ਇਤਿਹਾਸ ਦੀ ਡਾਇਰੀ: ਆਖਿਰ ਕਿਉਂ 28 ਫਰਵਰੀ ਨੂੰ ਹੀ ਮਨਾਇਆ ਜਾਂਦਾ ਹੈ National Science Day (ਵੀਡੀਓ)

Friday, Feb 28, 2020 - 10:33 AM (IST)

ਜਲੰਧਰ (ਬਿਊਰੋ): ਨਮਸਕਾਰ ਦੋਸਤੋ!  'ਇਤਿਹਾਸ ਦੀ ਡਾਇਰੀ' ਦੇ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੌਮੀ ਸਾਇੰਸ ਦਿਵਸ ਹੈ ਸੋ, ਅੱਜ ਅਸੀਂ ਸਾਇੰਸ ਦੀ ਗੱਲ ਕਰਾਂਗੇ ਤੇ ਬਾਤ ਪਾਵਾਂਗੇ ਉਸ ਪਹਿਲੇ ਭਾਰਤੀ ਵਿਗਿਆਨੀ ਦੀ, ਜਿਸਨੂੰ ਸਾਇੰਸ ਦੇ ਖੇਤਰ 'ਚ ਨੋਬਲ ਪੁਰਸਕਾਰ ਮਿਲਿਆ। ਗੱਲ ਕਰ ਰਹੇ ਹਾਂ ਉਸ ਪਹਿਲੇ ਭਾਰਤੀ ਵਿਗਿਆਨੀ ਸੀ.ਵੀ. ਰਮਨ ਦੀ, ਜਿਨ੍ਹਾਂ ਦੀ ਖੋਜ 'ਰਮਨ ਪ੍ਰਭਾਵ' ਨੇ ਇਹ ਸਿੱਧ ਕੀਤਾ ਕਿ ਸਮੁੰਦਰ ਦਾ ਰੰਗ ਨੀਲਾ ਕਿਉਂ ਹੈ ਤੇ ਨਾਲ ਹੀ ਗੱਲ ਕਰਾਂਗੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਦੀ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੌਮੀ ਸਾਇੰਸ ਦਿਵਸ ਦੀ....

ਕੌਮੀ ਸਾਇੰਸ ਦਿਵਸ
28 ਫਰਵਰੀ ਦਾ ਦਿਨ ਕੌਮੀ ਵਿਗਿਆਨ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸੇ ਦਿਨ ਯਾਨੀ ਕਿ 28 ਫਰਵਰੀ 1928 'ਚ ਭਾਰਤੀ ਵਿਗਿਆਨੀ ਪ੍ਰੋਫੈਸਰ ਸੀ.ਵੀ. ਰਮਨ ਨੇ ਸੂਰਜ ਦੇ ਪ੍ਰਕਾਸ਼ 'ਤੇ ਇਕ ਮਹਾਨ ਖੋਜ ਕੀਤੀ, ਜਿਸਨੂੰ 'ਰਮਨ ਪ੍ਰਭਾਵ' ਦਾ ਨਾਂ ਦਿੱਤਾ ਗਿਆ। ਇਸ ਖੋਜ ਲਈ ਸੀ.ਵੀ. ਰਮਨ ਨੂੰ ਨੋਬੇਲ ਪੁਰਸਕਾਰ ਵੀ ਮਿਲਿਆ। ਸੀ.ਵੀ. ਰਮਨ ਉਹ ਪਹਿਲੇ ਭਾਰਤੀ ਸਨ, ਜਿਨ੍ਹਾਂ ਨੂੰ ਵਿਗਿਆਨ ਦੇ ਖੇਤਰ 'ਚ ਨੋਬਲ ਪੁਰਸਕਾਰ ਮਿਲਿਆ। ਲਿਹਾਜ਼ਾ ਭਾਰਤ 'ਚ 28 ਫਰਵਰੀ ਦਾ ਦਿਨ ਰਾਸ਼ਟਰੀ ਵਿਗਿਆਨ ਦਿਵਸ ਲਈ ਚੁਣਿਆ ਗਿਆ।

