ਕਾਂਗਰਸ-ਸਪਾ ਤੇ ਬਸਪਾ ਦਾ ਗੱਠਜੋੜ ਬਣਿਆ ਤਾਂ ਭਾਜਪਾ ਲੋਕ ਸਭਾ ਦੀਆਂ 2 ਸੀਟਾਂ ਵੀ ਜਿੱਤ ਨਹੀਂ ਸਕੇਗੀ

Monday, Mar 26, 2018 - 07:39 AM (IST)

ਕਾਂਗਰਸ-ਸਪਾ ਤੇ ਬਸਪਾ ਦਾ ਗੱਠਜੋੜ ਬਣਿਆ ਤਾਂ ਭਾਜਪਾ ਲੋਕ ਸਭਾ ਦੀਆਂ 2 ਸੀਟਾਂ ਵੀ ਜਿੱਤ ਨਹੀਂ ਸਕੇਗੀ

ਜਲੰਧਰ (ਧਵਨ) - ਫਿਲਮ ਅਭਿਨੈ ਤੋਂ ਸਿਆਸਤ 'ਚ ਆਏ ਰਾਜ ਬੱਬਰ  ਦੇ ਕੋਲ ਇਸ ਸਮੇਂ ਦੇਸ਼ 'ਚ ਸਭ ਤੋਂ ਵੱਡੇ ਸੂਬਾ ਉੱਤਰ ਪ੍ਰਦੇਸ਼ ਦੀ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਰੂਪ 'ਚ ਬੜੀ ਵੱਡੀ ਜ਼ਿੰਮੇਵਾਰੀ ਹੈ। ਰਾਜ ਬੱਬਰ ਤੇ ਕਾਂਗਰਸ ਦੋਵਾਂ ਲਈ ਹੀ ਉੱਤਰ ਪ੍ਰਦੇਸ਼ 2019 ਦੀਆਂ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਲੈ ਕੇ ਮਹੱਤਵਪੂਰਨ ਹੈ। ਪ੍ਰਧਾਨ ਬਣਨ ਮਗਰੋਂ ਰਾਜ ਬੱਬਰ ਨੇ ਉੱਤਰ ਪ੍ਰਦੇਸ਼ ਦੇ ਵਧੇਰੇ ਜ਼ਿਲਿਆਂ ਦੇ ਦੌਰੇ ਪੂਰੇ ਕਰ ਲਏ ਹਨ ਤੇ ਉਹ ਕਾਂਗਰਸ ਦੀ ਨਵੀਂ ਪੀੜ੍ਹੀ ਨੂੰ ਅੱਗੇ ਲੈ ਕੇ ਆ ਰਹੇ ਹਨ ਅਤੇ ਉਨ੍ਹਾਂ 'ਚ ਇਹ ਝਲਕ ਪੈਦਾ ਕੀਤੀ ਜਾ ਰਹੀ ਹੈ ਕਿ ਉਹ ਵੀ ਸੱਤਾ 'ਚ ਆ ਸਕਦੇ ਹਨ। ਦੇਸ਼ ਤੇ ਉੱਤਰ ਪ੍ਰਦੇਸ਼ ਦੀ ਸਿਆਸਤ ਨੂੰ ਲੈ ਕੇ ਅੱਜ ਰਾਜ ਬੱਬਰ ਨਾਲ ਖੁੱਲ੍ਹ ਕੇ ਗੱਲਬਾਤ ਹੋਈ। ਪੇਸ਼ ਹਨ ਉਸ ਗੱਲਬਾਤ ਦੇ ਅੰਸ਼—
ਸ : 2019 ਦੀਆਂ ਆਮ ਚੋਣਾਂ ਨੂੰ ਲੈ ਕੇ ਹੁਣ ਸਿਰਫ ਇਕ ਸਾਲ ਦਾ ਸਮਾਂ ਰਹਿ ਗਿਆ। ਕੀ ਤੁਸੀਂ ਸਮਝਦੇ ਹੋ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਹਾਲਤ ਕਿਹੋ ਜਿਹੀ ਰਹੇਗੀ?
