1988 ਤੋਂ ਬਾਅਦ 2023 ’ਚ ਮਾਛੀਵਾੜਾ ਦਾ ਬੇਟ ਖੇਤਰ ਹੜ੍ਹ ’ਚ ਡੁੱਬਿਆ
Wednesday, Jul 12, 2023 - 01:01 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਭਾਰੀ ਮੀਂਹ ਕਾਰਨ ਮਾਛੀਵਾੜਾ ਦਾ ਬੇਟ ਖੇਤਰ ’ਚ ਹੜ੍ਹ ਆ ਗਿਆ ਹੈ ਅਤੇ 1988 ਤੋਂ ਬਾਅਦ ਹੁਣ 2023 ’ਚ ਸਾਰੇ ਪਿੰਡ ਪਾਣੀ ’ਚ ਡੁੱਬੇ ਦਿਖਾਈ ਦੇ ਰਹੇ ਹਨ, ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਬੀਜੀ ਝੋਨੇ ਦੀ ਫਸਲ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ। ਬੇਟ ਖੇਤਰ ਦੇ ਪਿੰਡ ਮਾਛੀਵਾੜਾ ਖਾਮ ਤੋਂ ਸਤਲੁਜ ਦਰਿਆ ਨੂੰ ਜੋੜਦੀ ਲਿੰਕ ਸੜਕ ’ਤੇ ਨਵੀਂ ਬਣੀ ਪੁਲੀ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਈ। ਇਸ ਤੋਂ ਇਲਾਵਾ ਪਿੰਡ ਮੰਡ ਸ਼ੇਰੀਆਂ, ਸ਼ਤਾਬਗੜ੍ਹ, ਨੂਰਪੁਰ ਬੇਟ, ਫਤਹਿਗੜ੍ਹ ਬੇਟ ਅਤੇ ਹੋਰ ਕਈ ਥਾਵਾਂ ’ਤੇ ਸੜਕਾਂ ਵੀ ਰੁੜ ਗਈਆਂ ਜਿਸ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ। ਜਾਣਕਾਰੀ ਅਨੁਸਾਰ ਬੇਟ ਖੇਤਰ ਦੇ ਪਿੰਡਾਂ ਵਿਚ ਆਇਆ ਹੜ੍ਹ ਦਾ ਪਾਣੀ ਰੋਪੜ ਜ਼ਿਲ੍ਹੇ ’ਚ ਕਈ ਨਦੀਆਂ ਓਵਰ ਫਲੋਅ ਹੋ ਗਈਆਂ ਜਾਂ ਉਨ੍ਹਾਂ ਦੇ ਬੰਨ੍ਹ ਟੁੱਟ ਗਏ ਜਿਸ ਕਾਰਨ ਪਾਣੀ ਦਾ ਵਹਾਅ ਮਾਛੀਵਾੜਾ ਦੇ ਪਿੰਡਾਂ ਵੱਲ ਨੂੰ ਹੋ ਗਿਆ ਜੋ ਹੁਣ ਤਬਾਹੀ ਮਚਾ ਰਿਹਾ ਹੈ। ਬੇਟ ਖੇਤਰ ਦੇ ਪਿੰਡਾਂ ਵਿਚ ਹਾਲਾਤ ਇਹ ਹਨ ਕਿ ਕਿਸਾਨਾਂ ਦੇ ਝੋਨੇ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਦਾ ਨਾਮੋ-ਨਿਸ਼ਾਨ ਹੜ੍ਹ ਨੇ ਮਿਟਾ ਦਿੱਤਾ। ਇਸ ਤੋਂ ਇਲਾਵਾ ਸਬਜ਼ੀਆਂ, ਮੱਕੀ ਦੀ ਫਸਲ ਅਤੇ ਪਾਪੂਲਰ ਵੀ ਪ੍ਰਭਾਵਿਤ ਹੋਏ ਹਨ। ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਮਾਲ ਵਿਭਾਗ ਦੇ ਕਰਮਚਾਰੀ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਿਹਾ ਹੈ ਅਤੇ ਜੇਕਰ ਕਿਤੇ ਵੀ ਕਿਸੇ ਨੂੰ ਟੈਂਟ ਲਗਾਉਣ ਲਈ ਤਰਪਾਲ ਜਾਂ ਹੋਰ ਸਮਾਨ ਦੀ ਜ਼ਰੂਰਤ ਹੈ ਤਾਂ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੜ੍ਹ ਨੇ ਪਟਿਆਲਵੀਆਂ ਨੂੰ ਯਾਦ ਕਰਵਾਏ 30 ਸਾਲ ਪਹਿਲਾਂ ਵਾਲੇ ਦਿਨ