'ਕੀ ਹੈ ਰਮਨ ਪ੍ਰਭਾਵ'
ਰਮਨ ਪ੍ਰਭਾਵ ਯਾਨੀਕਿ ਲਾਈਟ ਡਿਫੈਕਸ਼ਨ,  ਰੌਸ਼ਨੀ ਦੇ ਬਿਖਰਣ ਜਾਂ ਪ੍ਰਕਾਸ਼ ਦੇ ਕਈ ਰੰਗਾਂ 'ਚ ਵੰਡੇ ਜਾਣ ਦੀ ਕੁਦਰਤੀ ਪ੍ਰਕਿਰਿਆ ਦੀ ਜਾਂਚ ਹੈ। ਰਮਨ ਪ੍ਰਭਾਵ ਮੁਤਾਬਕ ਜਦੋਂ ਕੋਈ ਪ੍ਰਕਾਸ਼ ਕਿਸੇ ਪਾਰਦਰਸ਼ੀ ਤਰਲ ਜਾਂ ਠੋਸ ਪਦਾਰਥ 'ਚੋਂ ਹੋ ਕੇ ਲੰਘਦਾ ਹੈ ਤਾਂ ਪ੍ਰਕਾਸ਼ ਦੀਆਂ ਤਿਰੰਗਾਂ 'ਚ ਇਕ ਤਬਦੀਲੀ ਹੁੰਦੀ ਹੈ। ਭਾਵ ਕਿ ਜਦੋਂ ਪ੍ਰਕਾਸ਼ ਦੀ ਇਕ ਲਹਿਰ ਕਿਸੇ ਪਦਾਰਥ ਨਾਲ ਟਕਰਾਉਂਦੀ ਹੈ ਤਾਂ ਇਸ ਪ੍ਰਕਾਸ਼ ਲਹਿਰ ਦਾ ਕੁਝ ਭਾਗ ਇਕ ਅਜਿਹੀ ਦਿਸ਼ਾ 'ਚ ਫੈਲਦਾ ਹੈ ਜੋ ਕਿ ਆਉਣ ਵਾਲੀ ਰੌਸ਼ਨੀ ਦੀ ਦਿਸ਼ਾ ਤੋਂ ਵੱਖ ਹੁੰਦੀ ਹੈ। ਪ੍ਰਕਾਸ਼ ਦੀ ਇਸੇ ਵੰਡ ਨੂੰ ਰਮਨ ਪ੍ਰਭਾਵ ਕਿਹਾ ਜਾਂਦਾ ਹੈ।

