ਪੰਜਾਬ ਦੀ ਨਵੀਂ ਆਈ.ਟੀ. ਨੀਤੀ ਜਲਦ, 55000 ਨੂੰ ਮਿਲੇਗੀ ਨੌਕਰੀ

Wednesday, Nov 13, 2024 - 06:20 PM (IST)

ਪੰਜਾਬ ਦੀ ਨਵੀਂ ਆਈ.ਟੀ. ਨੀਤੀ ਜਲਦ, 55000 ਨੂੰ ਮਿਲੇਗੀ ਨੌਕਰੀ

ਚੰਡੀਗੜ੍ਹ : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਉਦਯੋਗਾਂ ਦੀ ਤਰੱਕੀ ਲਈ ਪੰਜਾਬ ਸਰਕਾਰ ਪੂਰੀ ਸੁਹਿਰਦਤਾ ਅਤੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਦਯੋਗ ਪੱਖੀ ਨੀਤੀਆਂ ਸਦਕਾ ਪੰਜਾਬ ਦਾ ਸਨਅਤੀ ਖੇਤਰ ਜਲਦ ਹੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ ਤੇ ਸਫਲਤਾ ਦੀਆਂ ਨਵੀਆਂ ਇਬਾਰਤਾਂ ਲਿਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਦਯੋਗਾਂ ਦੀ ਪ੍ਰਫੁੱਲਤਾ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਯੂਨੀਵਰਸਿਟੀ ਵਿਖੇ ਵਿਸ਼ਵ ਪੰਜਾਬੀ ਸੰਸਥਾ ਦੇ ਮੁਖੀ ਵਿਕਰਮਜੀਤ ਸਿੰਘ ਸਾਹਨੀ, ਰਾਜ ਸਭਾ ਮੈਂਬਰ ਵੱਲੋਂ ਕਰਵਾਏ ਪੰਜਾਬ ਵੀਜ਼ਨ 2047 ਮੌਕੇ "ਪੰਜਾਬ ਦਾ ਉਦਯੋਗ : ਵਾਧੇ ਲਈ ਵਿਚਾਰਾਂ" ਵਿਸ਼ੇ ਉੱਤੇ ਬੋਲਦਿਆ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਨੀਤੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਅੱਪਡੇਟ ਕਰਕੇ ਵਪਾਰ ਪੱਖੀ ਬਣਾਇਆ ਜਾਵੇਗਾ ਤਾਂ ਜੋ ਸੂਬੇ ਦੇ ਉਦਯੋਗ ਵਿਕਾਸ ਦੀ ਹੋਰ ਗਤੀ ਫੜ੍ਹ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿਚ ਪੰਜਾਬ ਵਿਚ 86 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਨਿਵੇਸ਼ ਆਇਆ ਹੈ ਅਤੇ ਇਸ ਨੂੰ ਹੋਰ ਨਵੇਂ ਮੁਕਾਮ ਉੱਤੇ ਲਿਜਾਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਹੋਏ ਹਾਦਸੇ ਦਾ ਸ਼ਿਕਾਰ, ਪੈਰ ਹੋਇਆ ਫ੍ਰੈਕਚਰ

ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਆਈ.ਟੀ. (ਇਨਫੋਰਮੇਸ਼ਨ ਟੈਕਨੋਲੋਜੀ) ਨੀਤੀ ਨੂੰ ਜਲਦ ਲਾਗੂ ਕਰਨ ਦੀ ਯੋਜਨਾ ਹੈ, ਜਿਸ ਸਦਕਾ ਮੋਹਾਲੀ ਉੱਤਰੀ ਭਾਰਤ ਦੇ ਨਵੇਂ ਆਈ.ਟੀ. ਹੱਬ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਕਰੀਬ 55 ਹਜ਼ਾਰ ਆਈ.ਟੀ. ਪੇਸ਼ੇਵਰਾਂ ਨੂੰ ਨੌਕਰੀਆਂ ਦੇ ਮੌਕੇ ਮਿਲਣਗੇ। ਸੌਂਦ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਵਿਚ ਉਨ੍ਹਾਂ ਨਾਲ ਬਹੁਤ ਸਾਰੀਆਂ ਆਈ.ਟੀ. ਕੰਪਨੀਆਂ ਦੇ ਨੁਮਾਇੰਦਿਆ ਅਤੇ ਵਫਦਾਂ ਵੱਲੋਂ ਮੁਲਾਕਾਤ ਕਰਕੇ ਪੰਜਾਬ ਵਿਚ, ਖ਼ਾਸ ਤੌਰ ਉੱਤੇ ਮੋਹਾਲੀ 'ਚ ਕੰਪਨੀਆਂ ਸ਼ੁਰੂ ਕਰਨ ਵਿਚ ਰੁਚੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਇਹ ਕੰਪਨੀਆਂ ਪੰਜਾਬ ਦੀਆਂ ਨੀਤੀਆਂ ਅਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਦਕਾ ਇੱਥੇ ਆਪਣੇ ਕੰਮ ਸ਼ੁਰੂ ਕਰਨ ਦੀਆਂ ਇੱਛੁਕ ਹਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਨ੍ਹਾਂ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਮਿਲੇਗਾ ਰੁਜ਼ਗਾਰ

