ਕੀ ਕਰਤਾਰਪੁਰ ਸਾਹਿਬ ਜਾਣ ਵਾਲਿਆਂ ਲਈ ਪਾਸਪੋਰਟ ਹੀ ਬਣ ਰਿਹੈ ਵੱਡਾ ਅੜਿੱਕਾ ?

10/30/2019 8:38:49 PM

ਜਲੰਧਰ (ਜਸਬੀਰ ਵਾਟਾਂ ਵਾਲੀ) ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ‘ਸ੍ਰੀ ਕਰਤਾਰਪੁਰ ਸਾਹਿਬ’ ਦੇ ਦਰਸ਼ਨ-ਦੀਦਾਰਿਆਂ ਲਈ ਲਾਂਘਾ ਰਸਮੀ ਤੌਰ 'ਤੇ  9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਜਾਣ ਲਈ ਭਾਵੇਂ ਕਿ ਸੰਗਤ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਸੀ ਪਰ ਹੁਣ ਤੱਕ ਆਨਲਾਈਨ ਰਜਿਸਟ੍ਰੇਸ਼ਨ ਉਮੀਦ ਤੋਂ ਕਾਫੀ ਘੱਟ ਹੋਈ ਹੈ। ਸਰਕਾਰ ਵਲੋਂ ਜਾਰੀ ਕੀਤੀ ਆਨਲਾਈਨ ਅਪਲਾਈ ਕਰਨ ਵਾਲੀ ਵੈੱਬਸਾਈਟ ਮੁਤਾਬਕ ਅਜੇ ਤੱਕ 10 ਅਤੇ 11 ਨਵੰਬਰ ਨੂੰ ਸੰਗਤ ਵੱਲੋਂ ਜ਼ਿਆਦਾਤਰ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਜਦਕਿ ਬਾਕੀ ਦੀਆਂ ਤਰੀਕਾਂ ’ਤੇ ਰਜਿਸਟ੍ਰੇਸ਼ਨ ਕਾਫੀ ਘੱਟ ਹੈ। ਭਾਵੇਂ ਕਿ ਇਸ ਦੇ ਕਈ ਕਾਰਨ ਹਨ ਪਰ ਇਕ ਮੁੱਖ ਕਾਰਨ ਲੋਕਾਂ ਕੋਲ ਪਾਸਪੋਰਟ ਦਾ ਨਾ ਹੋਣਾ ਹੈ। ਪੇਂਡੂ ਖੇਤਰ ਦੇ ਲੋਕ ਖਾਸਕਰ ਮਾਝੇ ਅਤੇ ਮਾਲਵੇ ਦੇ ਲੋਕਾਂ ਕੋਲ ਦੁਆਬੇ ਦੇ ਮੁਕਾਬਲੇ ਪਾਸਪੋਰਟਾਂ ਦੀ ਗਿਣਤੀ ਕਾਫੀ ਘੱਟ ਹੈ। 
ਜਿਕਰਜੋਗ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਮੁਤਾਬਕ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੈ, ਜਦਕਿ ਐਂਟਰੀ ‘ਵੀਜ਼ਾ ਫ੍ਰੀ’ ਹੋਵੇਗੀ। ਇਸ ਸ਼ਰਤ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਾਸਪੋਰਟ ਬਣਾਉਣ ਦੀ ਸੁਵਿਧਾ ਆਸਾਨ ਕੀਤੀ ਗਈ ਸੀ, ਜਿਸ ਦੇ ਮੱਦੇਨਜ਼ਰ ਹੁਣ ਪਾਸਪੋਰਟ ਦਫਤਰਾਂ ਤੋਂ ਇਲਾਵਾ ਸੁਵਿਧਾ ਕੇਂਦਰਾਂ, ਪੁਲਿਸ ਦੇ ਸਾਂਝ ਕੇਂਦਰਾਂ ਅਤੇ ਡਾਕਘਰਾਂ ਵਿੱਚ ਜਾ ਕੇ ਪਾਸਪੋਰਟ ਬਣਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਤਤਕਾਲ ਵਿੱਚ ਪਾਸਪੋਰਟ ਅਪਲਾਈ ਕੀਤਾ ਜਾ ਸਕਦਾ ਹੈ। ਭਾਵੇਂ ਕਿ ਤਤਕਾਲ ਅਪਲਾਈ ਕਰਨ ਤੋਂ ਇੱਕ-ਦੋ ਦਿਨਾਂ ਬਾਅਦ ਹੀ ਪਾਸਪੋਰਟ ਬਣਵਾਇਆ ਜਾ ਸਕੇਗਾ ਪਰ ਲੋਕਾਂ ਵਿਚ ਪਾਸਪੋਰਟ ਬਣਾਉਣ ਦਾ ਰੁਝਾਨ ਉਮੀਦ ਤੋਂ ਕਾਫੀ ਘੱਟ ਹੈ। 