ਕਿਵੇਂ ਆਇਆ ਖਿਆਲ
ਵਿਦੇਸ਼ ਤੋਂ ਪਰਤਦਿਆਂ ਭੂਮੱਧ ਸਾਗਰ ਦੇ ਗੂੜ੍ਹੇ ਨੀਲੇ ਰੰਗ ਨੂੰ ਵੇਖ ਕੇ ਵੀ. ਸੀ. ਰਮਨ ਦੇ ਮਨ 'ਚ ਖਿਆਲ ਆਇਆ ਕਿ ਇਹ ਨੀਲਾ ਰੰਗ ਪਾਣੀ ਦਾ ਹੈ ਜਾਂ ਆਸਮਾਨ ਦਾ ਪ੍ਰਤੀਬਿੰਬ। ਵਾਪਸ ਕਲਕੱਤਾ ਪਹੁੰਚ ਵੀ. ਸੀ. ਰਮਨ ਨੇ ਇਸ'ਤੇ ਕਈ ਪ੍ਰਯੋਗ ਕੀਤੇ ਤੇ 7 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਸਾਬਿਤ ਕੀਤਾ ਕਿ ਸਮੁੰਦਰ ਦਾ ਇਹ ਨੀਲਾ ਰੰਗ ਨਾ ਪਾਣੀ ਦਾ ਹੈ, ਨਾ ਆਕਾਸ਼ ਦਾ ਬਲਕਿ ਇਹ ਨੀਲਾ ਰੰਗ ਪਾਣੀ ਤੇ ਹਵਾ ਦੇ ਕਣਾਂ ਰਾਹੀਂ ਪ੍ਰਕਾਸ਼ ਦੇ ਖਿੰਡਣ ਕਰਕੇ ਹੈ।
ਵੀ.ਸੀ. ਰਮਨ ਨੇ ਜਿਸ ਦੌਰ 'ਚ ਇਹ ਖੋਜ ਕੀਤੀ, ਉਸ ਵੇਲੇ ਦੇ ਯੰਤਰ ਕਾਫੀ ਵੱਡੇ ਤੇ ਪੁਰਾਣੇ ਸਨ ਪਰ ਅੱਜ ਰਮਨ ਪ੍ਰਭਾਵ ਨੇ ਤਕਨੀਕ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਰਮਨ ਵਲੋਂ ਦਿੱਤੇ ਗਏ ਇਸ ਸਿਧਾਂਤ ਦੀ ਵਰਤੋਂ ਅੱਜ ਕਈ ਖੇਤਰਾਂ 'ਚ ਕੀਤੀ ਜਾਂਦੀ ਹੈ। ਅੱਜ ਦੁਨੀਆ ਭਰ ਦੀਆਂ ਕੈਮੀਕਲ ਲੈਬਜ਼ 'ਚ ਰਮਨ ਸਪੈਕਟਰੋਸਕੋਪੀ ਦਾ ਇਸਤੇਮਾਲ ਹੁੰਦਾ ਹੈ। ਇਥੋਂ ਤੱਕ ਕਿ ਜਦੋਂ ਪੁਲਾੜ ਮਿਸ਼ਨ ਚੰਦਰਯਾਨ ਨੇ ਚੰਦਰਮਾ 'ਤੇ ਪਾਣੀ ਹੋਣ ਦੀ ਗੱਲ ਕਹੀ ਤਾਂ ਇਸ ਪਿੱਛੇ ਵੀ 'ਰਮਨ ਪ੍ਰਭਾਵ' ਹੀ ਸੀ। ਹੁਣ ਇਕ ਝਾਤ ਮਾਰਦੇ ਹਾਂ ਭੌਤਿਕ ਵਿਗਿਆਨੀ ਸੀ.ਵੀ. ਰਮਨ ਦੇ ਜੀਵਨ 'ਤੇ....

