ਇਟਲੀ ਦੇ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਪੰਜਾਬੀ ਨੌਜਵਾਨ ਸੰਦੀਪ ਕੁਮਾਰ ਨੇ ਗੱਡੇ ਜਿੱਤ ਦੇ ਝੰਡੇ
Thursday, May 20, 2021 - 11:34 AM (IST)
ਰੋਮ (ਦਲਵੀਰ ਕੈਂਥ): ਵਿਦੇਸ਼ਾਂ ਵਿੱਚ ਆਕੇ ਜਦੋਂ ਵੀ ਕੋਈ ਪੰਜਾਬੀ ਨੌਜਵਾਨ ਬੁਲੰਦ ਹੌਂਸਲੇ ਤੇ ਫ਼ੌਲਾਦੀ ਇਰਾਦਿਆਂ ਨਾਲ ਕਾਮਯਾਬੀ ਦਾ ਵਿਲੱਖਣ ਇਤਿਹਾਸ ਸਿਰਜਦਾ ਹੈ ਤਾਂ ਉਹ ਜਿੱਥੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰਦਾ ਹੈ ਉੱਥੇ ਹੀ ਆਪਣੀ ਜਨਮ ਭੂਮੀ ਤੇ ਦੇਸ਼ ਦੇ ਨਾਮ ਨੂੰ ਵੀ ਚੁਫੇਰੇ ਰੌਸ਼ਨਾ ਦਿੰਦਾ ਹੈ, ਜਿਸ ਨਾਲ ਫਿਰ ਹਰ ਮਿਹਨਤਕਸ਼ ਪੰਜਾਬੀ ਭਾਰਤੀ ਅਜਿਹੇ ਨੌਜਵਾਨ ਦੀ ਜਿੱਤ 'ਤੇ ਮਾਣ ਕਰਦਾ ਹੈ।ਅਜਿਹਾ ਹੀ ਪੰਜਾਬੀ ਪੁੱਤਰ ਹੈ 25 ਸਾਲਾ ਨੌਜਵਾਨ ਸੰਦੀਪ ਕੁਮਾਰ ਸਪੁੱਤਰ ਪਰਮਜੀਤ ਸਿੰਘ ਤੇ ਮਨਜੀਤ ਕੌਰ ਜਿਹੜਾ ਕਿ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੂਤ (ਨੇੜੇ ਬੰਗਾ) ਨਾਲ ਸੰਬਧਿਤ ਹੈ ਤੇ 10 ਸਾਲ ਪਹਿਲਾਂ ਪਰਿਵਾਰ ਨਾਲ ਇਟਲੀ ਆਇਆ ਸੀ।
ਸੰਦੀਪ ਕੁਮਾਰ ਦਾ ਨਿੱਕੇ ਹੁੰਦਾ ਦਾ ਹੀ ਸੁਪਨਾ ਸੀ ਕੁਝ ਕਰਕੇ ਦਿਖਾਉਣ ਦਾ, ਜਿਸ ਲਈ ਉਸ ਨੇ ਨਿਰੰਤਰ ਮਿਹਨਤ ਕੀਤੀ ਤੇ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਮੱਲਾਂ ਮਾਰਦੇ ਅੱਜ ਇਟਲੀ ਵਿੱਚ ਮੋਹਰਲੀ ਕਤਾਰ ਦਾ ਮੁਕਾਬਲੇ-ਬਾਜ਼ ਬਣ ਗਿਆ ਹੈ।ਸੰਦੀਪ ਕੁਮਾਰ ਨੇ ਹਾਲ ਹੀ ਵਿੱਚ ਇਟਾਲੀਅਨ ਬਾਕਸਿੰਗ ਐਂਡ ਫਿਟਨਸ ਫੈਡਰੇਸ਼ਨ ਵੱਲੋਂ ਤੁਸਕਾਨਾ ਸੂਬੇ ‘ਚ ਕਰਵਾਏ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮੈਨ ਆਫ ਦਾ ਟਰਾਫੀ ਜਿੱਤ ਧੰਨ-ਧੰਨ ਕਰਵਾਈ ਹੈ ਤੇ 26 ਜੂਨ 2021 ਨੂੰ ਉਹ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਸਲੋਵੇਨੀਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਯੂਨੀਵਰਸਿਟੀ ਦੇ ਫ਼ਰਮਾਨ ਨੇ ਵਧਾਈ ਭਾਰਤੀ ਵਿਦਿਆਰਥੀਆਂ ਦੀ ਚਿੰਤਾ
ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨਾਲ ਆਪਣੀ ਕਾਮਯਾਬੀ ਦਾ ਪੈਂਡਾ ਸਾਂਝਾ ਕਰਦਿਆਂ ਸੰਦੀਪ ਕੁਮਾਰ ਨੇ ਕਿਹਾ ਕਿ ਉਸ ਨੇ ਇਹ ਮੁਕਾਮ ਸਖ਼ਤ ਮਿਹਨਤ ਤੇ ਦ੍ਰਿੜ ਇਰਾਦਿਆਂ ਨਾਲ ਹਾਸਿਲ ਕੀਤਾ ਹੈ ਜਿਸ ਵਿੱਚ ਉਸ ਦੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਟਲੀ ਦੇ ਵਾਸਨੀਕ ਸੰਦੀਪ ਕੁਮਾਰ ਨੇ ਇਟਲੀ ਦੇ ਭਾਰਤੀ ਨੌਜਵਾਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅੰਦਰਲੇ ਹੁੰਨਰ ਨੂੰ ਬਾਹਰ ਜ਼ਰੂਰ ਕੱਢਣ ਤੇ ਮਾਪਿਆਂ ਲਈ ਮਾਣਮੱਤਾ ਕਾਰਜ ਕਰਕੇ ਨਸ਼ਿਆਂ ਤੋਂ ਦੂਰ ਰਹਿਣ। ਆਪਣੇ ਗੁੰਦਵੇਂ ਸਰੀਰ ਬਾਰੇ ਜਾਣਕਾਰੀ ਦਿੰਦੇ ਉਸ ਨੇ ਕਿਹਾ ਉਸ ਨੇ ਆਪਣਾ ਸਰੀਰ ਬਹੁਤ ਮਿਹਨਤ ਨਾਲ ਬਣਾਇਆ ਹੈ ਉਹ ਵੀ ਕੁਦਰਤੀ ਢੰਗ ਤੇ ਖ਼ੁਰਾਕ ਦੀ ਬਦੌਲਤ ਜਿਸ ਨੂੰ ਇਟਾਲੀਅਨ ਕੋਚ ਪਸੰਦ ਕਰਦੇ ਹੋਏ ਬਹੁਤ ਸਤਿਕਾਰ ਦਿੰਦੇ ਹਨ।