ਇਤਿਹਾਸ ਦੀ ਡਾਇਰੀ : ਅੱਜ ਦੇ ਦਿਨ ਪਹਿਲੀ ਵਾਰ ਮਿਲੇ ਸਨ ਮਹਾਤਮਾ ਗਾਂਧੀ ਤੇ ਰਵਿੰਦਰਨਾਥ ਟੈਗੋਰ (ਵੀਡੀਓ)
Friday, Mar 06, 2020 - 11:01 AM (IST)
ਜਲੰਧਰ (ਬਿਊਰੋ) - ਅੱਜ 6 ਮਾਰਚ ਹੈ ਅਤੇ ਅਸੀਂ ਅੱਜ ‘ਇਤਿਹਾਸ ਦੀ ਡਾਇਰੀ’ ਪ੍ਰੋਗਰਾਮ ’ਚ ਭਾਰਤ ਦੇ ਉਨ੍ਹਾਂ ਦੋ ਖਾਸ ਲੋਕਾਂ ਦੀ ਗੱਲ ਕਰਾਂਗੇ, ਜਿਨਾਂ ਦਾ ਨਾਮ ਉਦੋਂ ਤੱਕ ਅਮਰ ਰਹੇਗਾ, ਜਦੋਂ ਤੱਕ ਭਾਰਤ ਅਤੇ ਭਾਰਤ ਦੀ ਰੂਹ ਜ਼ਿੰਦਾ ਰਹੇਗੀ। ਅਸੀਂ ਗੱਲ ਕਰ ਰਹੇ ਹਾਂ, ਮੋਹਨਦਾਸ ਕਰਮਚੰਦ ਗਾਂਧੀ ਤੇ ਰਵਿੰਦਰਨਾਥ ਟੈਗੋਰ ਦੀ। ਇਨ੍ਹਾਂ ਦੀ ਮੁਲਾਕਾਤ ਤੋਂ ਇਕ ਨਵੀਂ ਮੁਮੈਂਟ ਵੀ ਸ਼ੁਰੂ ਹੋਈ। ਕੀ ਸੀ ਓਹ ਮੁਵਮੈਂਟ ਅਤੇ ਕਿਵੇਂ ਇਨ੍ਹਾਂ ਦੇ ਤਾਰ 6 ਮਾਰਚ ਦੇ ਇਤਿਹਾਸ ਨਾਲ ਜੁੜੇ ਹੋਏ ਨੇ, ਆਓ ਮਾਰਦੇ ਹਾਂ ਇਕ ਨਜ਼ਰ...
ਗਾਂਧੀ-ਟੈਗੋਰ ਮੁਲਾਕਾਤ
16 ਮਾਰਚ 1915 ਇਹ ਉਹ ਤਾਰੀਖ ਹੈ, ਜਦੋਂ ਮਹਾਤਮਾ ਗਾਂਧੀ ਅਤੇ ਰਵਿੰਦਰਨਾਥ ਟੈਗੋਰ ਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ। ਭਾਰਤ ਦੀਆਂ ਇਹ ਦੋ ਮਹਾਨ ਸ਼ਖਸੀਅਤਾਂ ਇਕ-ਦੂਸਰੇ ਨੂੰ ਜਾਣਦੀਆਂ ਤਾਂ ਲੰਬੇ ਸਮੇਂ ਤੋਂ ਸੀ ਪਰ ਆਹਮੋ-ਸਾਹਮਣੇ ਮੁਲਾਕਾਤ ਪਹਿਲੀ ਵਾਰ ਸ਼ਾਂਤੀਨਿਕੇਤਨ ‘ਚ ਹੋਈ ਸੀ। ਇਸ ਤੋਂ ਪਹਿਲਾਂ ਵੀ ਮਹਾਤਮਾ ਗਾਂਧੀ 17 ਫਰਵਰੀ 1915 ‘ਚ ਸ਼ਾਂਤੀਨਿਕੇਤਨ ਗਏ ਸੀ ਪਰ ਉਸ ਸਮੇਂ ਰਵਿੰਦਰਨਾਥ ਟੈਗੋਰ ਨਾਲ ਮੁਲਾਕਾਤ ਨਹੀਂ ਹੋ ਸਕੀ। ਖੈਰ 6 ਮਾਰਚ ਦੀ ਗੱਲ ਕਰਦੇ ਹਾਂ ਜਦੋਂ ਪਹਿਲੀ ਮੁਲਾਕਾਤ ਹੋਈ ਜੋ ਕਾਫੀ ਪ੍ਰਭਾਵਸ਼ਾਲੀ ਰਹੀ। ਲੰਬਾ ਸਮਾਂ ਦੋਵਾਂ ਨੇ ਇਕੱਠੇ ਬੈਠ ਕੇ ਗੱਲਾਂ ਕੀਤੀਆਂ ਅਤੇ ਉਨ੍ਹਾਂ ਦੀਆਂ ਕਾਫੀ ਤਸਵੀਰਾਂ ਵੀ ਲਈਆਂ ਗਈਆਂ।