ਭੌਤਿਕ ਵਿਗਿਆਨੀ ਸੀ.ਵੀ. ਰਮਨ
ਭੌਤਿਕ ਵਿਗਿਆਨੀ ਸੀ.ਵੀ. ਰਮਨ ਦਾ ਪੂਰਾ ਨਾਂ ਚੰਦਰਸ਼ੇਖਰ ਵੈਂਕੇਟ ਰਮਨ ਹੈ। ਉਨ੍ਹਾਂ ਦਾ ਜਨਮ 7 ਨਵੰਬਰ 1888 ਨੂੰ ਤਾਮਿਲਨਾਡੂ ਦੇ ਤਿਰੂਚਿਰਾਪੱਲੀ 'ਚ ਹੋਇਆ।ਉਨ੍ਹਾਂ ਦੇ ਪਿਤਾ ਚੰਦਰਸ਼ੇਖਰ ਰਾਮਨਾਥਨ ਅੱਈਅਰ ਕਾਲਜ 'ਚ ਫਿਜ਼ੀਕਸ ਦੇ ਪ੍ਰੋਫੈਸਰ ਸਨ। ਸੀ.ਵੀ. ਰਮਨ ਪੜ੍ਹਾਈ 'ਚ ਏਨੇ ਹੁਸ਼ਿਆਰ ਸਨ ਕਿ ਮਹਿਜ਼ 11 ਸਾਲ ਦੀ ਉਮਰ 'ਚ ਉਨ੍ਹਾਂ ਨੇ 10ਵੀਂ ਦੀ ਪ੍ਰੀਖਿਆ ਪਾਸ ਕਰ ਲਈ ਸੀ। 19 ਸਾਲ ਦੀ ਉਮਰ 'ਚ ਲਾਈਟ ਡਿਫਰੈਕਸ਼ਨ 'ਤੇ ਉਨ੍ਹਾਂ ਦਾ ਪਹਿਲਾ ਰਿਸਰਚ ਪੇਪਰ ਲੰਡਨ ਦੇ ਫਿਲੋਸਫੀਕਲ ਮੈਗਜ਼ੀਨ 'ਚ ਪ੍ਰਕਾਸ਼ਿਤ ਹੋਇਆ। 28 ਫਰਵਰੀ 1928 'ਚ  ਉਨ੍ਹਾਂ  'ਰਮਨ ਪ੍ਰਭਾਵ' ਦੀ ਖੋਜ ਕੀਤੀ। 82 ਸਾਲ ਦੀ ਉਮਰ 'ਚ ਬੰਗਲੂਰੂ ਵਿਖੇ 21 ਨਵੰਬਰ 1970 ਨੂੰ ਸੀ.ਵੀ. ਰਮਨ  ਦਾ ਦੇਹਾਂਤ ਹੋ ਗਿਆ।

ਐਵਾਰਡ
ਆਜ਼ਾਦੀ ਤੋਂ ਬਾਅਦ ਸਾਲ 1954 'ਚ ਸੀ.ਵੀ. ਰਮਨ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ...ਜਦਕਿ ਸਾਲ 1957 'ਚ ਉਨ੍ਹਾਂ ਨੂੰ ਲੇਨਿਨ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ।

ਸਾਲ ਐਵਾਰਡ  
1954 ਭਾਰਤ ਰਤਨ ਐਵਾਰਡ
1957 ਲੇਨਿਨ ਸ਼ਾਂਤੀ ਪੁਰਸਕਾਰ

ਉਪਲਬਧੀਆਂ
1934 'ਚ ਭਾਰਤੀ ਵਿਗਿਆਨ ਸੰਸਥਾ ਦੇ ਡਾਇਰੈਕਟਰ ਬਣੇ।
1947 'ਚ ਭਾਰਤ ਸਰਕਾਰ ਨੇ ਕੌਮੀ ਲੈਕਚਰਾਰ ਦਾ ਅਹੁਦਾ ਦਿੱਤਾ।
1948 'ਚ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦੇ ਨਾਂ 'ਤੇ ਰਮਨ ਇੰਸਟੀਚਿਊਟ ਦੀ ਸਥਾਪਨਾ ਹੋਈ।
ਅੱਜ ਦੇ ਦਿਨ ਜਿੱਥੇ ਭਾਰਤ ਨੇ ਵਿਗਿਆਨ ਦੇ ਖੇਤਰ 'ਚ 'ਰਮਨ ਪ੍ਰਭਾਵ' ਦੀ ਉਪਲਬਧੀ ਹਾਸਿਲ ਕੀਤੀ। ਉਥੇ ਹੀ 28 ਫਰਵਰੀ 1963 'ਚ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਡਾ. ਰਾਜਿੰਦਰ ਪ੍ਰਸਾਦ ਨੇ ਜਿਥੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ...ਉਥੇ ਹੀ ਭਾਰਤੀ ਸੰਵਿਧਾਨ ਦੇ ਨਿਰਮਾਣ 'ਚ ਵੀ ਵੱਡਾ ਯੋਗਦਾਨ ਪਾਇਆ। ਡਾ. ਰਜਿੰਦਰ ਪ੍ਰਸਾਦ ਇਕਲੌਤੇ ਅਜਿਹੇ ਨੇਤਾ ਸਨ, ਜੋ ਲਗਾਤਾਰ ਦੋ ਵਾਰ ਰਾਸ਼ਟਰਪਤੀ ਬਣੇ... ਤਾਂ ਆਓ ਝਾਤ ਮਾਰਦੇ ਹਾਂ ਉਨ੍ਹਾਂ ਦੇ ਜੀਵਨ ਦੇ ਕੁਝ ਅਹਿਮ ਪਹਿਲੂਆਂ 'ਤੇ..

