ਜਗਬਾਣੀ ਸਾਹਿਤ ਵਿਸ਼ੇਸ਼ : ਬੁੱਢੜੀ ਮਾਂ ਦੀਆਂ ਆਂਦਰਾਂ...

Thursday, May 07, 2020 - 08:44 PM (IST)

ਜਗਬਾਣੀ ਸਾਹਿਤ ਵਿਸ਼ੇਸ਼

ਲੇੇੇੇੇੇੇੇੇਖਕ : ਵੀਰ ਸਿੰਘ ਵੀਰਾ

ਮੈ ਕਿਹਾ ਜੀ ਸੁਣਦੇ ਹੋ...ਆਹ ਵੇਖੋ... ਆਪਣੀ ਮਾਂ ਦੀ ਕਰਤੂਤ।

ਕਿਉਂ...ਕੀ ਹੋਇਆ ? ਅੱਗੋਂ ਆਵਾਜ ਆਈ...
ਆਹ ਵੇਖੋ ਤਾਂ ਸਹੀ...ਕਿਵੇਂ ਥੁੱਕ-ਥੁੱਕ ਅੰਦਰ ਗੰਦ ਪਾਇਆ ਹੋਇਆ ਇਸ ਬੁੜੀ  ਨੇ। "ਨਾ ਮਰਦੀ ਆ ਨਾ ਮਗਰੋਂ ਲਹਿੰਦੀ ਆ"
ਜਿੰਨਾਂ ਚਿਰ ਕੰਮ ਵਾਲੀ ਨਹੀਂ ਆਉਂਦੀ ਨਾ, ਉਨਾ ਚਿਰ...ਤੁਸੀਂ ਸੁੱਟਿਉ ਇਹਦਾ ਗੰਦ। ਮੈਥੋਂ ਨਹੀਂ ਹੁੰਦਾ ਸਿਆਪਾ... ਨਾਲੇ ਮੈ ਤਾਂ ਆਖਿਆ ਸੀ  "ਹੁਣ ਬਹਾਨਾ ਬਣਿਆ ਆਂ ਇਹਨੂੰ ਬਿਰਧ ਆਸ਼ਰਮ....ਸਾਹਮਣਿਓਂ ਆਉਂਦੇ ਪਤੀ ਨੂੰ ਵੇਖ ਕੇ ਅੱਗੇ ਨਾ ਬੋਲ ਸਕੀ।
ਮੈ ਤੈਨੂੰ ਕਿੰਨੀ ਵਾਰੀ ਕਿਹਾ "ਕਿਸੇ ਬਾਲਟੀ ਚ ਮਿੱਟੀ ਪਾਕੇ ਰੱਖ ਦਿਆ ਕਰ" ਨਾਲੇ ਕੰਨ ਖੋਲ੍ਹ ਕੇ ਸੁਣਲਾ  "ਜੇ ਤੈਨੂੰ ਮੇਰੀ ਮਾਂ  ਚੰਗੀ ਨਹੀਂ ਲੱਗਦੀ ਨਾ, ਤਾਂ ਤੇਰੀ  ਮੈਨੂੰ ਕੋਈ ਲੋੜ ਨਹੀਂ, ਤੂੰ ਆਪਣੇ ਪੇਕੇ ਜਾ ਸਕਦੀ ਹੈਂ...ਨਾਲੇ ਮੈ ਆਪੇ ਸਾਂਭ ਲਊਂਗਾ ਆਪਣੀ ਮਾਂ ਨੂੰ।
ਕਿੱਦਾਂ ਬਕਵਾਸ ਕਰਦੀ ਆ...। ਨਾ ਜਿੰਨੇ ਮੈਨੂੰ ਜੰਮਿਆ ਪਾਲਿਆ ਐਡਾ ਵੱਡਾ ਕੀਤਾ...ਪੜ੍ਹਾਇਆ ਲਿਖਾਇਆ, ਮੈ ਅੱਜ ਉਹਨੂੰ ਘਰੋਂ ਧੱਕਾ ਦੇ ਦਿਆਂ ?...

ਕੱਲ੍ਹ ਨੂੰ ਆਪਾਂ ਨਹੀਂ ਬੁੱਢਿਆਂ ਹੋਣਾ ? ਜੇ ਅੱਜ ਆਪਾਂ ਬਜ਼ੁਰਗਾਂ ਦੀ ਸੇਵਾ ਕਰਾਂਗੇ ਤਾਂ ਹੀ ਤਾਂ ਸਾਡੇ ਬੱਚੇ ਕੱਲ੍ਹ ਨੂੰ ਸਾਡੀ ਸੇਵਾ ਕਰਨਗੇ।

...ਮਾਂ ਅੰਦਰੋਂ ਬਾਹਰ ਆਉਦੀਂ ਹੋਈ... 

ਪੁੱਤ... ਵੇ...ਪੁੱ..ਤ ... ਤੁਸੀਂ ਲੜੋ ਨਾ...ਮੈਂ ਆਪਣੇ ਭਰਾ ਦੇ ਘਰੇ ਚਲੀ ਜਾਨੀ...ਆਂ....ਮੇਰੇ  ਭਤੀਜੇ  ਮੇਰਾ ਬੜਾ  ਮੋਹ  ਕਰਦੇ ਆ। ਚੱਲ ਪੁੱਤ  ਮੈਨੂੰ ਉਥੇ  ਛੱਡ ਆ...ਨਾਲੇ ਆਹ ਮੇਰੀ ਚੁੰਨੀ ਦੇ ਪੱ...ਲੇ...ਪੈਸੇ ਨੇ ਆਹ ਲੈਲਾ...ਮੇਰੇ ਕਿਸ ਕੰਮ...ਮਹੀਨਿਆਂ  ਦੀ ਪਿਲਸਣ ਮਿਲੀ ਆ।

ਕੰਬਦੇ ਹੱਥਾਂ ਨਾਲ ਚੁੰਨੀ ਦੇ ਪੱਲੇ ਦੀ ਗੰਢ ਖੋਹਲਦੀ ਹੋਈ...

ਲੈ ਪੁੱਤ ਆਹ ਸਾਂਭ ਲੈ...ਚੰਗਾ ਜਿਉਂਦੇ ਰਹੋ...
ਪੁੱਤ ਮਿੱਟੀ ਦੀ ਬਣੀ ਹੋਈ ਮੂਰਤੀ ਵਾਂਗੂੰ ਪੈਸਿਆਂ ’ਤੇ ਪਏ ਵੱਟਾਂ ਨੂੰ ਵੇਖ ਕੇ ਉੱਚੀ ਉੱਚੀ ਰੋ ਪਿਆ...



ਮੋਬਾਈਲ ਨੰਬਰ : 9855069972


jasbir singh

News Editor

Related News