ਕਰੜੇ ਵਿਰੋਧੀ ਅਤੇ ਪੱਕੇ ਮੂਰੀਦ
ਮਹਾਤਮਾ ਗਾਂਧੀ ਦੀ ਛਵੀ ਜਿੱਥੇ ਸ਼ਾਂਤ ਸੁਭਾਅ ਦੀ ਰਹੀ ਹੈ, ਉੱਥੇ ਹੀ ਰਵਿੰਦਰਨਾਥ ਟੈਗੋਰ ਉਨ੍ਹਾਂ ਗੱਲਾਂ ਦਾ ਜਨਤਕ ਤੌਰ ‘ਤੇ ਵਿਰੋਧ ਕਰ ਦਿੰਦੇ ਸਨ, ਜੋ ਉਨ੍ਹਾਂ ਮੁਤਾਬਕ ਸਹੀ ਨਹੀਂ ਹੁੰਦੀ ਸੀ। ਹਾਲਾਂਕਿ ਮਹਾਤਮਾਂ ਗਾਂਧੀ ਵੀ ਕਈ ਗੱਲਾਂ ਦਾ ਜ਼ਬਰਦਸਤ ਵਿਰੋਧ ਕਰਦੇ ਸੀ ਪਰ ਤਰੀਕਾ ਇੱਕੋਦਮ ਸ਼ਾਂਤ ਅਤੇ ਠਹਿਰਾਅ ਭਰਿਆ ਹੁੰਦਾ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ ਦੋਵੇਂ ਇਕ ਦੂਜੇ ਤੋਂ ਖਾਸੇ ਪ੍ਰਭਾਵਿਤ ਵੀ ਸਨ ਅਤੇ ਕਰੜੇ ਵਿਰੋਧੀ ਵੀ ਸਨ।
ਮੁਲਾਕਾਤ ਤੋਂ ‘ਪੈਦਾ’ ਹੋਈ ਨਵੀਂ ਮੂਵਮੈਂਟ
ਗਾਂਧੀ-ਟੈਗੋਰ ਪਹਿਲੀ ਮੁਲਾਕਾਤ ਕਾਫੀ ਚੰਗੀ ਰਹੀ ਪਰ ਮਹਾਤਮਾ ਗਾਂਧੀ ਨੂੰ ਸ਼ਾਂਤੀਨਿਕੇਤਨ ਦੇ ਕੁਝ ਤੌਰ ਤਰੀਕੇ ਪਸੰਦ ਨਹੀਂ ਆਏ। ਓਹ ਸੀ ਵਿਦਿਆਰਥੀਆਂ ਵਲੋਂ ਆਪਣਾ ਕੰਮ ਆਪ ਨਾ ਕਰਨਾ ਤੇ ਹਰ ਕੰਮ ਲਈ ਨੌਕਰਾਂ ‘ਤੇ ਨਿਰਭਰ ਰਹਿਣਾ। ਇਸ ਤੋਂ ਬਾਅਰ ਰਵਿੰਦਰਨਾਥ ਟੈਗੋਰ ਦੀ ਇਜਾਜ਼ਤ ਤੋਂ ਬਾਅਦ 10 ਮਾਰਚ 1915 ਨੂੰ ਸ਼ਾਂਤੀਨਿਕੇਤਨ ‘ਚ ‘ਆਪਣਾ ਕੰਮ-ਆਪਣੇ ਹੱਥ’ ਮੂਵਮੈਂਟ ਦੀ ਸ਼ੁਰੂਆਤ ਹੋਈ, ਜਿਸਦੇ ਤਹਿਤ ਅਧਿਆਪਕਾਂ, ਵਿਦਿਆਰਥੀਆਂ ਸਮੇਤ ਹਰ ਸ਼ਖਸ ਨੇ ਖੁਦ ਸਫਾਈ ਕੀਤੀ ਤੇ ਹੋਰ ਕੰਮ ਵੀ ਆਪ ਹੀ ਕੀਤੇ। ਤਾਂ ‘ਆਪਣਾ ਕੰਮ-ਆਪਣੇ ਹੱਥ’ ਉਹ ਮੂਵਮੈਂਟ ਸੀ ਜੋ ਮਹਾਤਮਾ ਗਾਂਧੀ ਦੇ 6 ਮਾਰਚ ਦੇ ਦੌਰੇ ਨਾਲ ਸ਼ੁਰੂ ਹੋਈ ਸੀ। ਜੇਕਰ ਅਸੀਂ ਵੀ ਕਿਸੇ ‘ਤੇ ਨਿਰਭਰ ਨਾ ਰਹਿੰਦੇ ਹੋਏ ‘ਆਪਣਾ ਕੰਮ-ਆਪਣੇ ਹੱਥ’ ਦੇ ਆਧਾਰ ‘ਤੇ ਕਰੀਏ ਤਾਂ ਕੰਮ ‘ਚ ਹੋਰ ਨਿਖਾਰ ਆ ਸਕਦਾ ਹੈ।