ਜ : 2014 ਦੇ ਮਗਰੋਂ ਹੀ ਕੇਂਦਰ ਦੀ ਮੋਦੀ ਸਰਕਾਰ ਨੇ ਵਿਰੋਧੀ ਆਗੂਆਂ ਖਾਸ ਤੌਰ 'ਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਦੀਆਂ ਤਿਆਰੀਆਂ ਕੀਤੀਆਂ। ਮੋਦੀ ਸਰਕਾਰ ਨੂੰ ਪਤਾ ਸੀ ਕਿ ਹਰੇਕ ਗਲੀ-ਮੁਹੱਲੇ 'ਚ ਕਾਂਗਰਸੀ ਵਰਕਰ ਰਹਿੰਦਾ ਹੈ। ਲੋਕ ਸਭਾ ਦੀਆਂ ਅਗਲੀਆਂ ਚੋਣਾਂ 'ਚ ਮੋਦੀ ਸਰਕਾਰ ਦਾ ਸੱਤਾ 'ਚ ਦੁਬਾਰਾ ਆਉਣਾ ਅਸੰਭਵ ਹੈ। ਉਹ ਅਜੇ ਇਹ ਤਾਂ ਨਹੀਂ ਕਹਿ ਸਕਦੇ ਕਿ ਕਿਹੜੀ ਪਾਰਟੀ ਨੂੰ ਅਗਲੀਆਂ ਚੋਣਾਂ 'ਚ ਕਿੰਨੀਆਂ ਵੋਟਾਂ ਮਿਲਣਗੀਆਂ ਪਰ ਇੰਨਾ ਤੈਅ ਹੈ ਕਿ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਉਹ ਬਦਲਾਅ ਚਾਹੁੰਦੇ ਹਨ।
ਸ : ਭਾਜਪਾ ਨੇ 2014 ਦੇ ਬਾਅਦ ਲਗਾਤਾਰ ਸੂਬਿਆਂ ਦੀਆਂ ਚੋਣਾਂ ਨੂੰ ਜਿੱਤਿਆ। ਕੀ ਹੁਣ ਉਹ ਦੁਬਾਰਾ ਸੱਤਾ 'ਚ ਆਉਣ 'ਚ ਸਮਰੱਥ ਨਹੀਂ ਹੋਵੇਗੀ।
ਜ : ਭਾਵੇਂ ਭਾਜਪਾ ਨੇ ਸੂਬਾ ਵਿਧਾਨ ਸਭਾਵਾਂ 'ਤੇ ਕਬਜ਼ਾ ਕੀਤਾ ਕਿਉਂਕਿ ਸੂਬਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਵਧੇਰੇ ਸਬੰਧਤ ਸੂਬਾ ਸਰਕਾਰਾਂ ਦੇ ਦਬਾਅ 'ਚ ਰਹਿੰਦੇ ਹਨ ਪਰ ਲੋਕ ਸਭਾ ਦੀਆਂ ਉਪ ਚੋਣਾਂ 'ਚ ਭਾਜਪਾ ਨੂੰ ਜ਼ਿਆਦਾ ਸਫਲਤਾ ਹਾਸਲ ਨਹੀਂ ਹੋਈ ਕਿਉਂਕਿ ਲੋਕ ਸਭਾ ਹਲਕਾ ਕਾਫੀ ਲੰਬਾ ਹੁੰਦਾ ਹੈ ਤੇ ਅਧਿਕਾਰੀਆਂ ਲਈ ਲੋਕ ਸਭਾ 'ਚ ਆਉਂਦੇ 9 ਜਾਂ 10 ਵਿਧਾਨ ਸਭਾ ਹਲਕਿਆਂ ਨੂੰ ਮੈਨੇਜ ਕਰਨਾ ਸੌਖਾ ਨਹੀਂ ਸੀ।
ਸ : ਉੱਤਰ ਪ੍ਰਦੇਸ਼ 'ਚ ਹਾਲ ਹੀ 'ਚ ਸੰਪੰਨ ਹੋਈਆਂ ਲੋਕ ਸਭਾ ਸੀਟਾਂ ਦੀਆਂ ਉਪ ਚੋਣਾਂ 'ਚ ਸਮਾਜਵਾਦੀ ਪਾਰਟੀ ਤੇ ਬਸਪਾ ਨੇ ਮਿਲ ਕੇ ਜਿੱਤ ਹਾਸਲ ਕੀਤੀ। ਹੁਣ ਯੂ. ਪੀ. ਦੀ ਹਾਲਤ ਕਿਹੋ ਜਿਹੀ ਹੈ?
