ਪੰਜਾਬ ''ਚ ''ਆਪ'' ਲਈ ਸੌਖੀ ਨਹੀਂ ''ਜਰਨੈਲੀ''!

03/03/2020 1:10:24 AM

ਲੁਧਿਆਣਾ, (ਮੁੱਲਾਂਪੁਰੀ)— ਦਿੱਲੀ 'ਚ ਤੀਜੀ ਵਾਰ ਰਾਜ ਭਾਗ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਬਾਜ ਅੱਖ ਹੁਣ 2022 'ਚ ਪੰਜਾਬ 'ਚ ਸਰਕਾਰ ਬਣਾਉਣ 'ਤੇ ਟਿਕ ਗਈ ਹੈ। 'ਆਪ' ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਵਾਰ ਇਕ ਕੰਮ ਤਾਂ ਚੰਗਾ ਕੀਤਾ ਕਿ ਦਿੱਲੀ 'ਚ ਜੇਤੂ ਸਿੱਖ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਲਾ ਦਿੱਤਾ, ਜਦੋਂਕਿ ਪਹਿਲਾਂ ਬਿਹਾਰ, ਯੂ. ਪੀ. ਦੇ ਸੱਜਣਾਂ ਨੇ ਪੰਜਾਬ 'ਚ ਜੋ ਹਾਲ ਕੀਤਾ ਸੀ, ਉਹ ਕਿਸੇ ਤੋਂ ਲੁਕਿਆ ਨਹੀਂ। ਹੁਣ ਘੱਟੋ ਘੱਟ ਇਕ ਪੰਜਾਬੀ ਸਿੱਖ ਚਿਹਰਾ ਪੰਜਾਬ ਦੇ 'ਆਪ' ਵਰਕਰਾਂ ਦੀ ਨਬਜ਼ ਪਛਾਣਨ ਲਈ ਜ਼ਰੂਰ ਦੇ ਦਿੱਤਾ, ਪਰ ਇਸ ਜਰਨੈਲ ਸਿੰਘ ਲਈ 'ਆਪ' ਦੀ ਜਰਨੈਲੀ ਕਰਨੀ ਸੌਖੀ ਨਹੀਂ ਹੋਵੇਗੀ ਕਿਉਂਕਿ ਕਾਂਗਰਸ ਦੇ ਸੂਬਾ ਸਦਰ ਸੁਨੀਲ ਜਾਖੜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਅਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਆਦਿ ਵਿਰੋਧੀਆਂ 'ਤੇ ਖੂਬ ਵਰ੍ਹਦੇ ਹਨ ਤੇ ਉਨ੍ਹਾਂ ਦੇ ਮੁਕਾਬਲੇ ਲਈ 'ਆਪ' ਨੂੰ ਕਿਸੇ ਚੋਟੀ ਦੇ ਆਗੂ ਨੂੰ ਹੀ ਮੈਦਾਨ 'ਚ ਉਤਾਰਨਾ ਪਵੇਗਾ।
ਭਾਵੇਂ ਭਗਵੰਤ ਮਾਨ ਐੱਮ. ਪੀ. ਹੈ ਪਰ ਹਾਸਰਸ ਕਲਾਕਾਰ ਦਾ ਪਿਛੋਕੜ ਹੋਣ 'ਤੇ ਪੰਜਾਬ ਦੇ ਲੋਕ ਉਸ ਦੀਆਂ ਗੱਲਾਂ ਨੂੰ ਹਾਸੇ 'ਚ ਜ਼ਿਆਦਾ ਲੈਂਦੇ ਹਨ। ਬਾਕੀ ਆਏ ਦਿਨ ਵਿਰੋਧੀਆਂ ਵੱਲੋਂ ਦਾਰੂ ਪੀਣ ਦੇ ਇਲਜ਼ਾਮ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ।
ਪੰਜਾਬ 'ਚ ਦਿੱਲੀ ਚੋਣਾਂ ਮੌਕੇ ਇਹ ਚਰਚਾ ਫੈਲੀ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਖੁਦ ਪੰਜਾਬ 'ਚ ਪੱਕੇ ਡੇਰੇ ਲਾਉਣਗੇ ਜਾਂ ਫਿਰ ਨਵਜੋਤ ਸਿੱਧੂ ਜਾਂ ਕਿਸੇ ਆਗੂ ਨੂੰ ਜ਼ਿੰਮੇਦਾਰੀ ਸੌਂਪਣਗੇ ਪਰ ਸ. ਸਿੱਧੂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਪਾਰਟੀ 'ਚ ਰਹਿਣ ਦਾ ਇਸ਼ਾਰਾ ਦੇ ਦਿੱਤਾ ਹੈ। ਹੁਣ 'ਆਪ' ਜਿਸ ਨੂੰ ਪੰਜਾਬ ਦੇ ਲੋਕ ਵੀ ਚਾਹੁੰਦੇ ਹਨ, ਜੇਕਰ ਉਸ ਨੇ ਆਪਣੀ 2022 'ਚ ਸਰਕਾਰ ਬਣਾਉਣ ਹੈ ਜਾਂ ਫਿਰ ਵਿਧਾਇਕਾਂ ਦੀ ਗਿਣਤੀ ਵਧਾਉਣੀ ਹੈ ਤਾਂ ਘੱਟੋ-ਘੱਟ ਕੇਜਰੀਵਾਲ ਜਾਂ ਮੁਨੀਸ਼ ਸਿਸੋਦੀਆ ਨੂੰ ਖੁਦ ਕਮਾਂਡ ਆਪਣੇ ਹੱਥਾਂ 'ਚ ਲੈ ਕੇ ਪੰਜਾਬ ਦੀ ਗਲੀ-ਗਲੀ 'ਚ ਜਾਣਾ ਪਵੇਗਾ ਤੇ ਲੋਕਾਂ ਨਾਲ ਦਿੱਲੀ ਵਾਂਗ ਵਾਅਦੇ ਕਰਨੇ ਪੈਣਗੇ ਤਾਂ ਕਿਧਰੇ 'ਆਪ' ਵਾਲਿਆਂ ਦਾ ਝਾੜੂ ਇਕੱਠਾ ਹੁੰਦਾ ਦਿਖਾਈ ਦੇਵੇਗਾ, ਨਹੀਂ ਤਾਂ ਪੰਜਾਬ 'ਚ 'ਆਪ' ਵਾਲਿਆਂ ਦੇ ਪੈਰ ਲੱਗਣੇ ਸੌਖੇ ਨਹੀਂ ਹੋਣਗੇ।


KamalJeet Singh

Content Editor

Related News