ਡਾ. ਰਾਜਿੰਦਰ ਪ੍ਰਸਾਦ
ਦੇਸ਼ ਭਗਤੀ, ਸਾਦਗੀ, ਸੇਵਾ ਤੇ ਤਿਆਗ ਦੀ ਮੂਰਤ ਡਾ. ਰਾਜਿੰਦਰ ਪ੍ਰਸਾਦ ਦਾ ਜਨਮ  3 ਦਸੰਬਰ 1884 'ਚ ਬਿਹਾਰ ਦੇ ਸੀਵਾਨ ਜ਼ਿਲੇ 'ਚ ਜੀਰਾਦੇਈ ਪਿੰਡ 'ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮਹਾਦੇਵ ਤੇ ਮਾਤਾ ਦਾ ਨਾਂ ਕਮਲੇਸ਼ਵਰੀ ਦੇਵੀ ਸੀ। ਡਾ. ਰਜਿੰਦਰ ਪ੍ਰਸਾਦ ਨੇ ਕਲਕੱਤਾ ਪ੍ਰੈਜ਼ੀਡੈਂਸੀ ਕਾਲਜ ਤੋਂ ਕਲਾ ਦੇ ਖੇਤਰ 'ਚ ਐੱਮ. ਏ. ਤੇ ਕਾਨੂੰਨ 'ਚ ਮਾਸਟਰਸ ਦੀ ਸਿਖਿਆ ਪੂਰੀ ਕੀਤੀ..ਇਸੇ ਦੌਰਾਨ 1905 'ਚ ਵੱਡੇ ਭਰਾ ਦੇ ਕਹਿਣ 'ਤੇ ਉਹ ਸਵਦੇਸ਼ੀ ਅੰਦੋਲਨ ਨਾਲ ਜੁੜ ਗਏ..