ਦੇਸ਼ ਵਿਚ ਕਿੰਨੇ ਲੋਕਾਂ ਕੋਲ ਹਨ ਪਾਸਪੋਰਟ

ਭਾਰਤੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਪਾਸਪੋਰਟ ਜਾਰੀ ਕਰਨ ਦੇ ਮਾਮਲੇ ਵਿਚ ਭਾਰਤ ਭਾਵੇਂ ਚੀਨ ਅਤੇ ਅਮਰੀਕਾ ਤੋਂ ਬਾਅਦ ਤੀਜੇ ਨੰਬਰ ’ਤ ਹੈ ਪਰ ਭਾਰਤ ਦੀ ਵੱਡੀ ਆਬਾਦੀ ਅਜੇ ਵੀ ਪਾਸਪੋਰਟ ਤੋਂ ਵਾਝੀਂ ਹੈ। ਸਾਲ 2018 ਤੱਕ ਦੇ ਅੰਕੜਿਆਂ ਮੁਤਾਬਕ ਭਾਰਤ ਦੇ ਕੁੱਲ 7.69 ਕਰੋੜ ਲੋਕਾਂ ਕੋਲ ਪਾਸਪੋਰਟ ਹੈ ਜਦਕਿ ਭਾਰਤ ਦੀ ਕੁੱਲ ਅਬਾਦੀ 1 ਅਰਬ 36 ਕਰੋੜ ਨੂੰ ਵੀ ਪਾਰ ਕਰ ਚੁੱਕੀ ਹੈ। ਪਾਸਪੋਰਟ ਬਣਾਉਣ ਦੀ ਦਰ ਵਿਚ ਭਾਵੇਂ ਕਿ ਪਿਛਲੇ ਸਮੇਂ ਦੌਰਾਨ ਕਾਫੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਸਿਰਫ ਸਾਲ 2018 ਵਿਚ ਹੀ ਭਾਰਤ ਸਰਕਾਰ ਵੱਲੋਂ 1 ਕਰੋੜ 24 ਲੱਖ ਤੋਂ ਵਧੇਰੇ ਲੋਕਾਂ ਨੂੰ ਪਾਸਪੋਰਟ ਜਾਰੀ ਕੀਤੇ ਗਏ ਹਨ।  ਸਾਲ 2017 ਦੌਰਾਨ ਪਾਸਪੋਰਟ ਜਾਰੀ ਕਰਨ ਦੀ ਇਹ ਗਿਣਤੀ 4 ਫੀਸਦੀ ਘੱਟ ਸੀ ਅਤੇ 1.17 ਕਰੋੜ ਲੋਕਾਂ ਨੂੰ ਪਾਸਪੋਰਟ ਜਾਰੀ ਕੀਤੇ ਗਏ ਸਨ। ਅੰਕੜਿਆਂ ਮੁਤਾਬਕ ਭਾਰਤ ਦੇ ਪੰਜ ਸੂਬਿਆਂ ਮਹਾਰਾਸ਼ਟਰ, ਕੇਰਲ, ਤਾਮਿਲਨਾਡੂ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਜਾਰੀ ਕੀਤੇ ਕੁੱਲ ਪਾਸਪੋਰਟਾਂ ਦਾ 60 ਫੀਸਦੀ ਹਿੱਸਾ ਹੈ। 

