ਇਤਿਹਾਸ ਦੀ ਡਾਇਰੀ : ਖੁਸ਼ਵੰਤ ਸਿੰਘ ਜਿਸ ਨੇ ਲੇਖਣੀ ਰਾਹੀਂ ਬਣਾਈ ਸੀ ਆਪਣੀ ਵੱਖਰੀ ਪਛਾਣ (ਵੀਡੀਓ)

Sunday, Feb 02, 2020 - 10:39 AM (IST)

ਜਲੰਧਰ (ਬਿਊਰੋ) - ਇਤਿਹਾਸ ਦੀ ਡਾਇਰੀ ’ਚ ਅੱਜ ਅਸੀਂ ਪ੍ਰਸਿੱਧ ਭਾਰਤੀ ਨਾਵਲਕਾਰ, ਪੱਤਰਕਾਰ ਤੇ ਇਤਿਹਾਸਕਾਰ ਤੇ ਬੇਬਾਕ ਲੇਖਕ ਖੁਸ਼ਵੰਤ ਸਿੰਘ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਇਨ੍ਹਾਂ ਨੇ ਆਪਣੀ ਲੇਖਣੀ ਨਾਲ ਇਤਿਹਾਸ ਦੇ ਪੰਨਿਆਂ ’ਚ ਆਪਣਾ ਨਾਂ ਦਰਜ ਕਰਵਾ ਲਿਆ ਅਤੇ ਦੁਨੀਆ ਦੇ ਲਗਭਗ ਸਾਰੇ ਜਿਊਂਦੇ-ਮੁਰਦੇ ਵਿਸ਼ਿਆਂ 'ਤੇ ਕਲਮ ਚਲਾਈ। ਧਰਮ, ਰਾਜਨੀਤੀ, ਫਿਲਮਾਂ, ਸ਼ਾਇਰੀ, ਸਿੱਖ ਇਤਿਹਾਸ, ਨਾਵਲ, ਅਨੁਵਾਦ, ਜੀਵਨੀਆਂ, ਵਹਿਮ-ਭਰਮ ਯਾਨੀ ਕਿ ਸਮੇਂ ਦੇ ਦਰਿਆ ਨਾਲ, ਜੋ ਕੁਝ ਵੀ ਉਨ੍ਹਾਂ ਦੇ ਦਿਲ ’ਚ ਆਇਆ, ਉਨ੍ਹਾਂ ਨੇ ਪੰਨ੍ਹੇ 'ਤੇ ਉਕੇਰ ਕੇ ਰੱਖ ਦਿੱਤਾ। ਖੁਸ਼ਵੰਤ ਸਿੰਘ ਬਾਰੇ ਕੁਝ ਲਿਖਣਾ ਜਾਂ ਕਹਿਣਾ ਇਕ ਸਦੀ ਨੂੰ ਕੁਝ ਸਕਿੰਟਾਂ ’ਚ ਸਮੇਟਣ ਅਤੇ ਸਮੁੰਦਰ ਨੂੰ ਕੁੱਜੇ ’ਚ ਭਰਨ ਦੀ ਕੋਸ਼ਿਸ਼ ਵਰਗਾ ਹੈ, ਜਿਸ ਦੇ ਬਾਵਜੂਦ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਕਾਲਮ ਨਵੀਸ ਬਾਰੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇ ਸਕੀਏ...

