ਮੰਡ ਖੇਤਰ ਵਿਚੋਂ ਤਿੰਨ ਹਜ਼ਾਰ ਲਿਟਰ ਦੇਸੀ ਲਾਹਣ ਦਾ ਜਖੀਰਾ ਬਰਾਮਦ
Friday, Oct 17, 2025 - 03:01 PM (IST)

ਖਡੂਰ ਸਾਹਿਬ (ਗਿੱਲ) : ਆਬਕਾਰੀ ਵਿਭਾਗ ਦੀ ਟੀਮ ਵੱਲੋਂ ਇੰਸਪੈਕਟਰ ਰਾਮ ਮੂਰਤੀ ਦੀ ਅਗਵਾਈ ਵਿਚ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿਚ ਚੈਕਿੰਗ ਦੌਰਾਨ ਦੇਸੀ ਲਾਹਣ ਦਾ ਜ਼ਮੀਨ ਵਿਚ ਦੱਬਿਆ ਜਖੀਰਾ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਇੰਸਪੈਕਟਰ ਰਾਮ ਮੂਰਤੀ ਅਤੇ ਮਿੱਤਲ ਵਾਇਨ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਵੱਲੋਂ ਦੱਸਿਆ ਗਿਆ ਕਿ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿਚ ਦਿਵਾਲੀ ਦੇ ਮੱਦੇਨਜ਼ਰ ਵੱਡੇ ਪੱਧਰ 'ਤੇ ਦੇਸੀ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ। ਜੋ ਦਿਵਾਲੀ ਮੌਕੇ ਪਿੰਡਾਂ ਵਿਚ ਸਪਲਾਈ ਕੀਤੀ ਜਾਵੇਗੀ |
ਉਨ੍ਹਾਂ ਦੱਸਿਆ ਕਿ ਜਦ ਮੰਡ ਖੇਤਰ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਗਈ ਤਾਂ ਜ਼ਮੀਨ ਵਿਚ ਦੱਬੀ ਤਿੰਨ ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਦੇ ਨਾਲ ਦੇਸੀ ਸ਼ਰਾਬ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਭਾਂਡੇ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਲਈ ਥਾਣਾ ਵੈਰੋਵਾਲ ਵਿਖੇ ਇਤਲਾਹ ਦੇ ਦਿੱਤੀ ਗਈ ਹੈ। ਇਸ ਮੌਕੇ ਏਐੱਸਆਈ ਗੁਰਸਾਹਿਬ ਸਿੰਘ,ਹੈੱਡ ਕਾਂਸਟੇਬਲ ਜਗਜੀਤ ਸਿੰਘ ਅਤੇ ਆਬਕਾਰੀ ਵਿਭਾਗ ਦੀ ਟੀਮ ਮੌਜੂਦ ਰਹੀ।