ਐੱਸ. ਐੱਸ. ਪੀ. ਦੀ ਅਗਵਾਈ ’ਚ ਤੇਜ਼ੀ ਨਾਲ ਵਧ ਰਹੇ ਛੋਟੇ ਅਪਰਾਧਾਂ ਦੀ ਗੁੱਥੀ ਸੁਲਝੀ
Monday, Sep 06, 2021 - 11:44 PM (IST)
ਚੰਡੀਗੜ/ਸੰਗਰੂਰ (ਬਿਊਰੋ) : ਜ਼ਿਲ੍ਹੇ ਵਿੱਚ ਤੇਜ਼ੀ ਨਾਲ ਵਧ ਰਹੇ ਛੋਟੇ ਅਪਰਾਧਾਂ ਦੇ ਮਾਮਲਿਆਂ ਨਾਲ ਨਜਿੱਠਣ ਦੇ ਮੱਦੇਨਜ਼ਰ ਸੰਗਰੂਰ ਦੇ ਸੀਨੀਅਰ ਪੁਲਿਸ ਕਪਤਾਨ (ਐੱਸ. ਐੱਸ. ਪੀ.) ਦੀ ਅਗਵਾਈ ਵਿੱਚ ਸੋਮਵਾਾਰ ਨੂੰ ਜਾਂਚ ਸ਼ੁਰੂ ਕੀਤੀ ਗਈ। ਜਿਸ ਅਧੀਨ ਕਥਿਤ ਪੀੜਤਾਂ ਨੂੰ ਜਾਅਲੀ ਸੱਟਾਂ ਦਿਖਾ ਕੇ ਪੁਲਸ ਨੂੰ ਗੁੰਮਰਾਹ ਕਰਨ ਵਾਲੇ ਇੱਕ ਸੰਗਠਿਤ ਗਿਰੋਹ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ। ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਇੱਥੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਾਮਲੇ ’ਚ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਸਿਵਲ ਹਸਪਤਾਲ ਦੇ ਕਰਮਚਾਰੀ ਸਮੇਤ ਇੱਕ ਡਾਕਟਰ ਦੇ ਨਿੱਜੀ ਸਹਾਇਕ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹ ਗਿਰੋਹ ਪਿੰਡਾਂ ਵਿੱਚ ਹੋਏ ਲੜਾਈ -ਝਗੜਿਆਂ ਦੌਰਾਨ ਲਗੀਆਂ ਥੋੜੀਆਂ-ਬਹੁਤ ਸੱਟਾਂ ਨੂੰ ਜਾਅਲੀ ਤੌਰ ’ਤੇ ਵੱਡੀਆਂ ਡਾਕਟਰੀ ਸੱਟਾਂ ਦਿਖਾ ਕੇ ਪੁਲਸ ਨੂੰ ਗੁਮਰਾਹ ਕਰਨ ਵਿੱਚ ਸ਼ਾਮਲ ਸੀ। ਅਜਿਹੇ ਮਾਮਲਿਆਂ ਵਿੱਚ ਉਕਤ ਦੋਸ਼ੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਦੋ ਹੋਰ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਇਹ ਕਾਰਵਾਈ ਉਕਤ ਘਟਨਾਵਾਂ ਲਈ ਜ਼ਿੰਮੇਵਾਰ ਕਾਰਨਾਂ ਦੀ ਪੜਤਾਲ ਕਰਕੇ ਛੋਟੇ ਅਪਰਾਧਾਂ ਦੇ ਮਾਮਲਿਆਂ ਨਾਲ ਨਜਿੱਠਣ ਅਤੇ ਇਨਾਂ ਨੂੰ ਠੱਲ ਪਾਉਣ ਲਈ ਕੀਤੇ ਪੁਰਜ਼ੋਰ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹੇ ’ਚ ਤਾਇਨਾਤੀ ਤੋਂ ਬਾਅਦ ਪਿਛਲੇ 5 ਸਾਲਾਂ ਦੌਰਾਨ ਹੋਏ ਅਜਿਹੇ ਮਾਮਲਿਆਂ ‘ਤੇ ਧਿਆਨ ਕੇਂਦਰਤ ਕਰਨ ਅਤੇ ਜਾਂਚ ਪੜਤਾਲ ਕਰਨ ਪਿੱਛੋਂ ਹੀ ਇਨਾਂ ਮਾਮਲਿਆਂ ਦੇ ਕਾਰਨ ਸਾਹਮਣੇ ਆਏ ਹਨ ।
ਇਹ ਵੀ ਪੜ੍ਹੋ : ਟਰਾਂਸਪੋਰਟ ਮਾਫੀਆ ਅੱਗੇ ਗੋਡੇ ਟੇਕ ਕੇ ਸਰਕਾਰੀ ਬੱਸ ਸੇਵਾ ਦੀ ਬਲੀ ਲੈ ਰਹੀ ਹੈ ਕਾਂਗਰਸ ਸਰਕਾਰ : ਸਰਬਜੀਤ ਮਾਣੂੰਕੇ