ਜੀਵਨ ਦੇ ਬਾਰੇ
ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ਨੂੰ ਬਰਤਾਨਵੀ ਪੰਜਾਬ ਦੇ ਹਦਾਲੀ ਵਿਖੇ ਇਕ ਸਿੱਖ ਪਰਿਵਾਰ ਹੋਇਆ, ਜੋ ਹੁਣ ਪਾਕਿਸਤਾਨ ਵਿਖੇ ਸਥਿਤ ਹੈ। 20 ਮਾਰਚ 2014 ਨੂੰ ਜੀਵਨ ਕਾਲ ਦੀ ਇਕ ਸਦੀ ਪੂਰੀ ਕਰਨ ਤੋਂ ਕੁਝ ਮਹੀਨੇ ਪਹਿਲਾਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਆਪਣੇ ਜੀਵਨ ਕਾਲ ’ਚ ਉਨ੍ਹਾਂ ਜੋ ਕੁਝ ਲਿਖਿਆ, ਉਸ ਦਾ ਅਸਰ ਸਦੀਆਂ ਤੱਕ ਰਹੇਗਾ। ਪੂਰੀ ਦੁਨੀਆ ਖੁਸ਼ਵੰਤ ਸਿੰਘ ਨੂੰ ਦੋ ਰੂਪਾਂ ’ਚ ਜਾਣਦੀ ਹੈ, ਇਕ ਉਹ ਖੁਸ਼ਵੰਤ ਸਿੰਘ, ਜੋ ਸ਼ਰਾਬ ਤੇ ਸੈਕਸ ਦਾ ਸ਼ੌਕੀਨ ਸੀ। ਜੋ ਹਮੇਸ਼ਾ ਸੋਹਣੀਆਂ ਕੁੜੀਆਂ ਨਾਲ ਘਿਰਿਆ ਰਹਿੰਦਾ ਸੀ। ਗੱਲ-ਗੱਲ 'ਤੇ ਚੁਟਕਲੇ ਸੁਣਾਉਂਦਾ ਤੇ ਠਹਾਕੇ ਲਗਾਉਂਦਾ ਸੀ। ਦੂਜਾ ਉਹ ਜੋ ਇਕ ਗੰਭੀਰ ਲੇਖਕ ਸੀ, ਬੇਹੱਦ ਨਿਮਰ ਤੇ ਖੁਸ਼ਦਿਲ, ਜੋ ਬੇਬਾਕੀ ਨਾਲ ਹਰ ਵਿਸ਼ੇ 'ਤੇ ਲਿਖਦਾ ਸੀ। ਵਿਵਾਦਾਂ ਦੀ ਪਰਵਾਹ ਕੀਤੇ ਬਿਨਾਂ 

ਉਨ੍ਹਾਂ ਦਾ ਕਾਲਮ 'ਵਿਦ ਮੈਲਿਸ ਟੂਵਾਰਡਜ਼ ਵਨ ਐਂਡ ਆਲ' ਦੇਸ਼ ਦਾ ਸਭ ਤੋਂ ਪੜ੍ਹਿਆ ਜਾਣ ਵਾਲਾ ਕਾਲਮ ਸੀ, ਜੋ ਕਈ ਅੰਗਰੇਜ਼ੀ ਅਖਬਾਰਾਂ ’ਚ ਛਪਦਾ ਸੀ। ਪੰਜਾਬ ਦੇ ਕਾਲਮ ਨਵੀਸ ਕਹਾਏ ਜਾਣ ਵਾਲੇ ਨਾਵਲ 'ਟਰੇਨ ਟੂ ਪਾਕਿਸਤਾਨ' ਨੇ ਵੰਡ ਦੇ ਦੁੱਖ ਨੂੰ ਇਸ ਤਰ੍ਹਾਂ ਛੂਹਿਆ, ਜਿਸ ਨੇ ਕਈ ਦਹਾਕਿਆਂ ਤੱਕ ਆਪਣਾ ਪ੍ਰਭਾਵ ਛੱਡਿਆ। ਪੰਜਾਬ ਦੇ ਕਾਲੇ ਦੌਰ ’ਚ ਜਦੋਂ ਕਲਮਾਂ ਖਾਮੋਸ਼ ਹੋਈਆਂ ਸਨ ਤਾਂ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਖਿਲਾਫ ਖੁੱਲ੍ਹ ਕੇ ਲਿਖਿਆ। ਸਾਕਾ ਨੀਲਾ ਤਾਰਾ ਵੇਲੇ ਉਨ੍ਹਾਂ ਨੇ ਪਦਮ ਭੂਸ਼ਣ ਐਵਾਰਡ ਵਾਪਸ ਕਰਕੇ ਆਪਣੀ ਨਾਰਾਜ਼ਗੀ ਜਤਾਈ ਤਾਂ ਉਨ੍ਹਾਂ ਦੇ ਕੱਟੜ ਵਿਰੋਧੀ ਵੀ ਉਨ੍ਹਾਂ ਦੇ ਪ੍ਰਸ਼ੰਸਕ ਬਣ ਗਏ। ਖੁਸ਼ਵੰਤ ਸਿੰਘ ਧਾਰਮਿਕ ਰਸਮਾਂ-ਰਿਵਾਜ਼ਾਂ ’ਚ ਵਿਸ਼ਵਾਸ ਨਾ ਰੱਖਦੇ ਸਨ ਪਰ ਫਿਰ ਵੀ ਉਨ੍ਹਾਂ ਨੂੰ ਆਪਣੀ ਸਿੱਖੀ ਪਛਾਣ 'ਤੇ ਮਾਣ ਸੀ। ਇਤਿਹਾਸਕ ਪੁਸਤਕਾਂ 'ਚ ਖੁਸ਼ਵੰਤ ਸਿੰਘ ਦੀ ਸਿੱਖ ਇਤਿਹਾਸ 'ਤੇ ਲਿਖੀ ਰਚਨਾ 'ਹਿਸਟਰੀ ਆਫ ਸਿੱਖਸ ਕਾਫੀ ਪ੍ਰਮੁੱਖ ਹੈ। 