ਸੌਂਦ ਨੇ ਕਿਹਾ ਕਿ ਪੰਜਾਬ ਨੂੰ ਕੌਮੀ ਉਦਯੋਗਿਕ ਨਕਸ਼ੇ ਉੱਤੇ ਅਵੱਲ ਲਿਆਉਣ ਲਈ ਬਹੁਤ ਸਾਰੇ ਸੁਧਾਰਾਂ ਉੱਤੇ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੀ ਮੰਗ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਸੂਬੇ ਦੇ ਫੋਕਲ ਪੁਆਇੰਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਦੀ ਯੋਜਨਾ ਉੱਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ 5 ਸ਼ਹਿਰਾਂ ਦੇ ਫੋਕਲ ਪੁਆਇੰਟਾਂ ਨੂੰ ਰੋਲ ਮਾਡਲ ਵਜੋਂ ਵਿਕਸਿਤ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਫੋਕਲ ਪੁਆਇੰਟਾਂ ਦੀ ਨਕਸ਼ ਨੁਹਾਰ ਬਦਲ ਦਿੱਤੀ ਜਾਵੇਗੀ। ਉਨ੍ਹਾਂ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ "ਇਨਵੈਸਟ ਪੰਜਾਬ" ਪੋਰਟਲ ਪੂਰੇ ਦੇਸ਼ ਵਿਚ ਆਪਣੀ ਕਾਰਗੁਜ਼ਾਰੀ ਸਦਕਾ ਅਵੱਲ ਰਿਹਾ ਹੈ ਅਤੇ ਇਸ ਉੱਤੇ 58 ਹਜ਼ਾਰ ਦੇ ਕਰੀਬ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿੱਥੇ ਨਵੇਂ ਉਦਯੋਗਾਂ ਦੀ ਸਥਾਪਤੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਮੌਜੂਦਾ ਉਦਯੋਗਾਂ ਨੂੰ ਹੋਰ ਬੇਹਤਰ ਸਹੂਲਤਾਂ ਤੇ ਸਹਿਯੋਗ ਦੇ ਕੇ ਤਰੱਕੀ ਦੇ ਨਵੇਂ ਬੂਹੇ ਖੋਲ੍ਹੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ, ਜਾਰੀ ਹੋਇਆ ਨੋਟੀਫਿਕੇਸ਼ਨ