ਜ : ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਤੇ ਬਸਪਾ ਨੇ ਭਾਜਪਾ ਨੂੰ ਉਸ ਦੇ ਗੜ੍ਹ 'ਚ ਹਰਾਇਆ। ਉਨ੍ਹਾਂ ਕਿਹਾ ਕਿ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਕਾਰਨ ਸਪਾ ਤੇ ਬਸਪਾ ਨੂੰ ਜਿੱਤ ਮਿਲੀ ਹੈ। ਸਗੋਂ ਸੱਚਾਈ ਤਾਂ ਇਹ ਹੈ ਕਿ ਹਿੰਦੂਆਂ, ਮੁਸਲਿਮ ਤੇ ਈਸਾਈਆਂ ਤੇ ਹੋਰ ਭਾਈਚਾਰਿਆਂ ਨੇ ਰਲ ਕੇ ਭਾਜਪਾ ਨੂੰ ਹਰਾਇਆ। ਭਾਜਪਾ ਨੂੰ ਹਰਾਉਣ 'ਚ ਹਿੰਦੂਆਂ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ।
ਸ : ਕੀ ਤੁਸੀਂ ਸਮਝਦੇ ਹੋ ਕਿ 2019 'ਚ ਕਾਂਗਰਸ ਨੂੰ ਉੱਤਰ ਪ੍ਰਦੇਸ਼ 'ਚ ਸਪਾ ਤੇ ਬਸਪਾ ਨਾਲ ਰਲ ਕੇ ਇਕ ਮੋਰਚਾ ਬਣਾਉਣਾ ਚਾਹੀਦੈ?
ਜ : ਇਸ ਮੁੱਦੇ ਨੂੰ ਲੈ ਕੇ ਅਜੇ ਕਾਫੀ ਉਲਟ ਹਾਲਤ ਚੱਲ ਰਹੀ ਹੈ ਤੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ ਪਰ ਜੇਕਰ ਜਨਤਾ ਦੇ ਵਿਚਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਪੱਸ਼ਟ ਹੈ ਕਿ ਉਹ ਚਾਹੁੰਦੀ ਹੈ ਕਿ ਕਾਂਗਰਸ ਨੂੰ ਸਪਾ ਤੇ ਬਸਪਾ ਨਾਲ ਰਲ ਕੇ ਇਕ ਸਾਂਝਾ ਮੋਰਚਾ ਭਾਜਪਾ ਵਿਰੁੱਧ ਬਣਾਉਣਾ ਪਵੇਗਾ। ਇਸ ਨਾਲ ਭਾਜਪਾ ਨੂੰ ਕਰਾਰੀ ਸਿਆਸੀ ਸੱਟ ਮਾਰੀ ਜਾ ਸਕਦੀ ਹੈ।
ਸ : ਕਾਂਗਰਸ ਨੂੰ ਸਪਾ ਤੇ ਬਸਪਾ ਨਾਲ ਮਿਲਾਉਣ ਦਾ ਫੈਸਲਾ ਕਦੋਂ ਤਕ ਹੋਵੇਗਾ?
ਜ : ਇਹ ਫੈਸਲਾ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਲਿਆ ਜਾਣਾ ਹੈ ਪਰ ਅਜਿਹੇ ਫੈਸਲੇ ਅਕਸਰ ਚੋਣਾਂ ਦੇ ਨੇੜੇ ਹੀ ਹੁੰਦੇ ਹਨ।
ਸ : ਉੱਤਰ ਪ੍ਰਦੇਸ਼ 'ਚ ਜੇਕਰ ਕਾਂਗਰਸ ਸਪਾ ਤੇ ਬਸਪਾ ਨਾਲ ਆਪਸ 'ਚ ਰਲ ਕੇ ਮੋਰਚਾ ਬਣਾਉਂਦੇ ਹਨ ਤਾਂ ਕਿੰਨੀਆਂ ਲੋਕ ਸਭਾ ਦੀਆਂ ਸੀਟਾਂ 2019 'ਚ ਜਿੱਤ ਸਕਣਗੇ?