ਪਾਸਪੋਰਟ ਅਤੇ ਫੀਸ ਦੀ ਸ਼ਰਤ ਨੇ ਮੱਠਾ ਕੀਤਾ ਉਤਸ਼ਾਹ
ਇਸ ਸਬੰਧੀ ਸੁਲਤਾਨਪੁਰ ਲੋਧੀ ਹਲਕੇ ਦੀ ਸਿੱਖ ਸੰਗਤ ਨਾਲ ਗੱਲਬਾਤ ਕੀਤੀ ਗਈ ਤਾਂ ਗੁਰਵਿੰਦਰ ਸਿੰਘ ਬੋਪਾਰਾਏ, ਭਜਨ ਸਿੰਘ, ਕੇਵਲ ਸਿੰਘ ਅਤੇ ਹਰਨੇਕ ਸਿੰਘ ਨੇ ਕਿਹਾ ਉਹ ਕਰਤਾਰਪੁਰ ਸਾਹਿਬ ਪਰਿਵਾਰ ਸਮੇਤ ਜਾਣਾ ਚਾਹੁੰਦੇ ਸਨ ਪਰ ਦਰਸ਼ਨਾਂ ਲਈ ਰੱਖੀ ਫੀਸ ਅਤੇ ਪਾਸਪੋਰਟ ਦੀ ਸ਼ਰਤ ਇਸ ਵਿਚ ਵੱਡਾ ਅੜਿੱਕਾ ਬਣ ਰਹੀ ਹੈ। ਗੁਰਵਿੰਦ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਦੇ ਪਾਸਪੋਰਟ ਦੀ ਮੁਨਿਆਦ ਮੁੱਕ ਚੁੱਕੀ ਹੈ, ਜਿਸ ਕਾਰਨ ਹੁਣ ਉਹ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਸ਼ਾਮਲ ਨਹੀਂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਸ਼ਰਤਾਂ ਪਹਿਲਾਂ ਹੀ ਕਲੀਅਰ ਕਰ ਦੇਣੀਆਂ ਚਾਹੀਦੀਆਂ ਸੀ ਤਾਂ ਕਿ ਲੋਕ ਆਪਣੇ ਪਾਸਪੋਰਟ ਤਿਆਰ ਰੱਖਦੇ। ਉਨ੍ਹਾਂ ਕਿਹਾ ਕਿ ਜੇਕਰ ਹੁਣ ਉਹ ਬੱਚਿਆਂ ਸਮੇਤ ਪੂਰੇ ਪਰਿਵਾਰ ਦਾ ਪਾਸਪੋਰਟ ਤਤਕਾਲ ਵਿਚ ਅਪਲਾਈ ਕਰਦੇ ਹਨ ਤਾਂ ਕਾਫੀ ਖ਼ਰਚਾ ਹੋਵੇਗਾ, ਜੋ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਇਸੇ ਤਰ੍ਹਾਂ ਭਜਨ ਸਿੰਘ, ਕੇਵਲ ਸਿੰਘ ਅਤੇ ਹਰਨੇਕ ਸਿੰਘ ਆਦਿ ਬਜ਼ੁਰਗਾਂ ਨੇ ਕਿਹਾ ਕਿ ਉਹ ਵੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਸਨ ਪਰ ਪਾਸਪੋਰਟ ਅਤੇ ਫੀਸ ਦੀ ਸ਼ਰਤ ਨੇ ਉਨ੍ਹਾਂ ਦੀ ਇਹ ਰੀਝ ਵਿਚੇ ਹੀ ਮਾਰ ਦਿੱਤੀ ਹੈ।


jasbir singh

News Editor

Related News