ਇਸ ਮੌਕੇ ਸੌਂਦ ਨੇ ਪੰਜਾਬ ਵਿਚ ਸੈਰ ਸਪਾਟਾ ਖੇਤਰ ਨੂੰ ਵੱਡੇ ਪੱਧਰ ਉੱਤੇ ਹੁਲਾਰਾ ਦੇਣ ਦੀ ਯੋਜਨਾ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸੌਂਦ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਵੀ ਮੰਤਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਧਾਰਮਿਕ ਸੈਰ ਸਪਾਟੇ ਦੇ ਨਾਲ ਨਾਲ ਹੋਰਨਾਂ ਖੇਤਰਾਂ ਅਤੇ ਇਲਾਕਿਆਂ ਨੂੰ ਵੀ ਸੈਰ ਸਪਾਟੇ ਵਜੋਂ ਵੱਡੇ ਪੱਧਰ ਉੱਤੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।  ਉਨ੍ਹਾਂ ਖੇਤੀ ਆਧਾਰਿਤ ਉਦਯੋਗਾਂ ਉੱਤੇ ਧਿਆਨ ਕੇਂਦਰਿਤ ਕਰਨ ਦੀਆਂ ਯੋਜਨਾਵਾਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਕ ਸੂਝਵਾਨ ਸਰੋਤੇ ਵੱਲੋਂ ਮੁੱਦਾ ਚੁੱਕੇ ਜਾਣ ਤੋਂ ਬਾਅਦ, ਬੁੱਢੇ ਨਾਲੇ ਦੀ ਸਫਾਈ ਬਾਰੇ ਦੱਸਦਿਆਂ ਸੌਂਦ ਨੇ ਕਿਹਾ ਕਿ ਲੁਧਿਆਣੇ ਦੇ ਬੁੱਢੇ ਨਾਲੇ ਦੀ ਕਾਇਆ ਕਲਪ ਦੀ ਯੋਜਨਾ ਅੰਤਿਮ ਪੜਾਅ ਉੱਤੇ ਹੈ ਅਤੇ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਇਸ ਨੂੰ ਜਲਦ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਬੋਲਦਿਆਂ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਦਯੋਗਾਂ ਦੀ ਮੰਗ ਅਨੁਸਾਰ ਤਕਨੀਕੀ ਸਿੱਖਿਆ ਵਿੱਚ ਨਵੇਂ ਕੋਰਸ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਨਰਮੰਦ ਕਾਮਿਆਂ ਨੂੰ ਸਰਟੀਫਿਕੇਟ ਦੇਣ ਦੇ ਮੰਤਵ ਨਾਲ ਬਹੁਤ ਸਾਰੇ ਕੋਰਸ ਇਸ ਸਮੇਂ ਪੰਜਾਬ ਵਿੱਚ ਚੱਲ ਵੀ ਰਹੇ ਹਨ। 

ਇਹ ਵੀ ਪੜ੍ਹੋ : ਹੱਸਦੇ-ਖੇਡਦੇ ਆਏ ਸੀ ਨਾਨਕੇ ਘਰ, ਫਿਰ ਜੋ ਹੋਇਆ ਉੱਜੜ ਗਿਆ ਸਾਰਾ ਪਰਿਵਾਰ

ਉਨ੍ਹਾਂ ਪੰਜਾਬ ਵੀਜ਼ਨ 2047 ਦਾ ਖਾਕਾ ਤਿਆਰ ਕਰਨ ਲਈ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਭਵਿਖ ਬਾਰੇ ਨਾ ਸੋਚਣ ਵਾਲੇ ਫੇਲ੍ਹ ਹੋ ਜਾਂਦੇ ਹਨ, ਇਸ ਲਈ ਪੰਜਾਬ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਅਜਿਹੇ ਪ੍ਰੋਗਰਾਮ ਬਹੁਤ ਜ਼ਰੂਰੀ ਹਨ। ਉਨ੍ਹਾਂ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਤੋਂ ਬਿਨਾਂ ਇੰਡੀਆ ਦੀ ਉੱਨਤੀ ਸੰਭਵ ਨਹੀਂ ਹੈ। ਬੈਂਸ ਨੇ ਕਿਹਾ ਕਿ ਮਿਲ ਬੈਠ ਕੇ ਅਤੇ ਵਿਚਾਰ ਚਰਚਾ ਰਾਹੀਂ ਹੀ ਕਮੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਸਮੂਹ ਉਦਯੋਗਪਤੀਆਂ ਨੂੰ ਆਨੰਦਪੁਰ ਸਾਹਿਬ ਹਲਕੇ ਵਿਚ ਨਵੇਂ ਉਦਯੋਗ ਸਥਾਪਤ ਕਰਨ ਦਾ ਸੱਦਾ ਵੀ ਦਿੱਤਾ ਅਤੇ ਖੁਦ ਪੂਰਣ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਵਿਦਾਈ ਮੌਕੇ ਲਾੜੀ ਦੇ ਮੱਥੇ ਵਿਚ ਗੋਲ਼ੀ ਲੱਗਣ ਦੇ ਮਾਮਲੇ ਵਿਚ ਨਵਾਂ ਮੋੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News