PunjabKesari

ਟੈਸਟ ਕ੍ਰਿਕਟ ਦੀ ਸ਼ੁਰੂਆਤ
25 ਜੂਨ, 1932
ਜਗ੍ਹਾ— ਲਾਰਡਸ ਦਾ ਮੈਦਾਨ 

2 ਫਰਵਰੀ ਦਾ ਦਿਨ ਇਤਿਹਾਸ ’ਚ ਇਸ ਲਈ ਖਾਸ ਹੁੰਦਾ ਹੈ ਕਿ ਕਿਉਂਕਿ ਸਾਲ 1952 ’ਚ ਅੱਜ ਦੇ ਹੀ ਦਿਨ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਪਹਿਲਾ ਟੈਸਟ ਮੈਚ ਜਿੱਤਿਆ ਸੀ। ਭਾਰਤ ਨੇ ਟੈਸਟ ਕ੍ਰਿਕਟ ’ਚ 25 ਜੂਨ 1932 ਨੂੰ ਲਾਰਡਸ ਦੇ ਮੈਦਾਨ ਤੋਂ ਸ਼ੁਰੂਆਤ ਕੀਤੀ ਸੀ ਪਰ ਉਨ੍ਹਾਂ ਨੂੰ ਆਪਣੀ ਪਹਿਲੀ ਜਿੱਤ ਦਾ ਸਵਾਦ ਚੱਖਣ ਲਈ ਕਰੀਬ 20 ਸਾਲਾ ਦਾ ਲੰਮਾ ਇੰਤਜ਼ਾਰ ਕਰਨਾ ਪਿਆ। 1952 ਨੂੰ ਮਦਰਾਸ ਵਿਖੇ ਇੰਗਲੈਂਡ ਖਿਲਾਫ ਖੇਡੇ ਗਏ ਟੈਸਟ ਮੈਚ ’ਚ ਭਾਰਤ ਨੇ 8 ਦੌੜਾਂ ਨਾਲ ਜਿੱਤ ਹਾਸਲ ਕਰਕੇ ਆਪਣਾ ਖਾਤਾ ਆਖਰਕਾਰ ਟੈਸਟ ਕ੍ਰਿਕਟ ’ਚ ਖੋਲ੍ਹ ਹੀ ਲਿਆ।