ਸਿਆਸੀ ਜੀਵਨ
ਮਹਾਤਮਾ ਗਾਂਧੀ ਦੇ ਸੰਪਰਕ 'ਚ ਆਉਣ ਮਗਰੋਂ ਡਾ. ਰਾਜਿੰਦਰ ਪ੍ਰਸਾਦ ਨੇ ਅਹਿਸਯੋਗ ਅੰਦੋਲਨ 'ਚ ਹਿੱਸਾ ਲਿਆ। 1930 'ਚ ਨਮਕ ਸੱਤਿਆਗ੍ਰਹਿ 'ਚ ਹਿੱਸਾ ਲੈਣ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 1939  'ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਅਸਤੀਫੇ ਮਗਰੋਂ  ਡਾ. ਰਾਜਿੰਦਰ ਪ੍ਰਸਾਦ ਕਾਂਗਰਸ ਦੇ ਪ੍ਰਧਾਨ ਬਣੇ। 1946 'ਚ ਜਦੋਂ ਸੰਵਿਧਾਨ ਸਭਾ ਬਣਾਈ ਗਈ ਤਾਂ ਉਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ... 1950 'ਚ ਸੰਵਿਧਾਨ ਸਭਾ ਦੀ ਆਖਰੀ ਮੀਟਿੰਗ 'ਚ ਰਾਸ਼ਟਰਪਤੀ ਚੁਣੇ ਗਏ ਤੇ 26 ਜਨਵਰੀ 1950 'ਚ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ। ਇਸ ਤੋਂ ਬਾਅਦ 1957 'ਚ ਉਹ ਮੁੜ ਰਾਸ਼ਟਰਪਤੀ ਬਣੇ ਤੇ 13 ਮਈ 1962 ਤੱਕ ਇਸ ਅਹੁਦੇ 'ਤੇ ਰਹੇ। ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਡਾ. ਰਜਿੰਦਰ ਪ੍ਰਸਾਦ ਨੂੰ ਭਾਰਤ ਸਰਕਾਰ ਵਲੋਂ 'ਭਾਰਤ ਰਤਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਆਖਰੀ ਸਮਾਂ
ਡਾ. ਰਜਿੰਦਰ ਪ੍ਰਸਾਦ ਦੇ ਆਖਰੀ ਦਿਨ ਮੰਦਹਾਲੀ 'ਚ ਗੁਜ਼ਰੇ। ਰਿਟਾਇਰਮੈਂਟ ਤੋਂ ਬਾਅਦ ਡਾ. ਰਜਿੰਦਰ ਪ੍ਰਸਾਦ ਨੇ ਕੁਝ ਮਹੀਨੇ ਪਟਨਾ ਦੇ ਸਦਾਕਤ ਆਸ਼ਰਮ 'ਚ ਬਿਤਾਏ ਜਿਥੇ ਉਨ੍ਹਾਂ ਲਈ ਸਹੀ ਢੰਗ ਦੇ ਇਲਾਜ ਦੀ ਵਿਵਸਥਾ ਵੀ ਨਹੀਂ ਸੀ। ਬਿਨਾਂ ਸ਼ੱਕ ਡਾ. ਰਜਿੰਦਰ ਪ੍ਰਸਾਦ ਪ੍ਰਸਿੱਧ ਤੇ ਕਾਬਿਲ ਵਕੀਲ ਸਨ, ਜਿਸਦੇ ਬਲਬੂਤੇ 'ਤੇ ਉਹ ਚੰਗੀ ਕਮਾਈ ਕਰ ਸਕਦੇ ਸਨ ਪਰ ਉਨ੍ਹਾਂ ਨੇ ਆਪਣਾ ਸਭ ਕੁਝ ਦੇਸ਼ ਦੇ ਨਾਂ ਲਗਾ ਦਿੱਤਾ ਤੇ ਅਖੀਰ 28 ਫਰਵਰੀ 1963 'ਚ ਰਜਿੰਦਰ ਬਾਬੂ ਦਾ ਦੇਹਾਂਤ ਹੋ ਗਿਆ।  
ਆਓ ਹੁਣ ਨਜ਼ਰ ਮਾਰਦੇ ਹਾਂ 28 ਫਰਵਰੀ ਨੂੰ ਦੇਸ਼ ਤੇ ਦੁਨੀਆ 'ਚ ਵਾਪਰੀਆਂ ਕੁਝ ਖਾਸ ਘਟਨਾਵਾਂ 'ਤੇ  ਖਾਸ ਘਟਨਾਵਾਂ
28 ਫਰਵਰੀ 1943 'ਚ ਕੋਲਕਾਤਾ ਦਾ ਹਾਵੜਾ ਪੁਲ, ਜਿਸ ਨੂੰ ਰਵਿੰਦਰ ਸੇਤੂ ਵੀ ਕਿਹਾ ਜਾਂਦਾ ਹੈ, ਸ਼ੁਰੂ ਹੋਇਆ।
28 ਫਰਵਰੀ 1948 'ਚ ਬ੍ਰਿਟਿਸ਼ ਫੌਜੀਆਂ ਦਾ ਆਖਰੀ ਦਸਤਾ ਭਾਰਤ ਨੂੰ ਛੱਡ ਕੇ ਬ੍ਰਿਟੇਨ ਲਈ ਰਵਾਨਾ ਹੋਇਆ।
28 ਫਰਵਰੀ 1997 ਨੂੰ ਪਾਕਿਸਤਾਨ 'ਚ ਆਏ ਭੂਚਾਲ 'ਚ 45 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਸੇ ਦਿਨ ਉਤਰ ਇਰਾਨ 'ਚ ਆਏ ਭੂਚਾਲ ਕਾਰਣ 3000 ਲੋਕਾਂ ਦੀ ਮੌਤ ਹੋ ਗਈ ਸੀ।

