ਐੈੱਨ. ਆਰ. ਆਈ. ਦੀ ਕੋਠੀ ’ਚੋਂ ਲੱਖਾਂ ਦਾ ਸਾਮਾਨ ਚੋਰੀ

Monday, Jul 30, 2018 - 04:55 AM (IST)

ਐੈੱਨ. ਆਰ. ਆਈ. ਦੀ ਕੋਠੀ ’ਚੋਂ ਲੱਖਾਂ ਦਾ ਸਾਮਾਨ ਚੋਰੀ

ਬਨੂਡ਼, (ਗੁਰਪਾਲ)- ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਸ਼ੰਭੂ ਕਲਾਂ ਵਿਚ ਐੈੱਨ. ਆਰ. ਆਈ. ਬੰਦ ਪਈ ਕੋਠੀ ’ਚੋਂ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਸ਼ੰਭੂ ਕਲਾਂ ਦਾ ਗੁਰਦੀਪ ਸਿੰਘ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ ਵਿਚ ਰਹਿ ਰਿਹਾ ਹੈ। ਉਸ ਨੇ ਪਿੰਡ  ਵਿਚਕਾਰ ਸੰਘਣੀ ਆਬਾਦੀ ਵਿਚ ਆਲੀਸ਼ਾਨ ਕੋਠੀ ਬਣਾਈ ਹੋਈ ਹੈ। 
 ਅੱਜ ਸਵੇਰੇ ਜਦੋਂ  ਕੋਠੀ ਵਿਚ ਸਫਾਈ ਕਰਨ ਵਾਲੀ ਅੌਰਤ ਆਈ ਤਾਂ ਉਸ ਨੇ ਦੇਖਿਆ ਕਿ ਕਮਰਿਆਂ ਵਿਚ ਸਾਰਾ ਸਾਮਾਨ ਖਿੱਲਰਿਆ ਪਿਆ ਹੈ। ਉਸ ਨੇ ਘਟਨਾ ਦੀ ਜਾਣਕਾਰੀ ਪਿੰਡ ਦੇ ਸਰਪੰਚ ਜਸਮੇਰ ਸਿੰਘ ਨੂੰ ਦਿੱਤੀ,  ਜਿਨ੍ਹਾਂ ਥਾਣਾ ਸ਼ੰਭੂ ਦੀ ਪੁਲਸ ਨੂੰ ਸੂਚਿਤ ਕੀਤਾ। ਏ. ਐੈੱਸ. ਆਈ. ਭੁਪਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਕੋਠੀ ਅੰਦਰ ਸਾਰੀਆਂ ਅਲਮਾਰੀਅਾਂ ਤੇ ਪੇਟੀਆਂ ਦਾ ਸਾਮਾਨ ਖਿੱਲਰਿਆ ਪਿਆ ਸੀ।  ਉਨ੍ਹਾਂ  ਫਿੰਗਰ ਪ੍ਰਿੰਟ ਦੀ ਟੀਮ ਨੂੰ ਮੌਕੇ ’ਤੇ ਬੁਲਾ ਕੇ ਜਾਂਚ ਕਰਵਾਈ। 
 ਇਸ ਸਬੰਧੀ ਐੈੱਨ. ਆਰ. ਆਈ. ਗੁਰਦੀਪ ਸਿੰਘ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਦਾ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਉਨ੍ਹਾਂ ਕਿਹਾ ਕਿ ਕੀਮਤੀ ਸਾਮਾਨ ਚੋਰੀ ਹੋਣ ਤੋਂ ਇਲਾਵਾ ਉਸ ਦਾ 2 ਲੱਖ ਰੁਪਏ ਦੀ ਅਲਮਾਰੀਆਂ, ਦਰਵਾਜ਼ੇ ਤੇ ਹੋਰ ਸਾਮਾਨ ਦੀ ਭੰਨ-ਤੋਡ਼ ਹੋ ਗਈ। ਦੱਸਣਯੋਗ ਹੈ ਕਿ ਐੈੱਨ. ਆਰ. ਆਈ. ਦੀ ਕੋਠੀ ਸੰਘਣੀ ਆਬਾਦੀ ਵਿਚ ਸਥਿਤ ਹੈ। ਇਹ ਘਟਨਾ ਦਿਨ ਜਾਂ ਰਾਤ ਵੇਲੇ ਵਾਪਰੀ, ਗੁੰਝਲਦਾਰ ਭੇਤ ਬਣਿਆ ਹੋਇਆ ਹੈ। ਇਸ ਮਾਮਲੇ ਬਾਰੇ ਜਦੋਂ ਥਾਣਾ ਮੁਖੀ ਇੰਸ. ਕੁਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਦੀ ਫੋਨ ’ਤੇ ਐੈੱਨ. ਆਰ. ਆਈ. ਨਾਲ ਗੱਲ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਚੋਰੀ ਹੋਏ ਸਾਮਾਨ ਦਾ ਵੇਰਵਾ ਦੇਣ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।


Related News