PunjabKesari

ਦਿਲਾਂ ਦੀ ਮੱਲਿਕਾ ਸ਼ਕੀਰਾ
ਛੋਟਾ ਕੱਦ, ਵੱਡੇ ਕਾਰਨਾਮੇ
ਠੁਮਕਿਆਂ ਦੀ ਮੱਲਿਕਾ ਸ਼ਕੀਰਾ 

ਆਪਣੀ ਖੂਬਸੂਰਤ ਆਵਾਜ਼, ਅਦਾਵਾਂ ਅਤੇ ਸ਼ਾਨਦਾਰ ਮੂਵਜ਼ ਨਾਲ ਪੂਰੀ ਦੁਨੀਆ ਨੂੰ ਦੀਵਾਨਾ ਨੂੰ ਬਣਾਉਣ ਵਾਲੀ ਪੌਪ ਗਾਇਕਾ ਸ਼ਕੀਰਾ ਅੱਜ ਆਪਣਾ 43ਵਾਂ ਜਨਮ ਦਿਨ ਮਨਾ ਰਹੀ ਹੈ। ਸ਼ਕੀਰਾ ਦਾ ਜਨਮ 2 ਫਰਵਰੀ 1977 ਕੋਲੰਬੀਆ ’ਚ ਹੋਇਆ। ਉਸ ਦਾ ਪੂਰਾ ਨਾਂ ਸ਼ਕੀਰਾ ਇਜ਼ਾਬੇਲ ਮੇਬਰਾਕ ਰਿਪੋਲ ਹੈ। ਮਹਿਜ 5 ਫੁੱਟ 1 ਇੰਚ ਦੇ ਛੋਟੇ ਕੱਦ ਵਾਲੀ ਇਹ ਗਾਇਕਾ ਦੁਨੀਆ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸ਼ਕੀਰਾ ਸਪੈਨਿਸ਼, ਪੁਰਤਗੀਜ, ਇੰਗਲਿਸ਼ ਅਤੇ ਇਟਾਲੀਅਨ 4 ਭਾਸ਼ਾਵਾਂ ਵਿਚ ਗਾ ਲੈਂਦੀ ਹੈ। 8 ਭੈਣ-ਭਰਾਵਾਂ 'ਚੋਂ ਸ਼ਕੀਰਾ ਸਭ ਤੋਂ ਛੋਟੀ ਹੈ। ਸ਼ਕੀਰਾ ਇਕ ਟਰੇਨਡ ਬੈਲੇ ਡਾਂਸਰ ਵੀ ਹੈ, ਜਿਸ ਦੀ ਝਲਕ ਉਸ ਦੇ ਸਾਰੇ ਗੀਤਾਂ ’ਚ ਦਿਖਾਈ ਦਿੰਦੀ ਹੈ। ਗੱਲ ਜਦੋਂ ਠੁਮਕਿਆਂ ਦੀ ਹੋਵੇ ਤਾਂ ਸ਼ਕੀਰਾ ਦਾ ਨਾਂ ਸਭ ਤੋਂ ਉੱਤੇ ਆਉਂਦਾ ਹੈ। ਕਈ ਪੰਜਾਬੀ ਤੇ ਬਾਲੀਵੁੱਡ ਗੀਤਾਂ ’ਚ ਉਸ ਦੇ ਗੀਤਾਂ ਦੇ ਉਸ ਠੁਮਕਿਆਂ ਦਾ ਜ਼ਿਕਰ ਹਮੇਸ਼ੀ ਆ ਹੀ ਜਾਂਦਾ ਹੈ। 

ਬਚਪਨ ਵਿਚ ਗਰੀਬੀ ਦੇਖਣ ਵਾਲੀ ਸ਼ਕੀਰਾ ਨੇ ਸ਼ੌਹਰਤ ਤੇ ਪੈਸਾ ਆਉਂਦੇ ਹੀ ਸਭ ਤੋਂ ਪਹਿਲਾਂ ਗਰੀਬ ਬੱਚਿਆਂ ਲਈ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਗਰੀਬ ਬੱਚਿਆਂ ਲਈ ਬੇਅਰਫੁੱਟ ਫਾਊਂਡੇਸ਼ਨ ਬਣਾਈ ਹੋਈ ਹੈ। ਆਪਣੀ ਇਸ ਫਾਊਂਡੇਸ਼ਨ ਦੇ ਨਾਂ ਵਾਂਗ ਹੀ ਉਹ ਹਮੇਸ਼ਾ ਨੰਗੇ ਪੈਰ ਪਰਫਾਰਮ ਕਰਦੀ ਹੈ। ਸ਼ਕੀਰਾ ਦੁਨੀਆ ਦੇ ਟਾਪ ਸਿੰਗਰਾਂ ਵਿਚ ਸ਼ੁਮਾਰ ਹੈ। ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ ’ਚ ਉਸ ਦੇ ਦੀਵਾਨਿਆਂ ਦੀ ਘਾਟ ਨਹੀਂ ਹੈ।


 


author

rajwinder kaur

Content Editor

Related News