ਐੱਸ. ਐੱਸ. ਪੀ. ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਕਿਨਾਰੇ ਬਣੇ ਘਰ ਖਾਲੀ ਕਰਵਾਏ
ਪੁਲਸ ਜ਼ਿਲ੍ਹਾ ਖੰਨਾ ਦੀ ਐੱਸ. ਐੱਸ. ਪੀ ਅਮਨੀਤ ਕੌਂਡਲ, ਐੱਸ. ਪੀ. ਗੁਰਪ੍ਰੀਤ ਕੌਰ ਪੁਰੇਵਾਲ, ਐੱਸ. ਡੀ. ਐੱਮ. ਸਮਰਾਲਾ ਕੁਲਦੀਪ ਬਾਵਾ, ਡੀ. ਐੱਸ. ਪੀ. ਵਰਿਆਮ ਸਿੰਘ ਵਲੋਂ ਮਾਛੀਵਾੜਾ ਦੇ ਬੇਟ ਖੇਤਰ ਤੋਂ ਇਲਾਵਾ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ। ਪੁਲਸ ਪ੍ਰਸ਼ਾਸਨ ਦੀਆਂ ਸਰਕਾਰੀ ਗੱਡੀਆਂ ਬੰਨ੍ਹ ਤੱਕ ਨਾ ਪਹੁੰਚ ਸਕੀਆਂ ਜਿਸ ’ਤੇ ਡੀ. ਐੱਸ. ਪੀ. ਵਰਿਆਮ ਸਿੰਘ ਉੱਚ ਅਧਿਕਾਰੀਆਂ ਨੂੰ ਟ੍ਰੈਕਟਰ ਚਲਾ ਕੇ ਧੁੱਸੀ ਬੰਨ੍ਹ ’ਤੇ ਲੈ ਕੇ ਗਏ। ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਸਤਲੁਜ ਦਰਿਆ ਅੰਦਰ ਪਾਣੀ ਦਾ ਵਹਾਅ ਤੇਜ਼ ਹੈ ਪਰ ਬੰਨ੍ਹ ਅਜੇ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਬੰਨ੍ਹ ਕਿਨਾਰੇ ਬਣੇ ਘਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਪ੍ਰਸ਼ਾਸਨ ਵਲੋਂ ਹੜ੍ਹ ਪੀੜ੍ਹਤਾਂ ਲਈ ਸਰਕਾਰੀ ਸਕੂਲਾਂ ਵਿਚ ਇੰਤਜ਼ਾਮ ਕਰ ਲਏ ਗਏ ਹਨ ਅਤੇ ਜੇਕਰ ਕੋਈ ਪਰਿਵਾਰ ਆਪਣੀ ਰਿਸ਼ਤੇਦਾਰੀ ਜਾਣ ਦਾ ਇਛੁੱਕ ਹੈ ਤਾਂ ਉਸ ਨੂੰ ਭਿਜਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਕਿਸ਼ਤੀਆਂ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ ਅਤੇ ਕਈ ਪਿੰਡਾਂ ਦੇ ਲੋਕ ਜੋ ਖੇਤਾਂ ਵਿਚ ਘਰ ਬਣਾ ਕੇ ਰਹਿੰਦੇ ਹਨ ਉਹ ਵੀ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ ਉਨ੍ਹਾਂ ਦੀ ਵੀ ਸਹਾਇਤਾ ਕਰ ਰੇਸਕਿਊ ਕੀਤਾ ਜਾ ਰਿਹਾ ਹੈ। ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਸਤਲੁਜ ਦਰਿਆ ਨਾਲ ਲੱਗਦੇ ਇਲਾਕੇ ’ਚ ਖ਼ਤਰੇ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ।
ਵਿਧਾਇਕ ਦਿਆਲਪੁਰਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ
ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਵੀ ਅੱਜ ਬੇਟ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਮਾਛੀਵਾੜਾ ਬੇਟ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਪੁਲਸ ਪ੍ਰਸ਼ਾਸਨ ਵਲੋਂ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ, ਇਸ ਲਈ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਲੋਕਾਂ ਨੂੰ ਬਚਾਉਣ ਲਈ ਸੁਚੱਜੇ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਜੇਕਰ ਕਿਸੇ ਵੀ ਅਧਿਕਾਰੀ ਨੇ ਕੁਤਾਹੀ ਵਰਤੀ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਬਹੁਤ ਖ਼ਰਾਬ ਹੋ ਗਈਆਂ ਹਨ ਅਤੇ ਮਕਾਨ ਵੀ ਨੁਕਸਾਨੇ ਗਏ ਜਿਨ੍ਹਾਂ ਦਾ ਅੰਦਾਜ਼ਾ ਪਾਣੀ ਦਾ ਪੱਧਰ ਦੇ ਘਟਣ ਤੋਂ ਬਾਅਦ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ : ਤਬਾਹੀ ਦਾ ਮੰਜ਼ਰ : ਟ੍ਰਾਈਸਿਟੀ ਵਿਚ ਹਾਹਾਕਾਰ, ਚਾਰੇ ਪਾਸੇ ਪਾਣੀ ਹੀ ਪਾਣੀ, ਸੜਕਾਂ ’ਤੇ ਟੁੱਟੇ ਦਰੱਖਤ
ਨਗਰ ਕੌਂਸਲ ਨੇ ਬੁੱਢੇ ਦਰਿਆ ਕਿਨਾਰੇ ਰਹਿੰਦੇ ਮਜ਼ਦੂਰਾਂ ਨੂੰ ਰਾਹਤ ਕੈਂਪ ਵਿਚ ਪਹੁੰਚਾਇਆ
ਮਾਛੀਵਾੜਾ ਨੇੜੇ ਵਗਦਾ ਬੁੱਢਾ ਦਰਿਆ ਓਵਰ ਫਲੋਅ ਹੋਣ ਕਾਰਨ ਜਿੱਥੇ ਕਿਸਾਨਾਂ ਦੀ ਫਸਲ ਨੂੰ ਤਬਾਹ ਕਰ ਗਿਆ ਉੱਥੇ ਇਸ ਦੇ ਕਿਨਾਰੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਆਸ਼ਿਆਨੇ ਵੀ ਡੁੱਬ ਗਏ। ਨਗਰ ਕੌਂਸਲ ਵਲੋਂ ਇਨ੍ਹਾਂ ਹੜ੍ਹ ਨਾਲ ਪੀੜਤ ਮਜ਼ਦੂਰਾਂ ਨੂੰ ਰੇਸਕਿਊ ਕਰ ਸਰਕਾਰੀ ਸਕੂਲ ਮਾਛੀਵਾੜਾ ਵਿਖੇ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸ਼ਹਿਰ ਦੀ ਹਦੂਦ ਅੰਦਰ ਜਿੱਥੇ ਵੀ ਕੋਈ ਹੜ੍ਹ ਪ੍ਰਭਾਵਿਤ ਪਰਿਵਾਰ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਰਾਹਤ ਕੈਂਪ ਵਿਚ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਰੀਬ 15 ਤੋਂ ਵੱਧ ਪਰਿਵਾਰ ਜੋ ਬੱੁਢਾ ਦਰਿਆ ’ਚ ਹਡ਼੍ਹ ਕਾਰਨ ਬੇਘਰ ਹੋ ਗਏ ਸਨ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਸਤਲੁਜ ਦਰਿਆ ’ਤੇ ਬਣਿਆ ਪੁਲ ਦੀ ਸਲੈਬ ਮੁੜ ਧਸਣ ਦਾ ਖ਼ਤਰਾ
