ਤਰਨਾਤਰਨ : ਲੁਟੇਰਿਆਂ ਨੇ ਪੈਲਸ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼, ਇਕ ਕਾਬੂ
Thursday, Jun 28, 2018 - 10:41 AM (IST)
ਝਬਾਲ (ਨਰਿੰਦਰ, ਲਾਲੂਘੁੰਮਣ) : ਕਸਬਾ ਝਬਾਲ, ਤਰਨਤਾਰਨ ਰੋਡ 'ਤੇ ਸਥਿਤ ਸੇਠੀ ਮੈਰਿਜ ਪੈਲਸ 'ਚ ਬੀਤੀ ਰਾਤ ਅੱਧੀ ਦਰਜਨ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੇਸ਼ੱਕ ਲੁਟੇਰੇ ਪੈਲਸ 'ਚ ਮੌਜੂਦ ਚੌਂਕੀਦਾਰ ਦੀ ਹੁਸ਼ਿਆਰੀ ਵਰਤੇ ਜਾਣ ਨਾਲ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੋ ਸਕੇ ਪਰ ਪੈਲਸ ਦੇ ਚੌਂਕੀਦਾਰ ਸੁਭਾਸ਼ ਚੰਦਰ ਅਤੇ ਮਦਦ ਲਈ ਆਏ ਕਿਸਾਨ ਜਸਪਾਲ ਸਿੰਘ ਨੂੰ ਜ਼ਖਮੀ ਕਰਕੇ ਫਰਾਰ ਹੋ ਰਹੇ ਲੁਟੇਰਿਆਂ, ਜਿੰਨਾਂ 'ਚੋਂ ਇਕ ਕਥਿਤ ਲੁਟੇਰੇ ਨੂੰ ਕਿਸਾਨ ਅਤੇ ਚੌਂਕੀਦਾਰ ਵਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਕਤ ਲੁਟੇਰੇ ਨੂੰ ਥਾਣਾ ਝਬਾਲ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਘਟਨਾ ਸਬੰਧੀ ਉਕਤ ਪੈਲਸ ਦੇ ਮਾਲਕ ਦਲਬੀਰ ਸਿੰਘ ਸੇਠੀ ਨੇ ਸੀਨੀਅਰ ਕਾਂਗਰਸੀ ਆਗੂ ਵਿਕਰਮ ਸਿੰਘ ਢਿੱਲੋਂ, ਸੇਵਾ ਮੁਕਤ ਥਾਣੇਦਾਰ ਅਜਮੇਰ ਸਿੰਘ, ਨਿਰਮਲ ਸਿੰਘ, ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਕੁਲਦੀਪ ਸਿੰਘ ਝਬਾਲ ਅਤੇ ਲੱਕੀ ਟੈਂਟ ਹਾਊਸ ਵਾਲਿਆਂ ਦੀ ਹਾਜ਼ਰੀ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਤੜਕੇ ਕਰੀਬ 4 ਵਜੇ ਪੈਲਸ ਦੇ ਚੌਂਕੀਦਾਰ ਸੁਭਾਸ਼ ਚੰਦਰ ਵਲੋਂ ਫੋਨ ਕਰਕੇ ਦੱਸਿਆ ਗਿਆ ਕਿ ਪੈਲਸ 'ਚ ਕੁਝ ਲੋਕਾਂ ਵਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੌਕੇ 'ਤੇ ਪੁੱਜੇ ਪੈਲਸ ਦੇ ਮਾਲਕ ਦਲਬੀਰ ਸਿੰਘ ਸੇਠੀ ਸਮੇਤ ਉਕਤ ਮੋਹਤਬਾਰਾਂ ਦੀ ਹਾਜ਼ਰੀ 'ਚ ਘਬਰਾਏ ਹੋਏ ਚੌਂਕੀਦਾਰ ਸੁਭਾਸ਼ ਚੰਦਰ ਨੇ ਦੱਸਿਆ ਕਿ ਇਕ ਛੋਟੇ ਹਾਥੀ (ਟੈਂਪੂ) 'ਤੇ ਆਏ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਲੁਟੇਰਿਆਂ ਵਲੋਂ ਪੈਲਸ ਦੇ ਬਾਹਰਲੇ ਗੇਟ ਦਾ ਤਾਲਾ ਤੋੜਨ ਉਪਰੰਤ ਪੈਲਸ ਦੇ ਅੰਦਰ ਦਾਖਲ ਹੋ ਕਿ ਬਰਤਨਾਂ ਵਾਲੇ ਕਮਰੇ ਦਾ ਤਾਲਾ ਤੋੜ ਕੇ ਸਟੀਲ ਅਤੇ ਸਿਲਵਰ ਦੇ ਕੀਮਤੀ ਭਾਂਡੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਸਬੰਧੀ ਉਸ ਨੂੰ ਜਦੋਂ ਖੜਕਾ ਹੋਣ 'ਤੇ ਪਤਾ ਲੱਗਾ ਤਾਂ ਉਸ ਵਲੋਂ ਰੌਲਾ ਪਾ ਕਿ ਨਜ਼ਦੀਕ ਬਹਿਕ 'ਤੇ ਰਹਿੰਦੇ ਕਿਸਾਨ ਜਸਪਾਲ ਸਿੰਘ ਨੂੰ ਬੁਲਾਇਆ। ਉਸਨੇ ਦੱਸਿਆ ਕਿ ਜਦੋਂ ਉਸ ਅਤੇ ਕਿਸਾਨ ਜਸਪਾਲ ਸਿੰਘ ਵਲੋਂ ਲੁਟੇਰਿਆਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਲੁਟੇਰੇ ਉਨ੍ਹਾਂ ਦੋਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰਕੇ ਉਕਤ ਵਹੀਕਲ 'ਤੇ ਸਵਾਰ ਹੋ ਕੇ ਫਰਾਰ ਹੋ ਰਹੇ ਸਨ ਤਾਂ ਉਕਤ ਲੁਟੇਰਿਆਂ 'ਚੋਂ ਇਕ ਕਥਿਤ ਲੁਟੇਰੇ ਨੂੰ ਉਨ੍ਹਾਂ ਵਲੋਂ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਕਥਿਤ ਲੁਟੇਰੇ ਨੂੰ ਮੌਕੇ 'ਤੇ ਪੁੱਜੇ ਥਾਣਾ ਝਬਾਲ ਦੇ ਸਹਾਇਕ ਥਾਣੇਦਾਰ ਜਸਬੀਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਨੇ ਪੁਲਸ ਦੀ ਹਾਜ਼ਰੀ 'ਚ ਮੰਨਿਆਂ ਕਿ ਉਹ ਆਪਣੇ ਸਾਥੀਆਂ ਸਮੇਤ ਚੋਰੀ ਕਰਨ ਦੀ ਨੀਅਤ ਨਾਲ ਇਥੇ ਆਏ ਸਨ, ਲੁਟੇਰੇ ਨੇ ਫਿਲਹਾਲ ਆਪਣਾ ਨਾਂ ਨਹੀਂ ਦੱਸਿਆ ਪਰ ਉਸਨੇ ਇਹ ਦੱਸਿਆ ਕਿ ਉਹ ਕਸਬਾ ਸਾਬੋਂ ਤਲਵੰਡੀ ਨਜ਼ਦੀਕ ਪਿੰਡ ਹਾਜ਼ੀਪੁਰ ਦਾ ਰਹਿਣ ਵਾਲਾ ਹੈ। ਏ.ਐੱਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਲੁਟੇਰੇ ਤੋਂ ਪੁਛਗਿੱਛ ਜਾਰੀ ਹੈ।