ਜ : ਮੇਰਾ ਨਿੱਜੀ ਅੰਦਾਜ਼ਾ ਹੈ ਕਿ ਜੇਕਰ ਕਾਂਗਰਸ, ਸਪਾ ਤੇ ਬਸਪਾ ਰਲ ਕੇ ਚੋਣਾਂ ਲੜਨ ਤਾਂ ਭਾਜਪਾ ਉੱਤਰ ਪ੍ਰਦੇਸ਼ 'ਚ 2 ਸੀਟਾਂ ਵੀ ਨਹੀਂ ਜਿੱਤ ਸਕੇਗੀ। ਭਾਜਪਾ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਹੋ ਜਾਏਗਾ।
ਸ : ਗੋਰਖਪੁਰ ਤੇ ਫੂਲਪੁਰ ਲੋਕ ਸਭਾ ਦੀਆਂ ਸੀਟਾਂ ਨੂੰ ਜਿੱਤਣ ਮਗਰੋਂ ਹੁਣ ਉੱਤਰ ਪ੍ਰਦੇਸ਼ 'ਚ ਸਿਆਸੀ ਹਾਲਾਤ ਕਿਹੋ ਜਿਹੇ ਹਨ?
ਜ : ਗੋਰਖਪੁਰ ਤੇ ਫੂਲਪੁਰ 'ਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਗੜ੍ਹਾਂ 'ਚ ਬੁਰੀ ਤਰ੍ਹਾਂ ਹਰਾਉਣ ਮਗਰੋਂ ਹੁਣ ਮੁੱਖ ਮੰਤਰੀ ਯੋਗੀ ਵੀ ਬੜੇ ਡਰੇ ਹੋਏ ਹਨ। ਉਨ੍ਹਾਂ 'ਚ ਡਰ ਦੀ ਇਹ ਭਾਵਨਾ ਦੇਖੀ ਜਾ ਰਹੀ ਹੈ ਉਹ ਵੀ 2019 ਦੀਆਂ ਆਮ ਚੋਣਾਂ ਨੂੰ ਲੈ ਕੇ ਬੜੇ ਚਿੰਤਤ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਵਿਰੋਧੀ ਧਿਰ ਇਕੱਠੀ ਹੋ ਗਈ ਤਾਂ ਭਾਜਪਾ ਦਾ ਯੂ. ਪੀ. 'ਚ ਸਫਾਇਆ ਕਰਨ ਤੋਂ ਕੋਈ ਨਹੀਂ ਰੋਕ ਸਕਦਾ।
ਸ : ਕੇਂਦਰ 'ਚ ਭਾਜਪਾ ਨੂੰ ਸੱਤਾ ਆਉਣ ਤੋਂ ਰੋਕਣ ਲਈ ਕੀ ਪੂਰੇ ਦੇਸ਼ 'ਚ ਵਿਰੋਧੀ ਧਿਰ ਨੂੰ ਇਕ ਪਲੇਟਫਾਰਮ 'ਤੇ ਲਿਆਉਣ ਦੀ ਲੋੜ ਤੁਸੀਂ ਮਹਿਸੂਸ ਨਹੀਂ ਕਰਦੇ?
ਜ : ਇਹ ਸਹੀ ਹੈ ਕਿ ਭਾਜਪਾ ਨੂੰ  ਕੇਂਦਰ 'ਚ ਸੱਤਾ  'ਚ ਆਉਣ ਤੋਂ ਰੋਕਣ ਲਈ ਸਮੁੱਚੀ ਵਿਰੋਧੀ ਧਿਰ ਨੂੰ ਕਾਂਗਰਸ ਦੀ ਅਗਵਾਈ 'ਚ ਇਕ ਪਲੇਟਫਾਰਮ 'ਤੇ ਇਕੱਠਾ ਹੋਣਾ ਚਾਹੀਦਾ ਹੈ। ਭਾਜਪਾ ਵੀ ਕਾਂਗਰਸ ਨੂੰ ਤਿੱਖੀਆਂ ਨਜ਼ਰਾਂ ਨਾਲ ਦੇਖ ਰਹੀ ਹੈ।
ਸ :  ਮੋਦੀ ਤੇ ਅਮਿਤ ਸ਼ਾਹ ਵੀ ਕੇਂਦਰ 'ਚ ਬਣੇ ਰਹਿਣ ਲਈ ਜੋੜ-ਤੋੜ ਜ਼ਰੂਰ ਕਰਨਗੇ? ਉਨ੍ਹਾਂ ਕੋਲ ਅਜੇ ਇਕ ਸਾਲ ਦਾ ਸਮਾਂ ਬਾਕੀ ਹੈ?
