ਮਹਿਲਾ ਦਿਵਸ ਨਹੀਂ ਬਣ ਸਕਿਆ ਔਰਤਾਂ ਦੀ ਤਕਦੀਰ ਬਦਲਣ ਲਈ ਮਦਦਗਾਰ

Thursday, Mar 08, 2018 - 12:06 AM (IST)

ਜ਼ੀਰਾ(ਅਕਾਲੀਆਂਵਾਲਾ)-ਕਈ ਦਹਾਕਿਆਂ ਤੋਂ ਮਨਾਏ ਜਾਂਦੇ ਮਹਿਲਾ ਦਿਵਸ ਤੋਂ ਦੇਸ਼ ਭਰ ਦੀਆਂ ਔਰਤਾਂ ਅੱਜ ਵੀ ਅਣਜਾਣ ਹਨ। ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਔਰਤ ਨੇ ਹਰ ਖੇਤਰ ਵਿਚ ਸਫਲਤਾ ਦਾ ਇਤਿਹਾਸ ਕਾਇਮ ਕੀਤਾ ਹੈ ਪਰ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ, ਜਿਸ ਤਰ੍ਹਾਂ ਸਮਾਜ ਨੂੰ ਕਿਸੇ ਮੰਜ਼ਿਲ ਦੀ ਪ੍ਰਾਪਤੀ ਲਈ ਕੰਡਿਆਂ ਦੇ ਰਾਸਤੇ 'ਤੇ ਚੱਲਣ ਲਈ ਪੈਰ ਵਿਚ ਜੁੱਤੀ ਦੀ ਜ਼ਰੂਰਤ ਹੁੰਦੀ ਹੈ, ਉਸੇ ਹੀ ਤਰ੍ਹਾਂ ਕਿਸੇ ਖੇਤਰ ਵਿਚ ਤਰੱਕੀ ਔਰਤ ਬਗੈਰ ਸੰਭਵ ਨਹੀਂ। ਇਸ ਲਈ ਉਹ ਪੈਰ ਦੀ ਜੁੱਤੀ ਨਹੀਂ, ਬਲਕਿ ਮੰਜ਼ਿਲ ਹੈ। 'ਜਗ ਬਾਣੀ' ਵੱਲੋਂ ਇਸ ਦਿਵਸ ਸਬੰਧੀ ਸਮਾਜ ਵਿਚ ਆਪਣਾ ਰੁਤਬਾ ਬਹਾਲ ਕਰਨ ਵਾਲੀਆਂ ਔਰਤਾਂ ਨਾਲ ਜੋ ਵਿਚਾਰ ਸਾਂਝੇ ਕੀਤੇ ਗਏ, ਉਹ ਇਸ ਤਰ੍ਹਾਂ ਹਨ -
ਔਰਤਾਂ ਨੂੰ ਬਰਾਬਰਤਾ ਦੇ ਹੱਕ ਮਿਲਣ : ਬਰਾੜ
ਅਮਰਜੀਤ ਕੌਰ ਬਰਾੜ ਚੇਅਰਪਰਸਨ ਪੈਰਾਡਾਈਜ਼ ਸਕੂਲ ਨੇ ਕਿਹਾ ਕਿ ਅੱਜ ਦੇਸ਼ ਭਰ ਵਿਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਵਸ 'ਤੇ ਸਾਨੂੰ ਜਾਗਰੂਕ ਹੋਣਾ ਪਵੇਗਾ ਅਤੇ ਔਰਤਾਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੀ ਸਮਾਜ ਵਿਚ ਮਾਣ-ਸਤਿਕਾਰ ਦੀ ਸਥਿਤੀ ਬਹਾਲ ਰੱਖਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਦਿਵਸ ਮਨਾਉਣ ਦਾ ਤਦ ਹੀ ਫਾਇਦਾ ਹੈ, ਜਦ ਅਸੀਂ ਔਰਤਾਂ ਨੂੰ ਬਰਾਬਰਤਾ ਦੇ ਹੱਕ ਦੇਣ ਵਿਚ ਜ਼ਿੰਮੇਵਾਰੀ ਸਮਝਾਗੇ।
ਬੇਟੀਆਂ ਪ੍ਰਤੀ ਸੋਚ ਨੂੰ ਬਦਲਣ ਦੀ ਲੋੜ : ਮਾਤਾ ਸਰਪ੍ਰੀਤ ਦੇਵੀ
ਬੇਟੀ ਬਚਾਓ ਸੇਵਾ ਸੰਭਾਲ ਸੰਸਥਾ ਪਿੰਡ ਬੱਲ ਦੀ ਸਰਪ੍ਰਸਤ ਮਾਤਾ ਸਰਪ੍ਰੀਤ ਦੇਵੀ ਬੇਸਹਾਰਾ ਬੇਟੀਆਂ ਨੂੰ ਗੋਂਦ ਲੈ ਕੇ ਆਪਣਾ ਬਣਾਉਣ ਲੱਗੀ ਹੋਈ ਹੈ। ਇਸ ਸਮੇਂ ਦਰਜਨ ਦੇ ਕਰੀਬ ਇਸ ਸੰਸਥਾ ਵੱਲੋਂ ਬੇਟੀਆਂ ਪੜ੍ਹਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਪਾਲਣ-ਪੋਸ਼ਣ ਦਾ ਜ਼ਿੰਮਾ ਵੀ ਇਸ ਸੰਸਥਾ ਵੱਲੋਂ ਲਿਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਬੇਟੀਆਂ ਬੋਝ ਨਹੀਂ ਹਨ। ਬੇਟੀਆਂ ਪ੍ਰਤੀ ਸਾਨੂੰ ਸੋਚ ਨੂੰ ਬਦਲਣ ਦੀ ਲੋੜ ਹੈ। 


Related News