ਜਾਅਲੀ ਵੀਜ਼ੇ 'ਤੇ ਇਟਲੀ ਭੇਜਣ ਵਾਲੇ ਟ੍ਰੈਵਲ ਏਜੰਟ ਖਿਲਾਫ ਮਾਮਲਾ ਦਰਜ

Sunday, May 24, 2020 - 04:23 PM (IST)

ਜਾਅਲੀ ਵੀਜ਼ੇ 'ਤੇ ਇਟਲੀ ਭੇਜਣ ਵਾਲੇ ਟ੍ਰੈਵਲ ਏਜੰਟ ਖਿਲਾਫ ਮਾਮਲਾ ਦਰਜ

ਨਵਾਂਸ਼ਹਿਰ (ਤ੍ਰਿਪਾਠੀ) : ਵਿਦੇਸ਼ ਜਾਣ ਦੀ ਹੋੜ ਵਿਚ ਕਈ ਲੋਕ ਨਾ ਸਿਰਫ ਆਪਣੀ ਜ਼ਮੀਨ ਜਾਇਦਾਦ ਅਤੇ ਖੂਨ-ਪਸੀਨੇ ਦੀ ਕਮਾਈ ਤੋਂ ਹੱਥ ਧੋ ਬੈਠਦੇ ਹਨ, ਸਗੋਂ ਕੁੱਝ ਮਾਮਲਿਆਂ ਵਿਚ ਤਾਂ ਦਿਮਾਗੀ ਪ੍ਰੇਸ਼ਾਨੀ ਦੇ ਚਲਦੇ ਮੌਤ ਦੇ ਮੂੰਹ ਵਿਚ ਵੀ ਚਲੇ ਜਾਂਦੇ ਹਨ। ਅਜਿਹੇ ਹੀ ਇਕ ਮਾਮਲੇ ਵਿਚ ਪੁਲਸ ਨੇ ਇਟਲੀ ਭੇਜਣ ਦੇ ਨਾਂ 'ਤੇ 9 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਜਾਅਲੀ ਏਜੰਟ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸਰਬਜੀਤ ਕੌਰ ਪਤਨੀ ਮੋਹਨ ਸਿੰਘ ਵਾਸੀ ਪਿੰਡ ਰੋੜ ਮਜਾਰਾ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਨੇ ਦੱਸਿਆ ਕਿ ਉਸਦੇ ਪਤੀ ਮੋਹਨ ਸਿੰਘ ਨੇ ਇਟਲੀ ਜਾਣ ਦਾ ਸੌਦਾ ਏਜੰਟ ਜਸਵੀਰ ਸਿੰਘ ਨਾਲ 9 ਲੱਖ ਰੁਪਏ ਵਿਚ ਤੈਅ ਕੀਤਾ ਸੀ। ਉਸ ਨੇ ਦੱਸਿਆ ਕਿ ਉਪਰੋਕਤ ਏਜੰਟ ਨੇ ਉਸਦੇ ਪਤੀ ਨੂੰ ਇਟਲੀ ਤਾਂ ਭੇਜ ਦਿੱਤਾ ਪਰ ਨਕਲੀ ਵੀਜ਼ਾ ਹੋਣ ਦੇ ਚਲਦੇ ਇਟਲੀ ਏਅਰਪੋਰਟ ਅਥਾਰਟੀ ਨੇ ਉਸਦੇ ਪਤੀ ਨੂੰ ਅਗਲੇ ਦਿਨ ਦੀ ਵਾਪਸ ਭਾਰਤ ਭੇਜ ਦਿੱਤਾ। ਉਸਨੇ ਦੱਸਿਆ ਕਿ ਉਪਰੋਕਤ ਏਜੰਟ ਨੇ 5 ਸਾਲ ਬੀਤ ਜਾਣ 'ਤੇ ਵੀ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਹਨ। ਉਸਨੇ ਦੱਸਿਆ ਕਿ ਉਸਦੇ ਪਤੀ ਨੇ ਉਕਤ ਏਜੰਟ ਨੂੰ ਆਪਣੀ ਜ਼ਮੀਨ ਵੇਚ ਕੇ 9 ਲੱਖ ਰੁਪਏ ਦਿੱਤੇ ਸਨ ਪਰ ਏਜੰਟ ਉਸਦੇ ਪਤੀ ਨੂੰ ਸਹੀ ਢੰਗ ਨਾਲ ਇਟਲੀ ਨਹੀਂ ਭੇਜ ਸਕਿਆ ਅਤੇ ਨਾ ਹੀ ਉਹ ਪੈਸੇ ਵਾਪਸ ਕਰ ਰਿਹਾ ਹੈ। 

ਉਸਨੇ ਦੱਸਿਆ ਕਿ ਇਟਲੀ ਜਾਣ ਦੇ ਚੱਕਰ ਵਿਚ ਜ਼ਮੀਨ ਵਿੱਕ ਜਾਣ ਅਤੇ ਉਕਤ ਏਜੰਟ ਵੱਲੋਂ ਦਿੱਤੇ ਧੋਖੇ ਦੇ ਚਲਦੇ ਉਸਦੇ ਪਤੀ ਨੂੰ ਦਿਮਾਗੀ ਤੌਰ 'ਤੇ ਕਾਫੀ ਪ੍ਰੇਸ਼ਾਨੀ ਹੋਈ ਸੀ ਅਤੇ 6 ਅਪ੍ਰੈਲ 2017 ਨੂੰ ਉਸਦੀ ਮੌਤ ਹੋ ਗਈ। ਪਤੀ ਦੀ ਮੌਤ ਉਪਰੰਤ ਉਸਦੀਆਂ 2 ਲੜਕੀਆਂ ਅਤੇ 1 ਲੜਕਾ ਜੋ ਕਿ ਅਜੇ ਪੜ੍ਹ ਰਹੇ ਹਨ, ਦਾ ਬੋਝਾ ਵੀ ਉਸਦੇ ਮੋਢੇ ਪੈ ਗਿਆ ਹੈ ਅਤੇ ਉਹ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰਨ ਨੂੰ ਮਜਬੂਰ ਹੋ ਰਹੀ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਉਪਰੋਕਤ ਏਜੰਟ ਤੋਂ ਉਸਦੇ ਪੈਸੇ ਵਾਪਸ ਕਰਵਾਉਣ ਅਤੇ ਟ੍ਰੈਵਲ ਏਜੈਂਟ ਖਿਲਾਫ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਹਰਜੀਤ ਸਿੰਘ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News