ਨਹਿਰ ''ਚ ਬਣਾਇਆ ਸਟੇਡੀਅਮ ਢਾਹੁਣ ਦੇ ਹੁਕਮ

01/18/2018 7:28:26 AM

ਮੋਹਾਲੀ  (ਕੁਲਦੀਪ) - ਜ਼ਿਲਾ ਮੋਹਾਲੀ ਦੇ ਪਿੰਡ ਲਾਂਡਰਾਂ ਦੀ ਪੰਚਾਇਤ ਵਲੋਂ ਪਿੰਡ ਨੇੜਿਓਂ ਲੰਘਦੀ ਬਰਸਾਤੀ ਪਾਣੀ ਦੀ ਨਹਿਰ ਵਿਚ ਬਣਾਏ ਗਏ ਗੈਰ-ਕਾਨੂੰਨੀ ਸਟੇਡੀਅਮ ਦਾ ਅੱਜ 'ਜਗ ਬਾਣੀ' ਅਖਬਾਰ ਵਿਚ ਛਪੀ ਖਬਰ ਦੇ ਤੁਰੰਤ ਬਾਅਦ ਡਰੇਨੇਜ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਟੀਮ ਵਿਚ ਡਰੇਨੇਜ ਵਿਭਾਗ ਦੇ ਰੋਪੜ ਡਵੀਜ਼ਨ ਦੇ ਐਕਸੀਅਨ ਸੁਖਵਿੰਦਰ ਸਿੰਘ ਕਲਸੀ ਦੇ ਨਿਰਦੇਸ਼ਾਂ 'ਤੇ ਐੱਸ. ਡੀ. ਓ. ਪ੍ਰਥਮ ਗੰਭੀਰ, ਜੂਨੀਅਰ ਇੰਜੀਨੀਅਰ ਭੁਪਿੰਦਰ ਸਿੰਘ ਮੌਕੇ 'ਤੇ ਪੁੱਜੇ।
ਸਟੇਡੀਅਮ ਦੱਸਿਆ ਗੈਰ-ਕਾਨੂੰਨੀ : ਨਹਿਰ ਵਿਚ ਬਣੇ ਇਸ ਗੈਰ-ਕਾਨੂੰਨੀ ਸਟੇਡੀਅਮ ਦਾ ਜਾਇਜ਼ਾ ਲੈਣ ਪਹੁੰਚੀ ਟੀਮ ਨੇ ਪਿੰਡ ਦੇ ਸਰਪੰਚ ਗੁਲਜ਼ਾਰ ਸਿੰਘ ਨੂੰ ਵੀ ਮੌਕੇ 'ਤੇ ਬੁਲਾਇਆ ਤੇ ਉਨ੍ਹਾਂ ਕੋਲੋਂ ਉਸਾਰੀ ਸਬੰਧੀ ਪੁੱਛਗਿੱਛ ਕੀਤੀ। ਟੀਮ ਵਲੋਂ ਪੁੱਛੇ ਜਾਣ 'ਤੇ ਸਰਪੰਚ ਡਰੇਨੇਜ ਵਿਭਾਗ ਤੋਂ ਲਈ ਹੋਈ ਕੋਈ ਮਨਜ਼ੂਰੀ ਆਦਿ ਨਹੀਂ ਦਿਖਾ ਸਕਿਆ। ਐੱਸ. ਡੀ. ਓ. ਪ੍ਰਥਮ ਗੰਭੀਰ ਨੇ ਸਰਪੰਚ ਨੂੰ ਦੱਸਿਆ ਕਿ ਇਹ ਸਟੇਡੀਅਮ ਕੈਨਾਲ ਐਂਡ ਡਰੇਨੇਜ ਐਕਟ ਦੀ ਉਲੰਘਣਾ ਕਰਕੇ ਬਣਾਇਆ ਗਿਆ ਹੈ। ਇਸ ਲਈ ਸਟੇਡੀਅਮ ਇਥੇ ਕਿਸੇ ਵੀ ਹਾਲਤ ਵਿਚ ਨਹੀਂ ਬਣ ਸਕਦਾ।
ਸਾਨੂੰ ਕਿਸੇ ਨੇ ਰੋਕਿਆ ਹੀ ਨਹੀਂ : ਸਰਪੰਚ-ਸਰਪੰਚ ਗੁਲਜ਼ਾਰ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਪੰਚਾਇਤ ਨੇ ਇਕ ਸਾਲ ਪਹਿਲਾਂ ਜਦੋਂ ਲੱਖਾਂ ਰੁਪਏ ਖਰਚ ਕਰਕੇ ਨਹਿਰ ਵਿਚ ਖੱਡੇ ਆਦਿ ਭਰੇ ਤੇ ਜ਼ਮੀਨ ਨੂੰ ਠੀਕ ਕੀਤਾ ਤਾਂ ਉਨ੍ਹਾਂ ਨੂੰ ਉਸ ਸਮੇਂ ਕਿਸੇ ਨੇ ਰੋਕਿਆ ਹੀ ਨਹੀਂ ਸੀ । ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਟੀਮ ਨੇ ਇਸ ਨੂੰ ਤੋੜਨ ਦੇ ਹੁਕਮ ਦਿੱਤੇ ਹਨ।
ਦੋ ਦਿਨਾਂ ਦੇ ਅੰਦਰ-ਅੰਦਰ ਤੋੜਨ ਦੇ ਹੁਕਮ : ਐੱਸ. ਡੀ. ਓ. ਨੇ ਦੱਸਿਆ ਕਿ ਸਰਪੰਚ ਗਰਾਮ ਪੰਚਾਇਤ ਲਾਂਡਰਾਂ ਨੂੰ ਇਹ ਸਟੇਡੀਅਮ ਦੋ ਦਿਨਾਂ ਵਿਚ ਤੋੜਨ ਦੇ ਹੁਕਮ ਦਿੱਤੇ ਗਏ ਹਨ ਤੇ ਜੇਕਰ ਇਸ ਸਟੇਡੀਅਮ ਨੂੰ ਨਹੀਂ ਤੋੜਿਆ ਜਾਂਦਾ ਤਾਂ ਡਰੇਨੇਜ ਵਿਭਾਗ ਤੋਂ ਇਸ ਸਬੰਧੀ ਕਾਰਵਾਈ ਕਰਨ ਲਈ ਐੱਸ. ਡੀ. ਐੱਮ., ਡੀ. ਐੱਸ. ਪੀ. ਤੇ ਐੱਸ. ਐੱਚ. ਓ. ਨੂੰ ਲਿਖਤੀ ਰੂਪ ਵਿਚ ਭੇਜਿਆ ਜਾਵੇਗਾ।
ਐੱਸ. ਡੀ. ਓ. ਨੇ ਦੱਸਿਆ ਕਿ ਜੇਕਰ ਸਟੇਡੀਅਮ ਨਾ ਤੋੜਿਆ ਗਿਆ ਤਾਂ ਪਿੰਡ ਲਾਂਡਰਾਂ ਦੇ ਸਰਪੰਚ 'ਤੇ ਕੈਨਾਲ ਐਂਡ ਡਰੇਨੇਜ ਐਕਟ 1873 ਦੀ ਧਾਰਾ 55 ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ।


Related News