ਜ : ਇਹ ਸਹੀ ਹੈ ਕਿ ਮੋਦੀ ਸਰਕਾਰ ਨੂੰ ਪਤਾ ਹੈ ਕਿ ਜਨਤਾ ਉਸ ਨਾਲ ਨਾਰਾਜ਼ ਹੈ ਤੇ ਮੌਜੂਦਾ ਸਮੇਂ 'ਚ ਚੋਣ ਹੋਣ ਨਾਲ ਉਹ  ਮੁੜ ਸੱਤਾ 'ਚ ਨਹੀਂ ਆ ਸਕਦੇ। ਇਸ ਲਈ ਮੋਦੀ ਸਰਕਾਰ ਵਲੋਂ ਜੋੜ-ਤੋੜ ਕਰਕੇ ਜਾਂ ਤਾਂ ਅਯੁੱਧਿਆ 'ਚ ਸ਼੍ਰੀਰਾਮ ਮੰਦਰ ਦੇ ਮੁੱਦੇ ਨੂੰ ਲੈ ਕੇ ਸਿਆਸਤ ਖੇਡੀ ਜਾਵੇਗੀ ਜਾਂ ਫਿਰ ਦੇਸ਼ 'ਚ ਜੰਗ ਦਾ ਡਰ ਪੈਦਾ ਕੀਤਾ ਜਾਵੇਗਾ। ਵੋਟਾਂ ਦੇ ਧਰੁਵੀਕਰਨ ਜਾਂ ਜੰਗ ਨਾਲ ਹੀ ਮੋਦੀ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ।
ਸ : ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਮਗਰੋਂ ਪ੍ਰਦੇਸ਼ 'ਚ ਪਾਰਟੀ ਦੀ ਹਾਲਤ ਕਿਹੋ ਜਿਹੀ ਹੈ?
ਜ : ਰਾਹੁਲ ਗਾਂਧੀ ਨੌਜਵਾਨ ਹਨ ਤੇ ਉਹ ਪਾਰਟੀ ਨੂੰ ਉਪਰ ਲਿਜਾਣ 'ਚ ਸਮਰਥ ਹਨ। ਰਾਹੁਲ ਦੇ ਪ੍ਰਧਾਨ ਮਗਰੋਂ ਨੌਜਵਾਨਾਂ 'ਚ ਆਸ ਦੀ ਕਿਰਨ ਜਾਗੀ ਹੈ। ਰਾਹੁਲ ਗਾਂਧੀ ਦਾ ਵਿਜ਼ਨ ਦੇਸ਼ ਨੂੰ ਆਰਥਿਕ ਵਿਕਾਸ ਤੇ ਖੁਸ਼ਹਾਲੀ ਵੱਲ ਲਿਜਾਣਾ ਹੈ।
ਸ : ਤੁਸੀਂ ਪਿਛਲੀ ਯੂ. ਪੀ. ਏ. ਸਰਕਾਰ ਤੇ ਮੌਜੂਦਾ ਰਾਜਗ ਸਰਕਾਰ ਵਿਚਾਲੇ ਕਿਹੋ ਜਿਹਾ ਫਰਕ ਮਹਿਸੂਸ ਕਰਦੇ ਹੋ?