ਉਨ੍ਹਾਂ ਦੱਸਿਆ ਕਿ ਅਜਿਹਾ ਇੱਕ ਮਾਮਲਾ ਪਿੰਡ ਕਨੌਰ ਜੱਟਾਂ ਦੇ ਸਰਪੰਚ ਦੇ ਪੁੱਤਰ ਸ਼ਿਕਾਇਤਕਰਤਾ ਜਗਸੀਰ ਸਿੰਘ ਜੱਗਾ ਨਾਲ ਜੁੜੇ ਅਜਿਹੇ ਇੱਕ ਮਾਮਲੇ ਦੀ ਪੜਤਾਲ ਕਰਦੇ ਹੋਏ ਸਾਹਣੇ ਆਇਆ ਹੈ। ਜਿਸ ਵਿੱਚ ਇਹ ਪਤਾ ਲੱਗਿਆ ਹੈ ਕਿ ਸਿਵਲ ਹਸਪਤਾਲ ਦੇ ਲੈਬ-ਅਸਿਸਟੈਂਟ ਰਜਿੰਦਰ ਨੇ ਜੱਗੇ ਨੂੰ ਇੱਕ ਡਾਕਟਰ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਦੇ ਅਤੇ ਪਿੰਡ ਕਨੋਈ ਦੇ ਰਹਿਣ ਵਾਲੇ ਅਕਾਸ਼ਦੀਪ ਤੋਂ ਆਪਣੀ ਉਂਗਲੀ ‘ਤੇ ਵਾਧੂ ਜਾਅਲੀ ਸੱਟ ਦਿਖਾਉਣ ਲਈ ਪ੍ਰੇਰਿਆ ਸੀ। ਜੱਗੇ ਨੇ ਆਪਣੇ ਪਿੰਡ ਦੇ ਪੰਜ ਹੋਰ ਵਿਅਕਤੀ ਮਨਦੀਪ, ਦਵਿੰਦਰ, ਅੰਮਿ੍ਰਤਪਾਲ, ਭੁਪਿੰਦਰ ਅਤੇ ਸੁਖਦੀਪ ਖਿਲਾਫ ਕੇਸ ਦਰਜ ਕਰਵਾਇਆ ਸੀ, ਜਿਨਾਂ ‘ਤੇ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 323, 324, 341, 506, 148 ਅਤੇ 149 ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਅਗਲੇ ਪੜਾਅ ਵਿੱਚ ਆਈ. ਪੀ. ਸੀ. ਦੀ ਧਾਰਾ 326 ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਟੋਕੀਓ ਪੈਰਾ-ਓਲੰਪਿਕ ’ਚ ਉੱਚੀ ਛਾਲ ’ਚ ਪਦਕ ਜਿੱਤਣ ਵਾਲੇ ਊਨਾ ਜ਼ਿਲ੍ਹਾ ਨਿਵਾਸੀ ਦਾ ਸਨਮਾਨ
ਲੜਾਈ ਦੌਰਾਨ ਸਿਰਫ ਜੱਗੇ ਦੇ ਉਂਗਲੀ ‘ਤੇ ਸੱਟ ਲੱਗੀ ਸੀ, ਜਦੋਂ ਕਿ ਝਗੜੇ ਵਿੱਚ ਨਾਲ ਆਏ ਉਸਦੇ ਪਿਤਾ ਨੂੰ ਵੀ ਕੋਈ ਸੱਟ ਨਹੀਂ ਲੱਗੀ ਸੀ। ਅਕਾਸ਼ਦੀਪ ਨੇ ਜਾਣ-ਬੁੱਝ ਕੇ ਜੱਗੇ ਦੀ ਉਂਗਲੀ ‘ਤੇ ਇਕ ਹੋਰ ਕੱਟ ਮਾਰ ਦਿੱਤਾ ਤਾਂ ਜੋ ਪੁਲਸ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾ ਸਕੇ ਕਿ ਇਹ ਸੱਟ ਦੋਸ਼ੀਆਂ ਵਲੋਂ ਕੀਤੇ ਹਮਲੇ ਦੌਰਾਨ ਲੱਗੀ ਸੀ। ਲੈਬ- ਸਹਾਇਕ ਰਜਿੰਦਰ (26) ਅਤੇ ਅਕਾਸ਼ਦੀਪ (23), ਜਗਸੀਰ ਜੱਗਾ ਅਤੇ ਇੱਕ ਹੋਰ ਵਿਅਕਤੀ ਗੁਰਤੇਜ ਸਿੰਘ ਵਾਸੀ ਕਨੌਰ ਜੱਟਾਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 182, 193, 194, 211 ਅਤੇ 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਅੱਗੇ ਦੱਸਿਆ ਕਿ ਅਜਿਹੇ 44 ਹੋਰ ਮਾਮਲੇ ਸਾਹਮਣੇ ਆਏ ਹਨ ਜਿਨਾਂ ਵਿੱਚ ਝਗੜੇ ਦੌਰਾਨ ਸ਼ਿਕਾਇਤਕਰਤਾ ਦੇ ਹੱਥ ‘ਤੇ ਜਾਅਲੀ ਕੱਟ ਮਾਰਿਆ ਤਾਂ ਜੋ ਆਈਪੀਸੀ ਦੀ ਧਾਰਾ 326 ਦਾ ਪਰਚਾ ਕੀਤਾ ਜਾ ਸਕੇ । ਉਨਾਂ ਕਿਹਾ ਕਿ ਇਨਾਂ ਵਿੱਚੋਂ 16 ਕੇਸ ਉਹ ਸਨ ਜਿਨਾਂ ਵਿੱਚ ਹਮਲਾਵਰ ਨੇ ਛੋਟੀ ਉਂਗਲ ’ਤੇ ਕੱਟ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਕਾਂਗਰਸ ਅਤੇ ‘ਆਪ’ ਕਿਸਾਨਾਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਰਾਜਸੀ ਰੋਟੀਆਂ ਸੇਕ ਰਹੀਆਂ : ਚੰਦੂਮਾਜਰਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