ਖੈਰ ਹੁਣ ਅੱਗੇ ਵੱਧਦੇ ਹਾਂ ਤੇ ਦੇਖਦੇ ਜਾਂ 6 ਮਾਰਚ ਵਾਲੇ ਦਿਨ ਹੋਰ ਕਿਹੜੀਆਂ ਖਾਸ ਗੱਲਾਂ ‘ਇਤਿਹਾਸ ਦੀ ਡਾਇਰੀ’ ‘ਚ ਦਰਜ ਨੇ।
ਅਮਰੀਕਾ ਦੇ ਬਰਲਿਨ ‘ਤੇ ਬੰਬਾਂ ਨਾਲ ਹਮਲੇ
6 ਮਾਰਚ 1944 ‘ਚ ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਤੇ ਉਸਦੇ ਸਹਿਯੋਗੀ ਮੁਲਕਾਂ ਨੇ ਮਿਲਕੇ ਬਰਲਿਨ ‘ਤੇ ਭਾਰੀ ਬੰਬਾਰੀ ਕੀਤੀ ਸੀ।
ਅਲਜੀਰੀਆ ਜਹਾਜ਼ ਹਾਦਸਾ
2003 ‘ਚ 6 ਮਾਰਚ ਦੇ ਦਿਨ ਅਲਜੀਰੀਆ ਦਾ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ‘ਚ 100 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ।
ਪੀ.ਐੱਮ ਚੰਦਰਸ਼ੇਖਰ ਦਾ ਅਸਤੀਫਾ
6 ਮਾਰਚ 1991 ‘ਚ ਪ੍ਰਧਾਨ ਮੰਤਰੀ ਚੰਦਰਸ਼ੇਖਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਮਹਿਜ਼ 7 ਮਹੀਨੇ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਰਹੇ। ਕਾਂਗਰਸ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ
ਮਿੱਗ-23 ਦੀ ਅੰਤਿਮ ਫਲਾਈਟ
6 ਮਾਰਚ 2009 ‘ਚ ਮਿੱਗ-23 ਲੜਾਕੂ ਜਹਾਜ਼ ਨੇ ਆਪਣੀ ਅੰਤਿਮ ਉਡਾਣ ਭਰੀ ਸੀ। ਭਾਰਤੀ ਹਵਾਈ ਸੈਨਾ ਦਾ ਬੇਹੱਦ ਖਾਸ ਫਾਈਟਰ ਜੈੱਟ ਸੀ ਮਿੱਗ-23 ਜਿਸਨੇ ਭਾਰਤ ਲਈ ਕਰੀਬ 30 ਸਾਲ ਸੇਵਾਵਾਂ ਦਿੱਤੀਆਂ।