ਜ : ਹੁਣ ਤਾਂ ਜਨਤਾ ਨੇ ਖੁਦ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਦੇਸ਼ 'ਚ ਸ਼ਾਸਨ ਤੇ ਸਰਕਾਰ ਕੇਵਲ ਕਾਂਗਰਸ ਹੀ ਸਹੀ ਢੰਗ 'ਚ ਚਲਾਉਣ 'ਚ ਸਮਰੱਥ ਹੈ। ਜਦੋਂ ਜਨਤਾ ਦੇ ਅਜਿਹੇ ਵਿਚਾਰ ਬਣ ਜਾਣ ਤਾਂ ਕੇਂਦਰ 'ਚ ਸੱਤਾ ਤਬਦੀਲੀ ਜ਼ਰੂਰ ਹੋ ਜਾਂਦੀ ਹੈ।  ਜਨਤਾ ਅੰਦਰ ਮੋਦੀ ਸਰਕਾਰ ਨੂੰ ਲੈ ਕੇ ਗੁੱਸਾ ਹੈ। ਪਹਿਲਾਂ ਮੋਦੀ ਸਰਕਾਰ ਨੇ ਨੋਟੀਬੰਦੀ ਲਾਗੂ ਕੀਤੀ ਤੇ ਫਿਰ ਜੀ. ਐੱਸ. ਟੀ. ਨੂੰ ਲਾਗੂ ਕੀਤਾ। ਇਸ ਨਾਲ ਆਰਥਿਕ ਵਿਕਾਸ ਦੀ ਦਰ ਨੂੰ ਬ੍ਰੇਕਾਂ ਲੱਗ ਗਈਆਂ ਹਨ।
ਸ : ਤੁਸੀਂ ਚਾਰ ਸਾਲ ਦੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਕਿਵੇਂ ਮੁਲਾਂਕਣ ਕਰਦੇ ਹੋ?
ਜ : ਮੋਦੀ ਸਰਕਾਰ ਦੇ ਜ਼ਿਆਦਾ ਮੰਤਰੀ ਵੀ ਖੁਸ਼ ਨਹੀਂ। ਪ੍ਰਧਾਨ ਮੰਤਰੀ ਮੋਦੀ ਨੇ ਅਫਸਰਸ਼ਾਹੀ ਰਾਹੀਂ ਸ਼ਿਕੰਜਾ ਕੱਸਣ ਦੀਆਂ ਕੋਸ਼ਿਸ਼ਾਂ ਕੀਤੀਆਂ। ਮੋਦੀ ਤੇ ਅਮਿਤ ਸ਼ਾਹ ਦੇ ਕਾਰਨ ਭਾਜਪਾ ਦੇ ਆਗੂਆਂ 'ਚ ਵੀ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਚਾਰ ਸਾਲਾਂ ਦੇਸ਼ 'ਚ ਡਰ ਤੇ ਡਰਾਉਣ- ਧਮਕਾਉਣ ਤੇ ਡੰਡੇ ਦੀ ਸਿਆਸਤ ਮੋਦੀ ਸਰਕਾਰ ਨੇ ਚਲਾਈ ਜਿਸ ਕਾਰਨ ਲੋਕਾਂ 'ਚ ਭਾਰੀ ਗੁੱਸਾ ਹੈ ਤੇ ਉਹ ਤਬਦੀਲੀ ਚਾਹੁੰਦੇ ਹਨ।
ਸ : ਰਾਹੁਲ ਗਾਂਧੀ ਕੀ ਹੁਣ ਪ੍ਰਧਾਨ ਮੰਤਰੀ ਬਣਨ 'ਚ ਸਮਰੱਥ ਹਨ?
ਜ : ਰਾਹੁਲ ਗਾਂਧੀ 'ਚ ਪ੍ਰਧਾਨ ਮੰਤਰੀ ਬਣਨ ਦੇ ਪੂਰੇ ਗੁਣ ਮੌਜੂਦ ਹਨ। ਗਾਂਧੀ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਮਗਰੋਂ ਇੰਦਰਾ ਗਾਂਧੀ ਨੇ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ ਫਿਰ ਰਾਜੀਵ ਗਾਂਧੀ ਨੇ ਦੇਸ਼ ਦੀ ਖਾਤਿਰ ਆਪਣੀ ਸ਼ਹਾਦਤ ਦਿੱਤੀ। ਕੀ ਭਾਜਪਾ ਦੇ ਆਗੂਆਂ 'ਚੋਂ ਕਿਸੇ ਨੇ ਵੀ ਦੇਸ਼ ਲਈ ਕੋਈ ਕੁਰਬਾਨੀ ਦਿੱਤੀ ਹੈ। ਰਾਹੁਲ ਤੇ ਸੋਨੀਆ ਰਲ ਕੇ ਧਰਮ ਨਿਰਪੱਖ ਸ਼ਕਤੀਆਂ ਨੂੰ ਇਕ ਕਰਨਗੇ ਤੇ ਕੇਂਦਰ 'ਚ 2019 'ਚ ਯੂ. ਪੀ. ਏ. ਦੀ ਸਰਕਾਰ ਬਣੇਗੀ।


Related News