੁਰ ’ਚ ਵੀ ਮਾਣਯੋਗ ਅਦਾਲਤ ਵਿਖੇ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਫਿਰ ਵੀ ਜੇਲ੍ਹ ਅਧਿਕਾਰੀਆਂ ਦਾ ਰਵੱਈਆ ਨਹੀਂ ਬਦਲਿਆ ਅਤੇ ਜੇਲ ਸੁਪਰੀਡੈਂਟ ਦੇ ਗੰਨਮੈਨ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਬੰਦ ਨਹੀਂ ਕਰ ਰਹੇ।
ਇਹ ਵੀ ਪੜ੍ਹੋ : 'ਨਗਰ ਕੌਂਸਲ ਚੋਣਾਂ' ਲਈ ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ, ਪਟਿਆਲਾ ਦੇ ਕਾਂਗਰਸੀਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਸਾਰੇ ਦੋਸ਼ ਝੂਠੇ : ਸੁਪਰੀਡੈਂਟ ਸ਼ਿਵਰਾਜ ਸਿੰਘ
ਇਸ ਸਬੰਧੀ ਜਦੋਂ ਸੁਪਰੀਡੈਂਟ ਸ਼ਿਵਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲਾਏ ਜਾ ਰਹੇ ਸਾਰੇ ਦੋਸ਼ ਝੂਠੇ ਹਨ ਕਿਉਂਕਿ ਗੈਂਗਸਟਰਾਂ ਨੂੰ ਹਾਈ ਸਕਿਓਰਿਟੀ ਜ਼ੋਨ ’ਚ ਰੱਖਣ ਦੇ ਹੁਕਮ ਉੱਚ ਅਧਿਕਾਰੀਆਂ ਦੇ ਹਨ। ਉਨ੍ਹਾਂ ਦੱਸਿਆ ਕਿ ਜ਼ੋਨ ਅੰਦਰ ਅੱਡ ਤੋਂ ਪੀ. ਸੀ. ਓ. ਵੀ ਲਾਇਆ ਹੋਇਆ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਗੱਲ ਕਰ ਸਕਦੇ ਹਨ। ਇਹ ਸਾਰਾ ਕੁਝ ਨਿਯਮ ਨਾ ਮੰਨਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜੇਲ੍ਹ ਸਟਾਫ਼ ਨੇ ਕਿਸੇ ਨੂੰ ਵੀ ਟਾਰਚਰ ਨਹੀਂ ਕੀਤਾ।
ਨੋਟ : ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ਅੰਦਰ ਸ਼ੁਰੂ ਕੀਤੀ ਭੁੱਖ-ਹੜਤਾਲ ਬਾਰੇ ਦਿਓ ਰਾਏ