ਜਨਮ
28 ਫਰਵਰੀ 1913 ਹਿੰਦੀ ਦੇ ਪ੍ਰਸਿੱਧ ਕਵੀ, ਲੇਖਕ ਤੇ ਸੰਪਾਦਕ ਪੰਡਿਤ ਨਰਿੰਦਰ ਸ਼ਰਮਾ ਦਾ ਜਨਮ ਹੋਇਆ।
28 ਫਰਵਰੀ  1944 'ਚ ਭਾਰਤੀ ਸਿਨੇਮਾ ਦੇ ਪ੍ਰਸਿੱਧ ਸੰਗੀਤਕਾਰ ਤੇ ਗਾਇਕ ਰਵਿੰਦਰ ਜੈਨ ਦਾ ਜਨਮ ਹੋਇਆ।

ਮੌਤ
28 ਫਰਵਰੀ 1936 'ਚ ਜਵਾਹਰ ਲਾਲ ਨਹਿਰੂ ਦੀ ਪਤਨੀ ਕਮਲਾ ਨਹਿਰੂ ਦਾ ਸਵਿਟਜ਼ਰਲੈਂਡ 'ਚ ਦੇਹਾਂਤ ਹੋਇਆ।
28 ਫਰਵਰੀ 1986 'ਚ ਸਵੀਡਨ ਦੇ 26ਵੇਂ ਪ੍ਰਧਾਨ ਮੰਤਰੀ ਆਲੋਫ ਪਾਲਮ ਦੀ ਸਟਾਕਹੋਮ 'ਚ ਹੱਤਿਆ ਕਰ ਦਿੱਤੀ ਗਈ ਸੀ।  

ਖਾਸ ਘਟਨਾਵਾਂ
28 ਫਰਵਰੀ 1943
ਹਾਵੜਾ ਪੁਲ ਸ਼ੁਰੂ ਹੋਇਆ
28 ਫਰਵਰੀ 1948
ਬ੍ਰਿਟਿਸ਼ ਫੌਜੀਆਂ ਦੇ ਆਖਰੀ ਦਸਤੇ ਨੇ ਛੱਡਿਆ ਭਾਰਤ
28 ਫਰਵਰੀ 1997
ਪਾਕਿਸਤਾਨ 'ਚ ਭੂਚਾਲ ਨਾਲ 45 ਮੌਤਾਂ
ਉਤਰ ਇਰਾਨ 'ਚ ਭੂਚਾਲ ਨਾਲ 3000 ਮੌਤਾਂ

ਜਨਮ
28 ਫਰਵਰੀ 1913
ਹਿੰਦੀ ਕਵੀ ਪੰ. ਨਰਿੰਦਰ ਸ਼ਰਮਾ ਦਾ ਜਨਮ
28 ਫਰਵਰੀ  1944
ਸੰਗੀਤਕਾਰ ਤੇ ਗਾਇਕ ਰਵਿੰਦਰ ਜੈਨ ਦਾ ਜਨਮ

ਮੌਤ
28 ਫਰਵਰੀ 1936
ਕਮਲਾ ਨਹਿਰੂ ਦਾ ਦੇਹਾਂਤ
28 ਫਰਵਰੀ 1986
ਆਲੋਫ ਪਾਲਮ ਦੀ ਹੱਤਿਆ


author

Shyna

Content Editor

Related News