ਦੋਆਬੇ ਨੂੰ ਮਾਲਵੇ ਨਾਲ ਜੋੜਦਾ ਸਤਲੁਜ ਦਰਿਆ ’ਤੇ ਬਣਿਆ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਵੀ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਇਆ ਹੈ। ਇਸ ਪੁਲ ਦੀਆਂ ਸਲੈਬਾਂ ਪਹਿਲਾਂ ਵੀ ਕਈ ਵਾਰ ਧਸ ਚੁੱਕੀਆਂ ਹਨ, ਜਿਨ੍ਹਾਂ ਦੀ ਮੁਰੰਮਤ ਕਰਨੀ ਪਈ ਅਤੇ ਹੁਣ ਫਿਰ ਇਸ ਪੁਲ ਦੀ ਇੱਕ ਸਲੈਬ ਵਿਚ ਛੇਦ ਹੋ ਗਿਆ ਹੈ। ਇਸ ਪੁਲ ਤੋਂ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਲੰਘਦੇ ਹਨ ਅਤੇ ਜੇਕਰ ਪੁਲ ਦੀ ਸਲੈਬ ਦੁਬਾਰਾ ਟੁੱਟ ਗਈ ਤਾਂ ਜਿੱਥੇ ਆਵਾਜ਼ਾਈ ਪ੍ਰਭਾਵਿਤ ਹੋਵੇਗੀ ਉੱਥੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਵਿਚ ਮੁਸ਼ਕਿਲ ਆਵੇਗੀ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਪੁਲ ਦੀ ਮੁਰੰਮਤ ਲਈ ਤੁਰੰਤ ਢੁੱਕਵੇਂ ਕਦਮ ਉਠਾਵੇ ਤਾਂ ਆਵਾਜ਼ਾਈ ਵਿਚ ਵਿਘਨ ਨਾ ਪਵੇ।
ਹਲਕਾ ਸਾਹਨੇਵਾਲ ਦੇ ਪਿੰਡ ਵੀ ਆਏ ਹੜ੍ਹ ਦੀ ਲਪੇਟ ’ਚ
ਮਾਛੀਵਾਡ਼ਾ ਨੇੜ੍ਹੇ ਹੀ ਹਲਕਾ ਸਾਹਨੇਵਾਲ ਦੇ ਕਈ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਜਾਣਕਾਰੀ ਅਨੁਸਾਰ ਬੁੱਢੇ ਨਾਲੇ ਦੇ ਓਵਰ ਫਲੋਅ ਪਾਣੀ ਨੇ ਪਿੰਡ ਬੂਥਗੜ੍ਹ, ਫਤਹਿਗੜ੍ਹ, ਬਲੀਏਵਾਲ, ਗਹਿਲੇਵਾਲ ਆਦਿ ਹੋਰ ਕਈ ਪਿੰਡਾਂ ਵਿਚ ਤਬਾਹੀ ਮਚਾਈ ਹੋਈ ਹੈ। ਐੱਸ. ਡੀ. ਐੱਮ. ਈਸਟ, ਬੀ. ਡੀ. ਪੀ. ਓ. ਲੁਧਿਆਣਾ-1, ਏ. ਸੀ. ਪੀ. ਈਸਟ ਗੁਰਦੇਵ ਸਿੰਘ, ਨਾਇਬ ਤਹਿਸੀਲਦਾਰ ਜਗਦੀਪ ਇੰਦਰ ਸੋਢੀ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਤੇ ਵੀ ਫੌਜ ਜਾਂ ਐੱਨ.ਡੀ.ਆਰ.ਐੱਫ. ਟੀਮਾਂ ਦੀ ਲੋੜ ਪਈ ਤਾਂ ਉਨ੍ਹਾਂ ਨੂੰ ਮੌਕੇ ’ਤੇ ਬੁਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਮੁਸ਼ਤੈਦ ਹੈ।
ਇਹ ਵੀ ਪੜ੍ਹੋ : 15 ਸਾਲਾਂ ਬਾਅਦ ਪਾਰਟੀ ’ਚ ਮੁੜ ਸ਼ਾਮਲ ਹੋਏ ਭਾਜਪਾ ਆਗੂ ਰਵਿੰਦਰ ਧੀਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।