IPS ਪੂਰਨ ਕੁਮਾਰ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ, 8 ਦਿਨ ਬਾਅਦ ਹੋਇਆ ਪੋਸਟਮਾਰਟਮ
Wednesday, Oct 15, 2025 - 11:43 PM (IST)

ਚੰਡੀਗੜ੍ਹ : ਹਰਿਆਣਾ ਕੈਡਰ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਮੌਤ ਮਾਮਲੇ ਵਿੱਚ 8 ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਬੁੱਧਵਾਰ ਸਵੇਰੇ ਉਨ੍ਹਾਂ ਦੀ ਪਤਨੀ ਆਈਏਐਸ ਅਧਿਕਾਰੀ ਅਮਨੀਤ ਪੀ. ਕੁਮਾਰ ਨੇ ਪੋਸਟਮਾਰਟਮ ਲਈ ਲਿਖਤੀ ਇਜਾਜ਼ਤ ਦੇ ਦਿੱਤੀ।
ਇਜਾਜ਼ਤ ਮਿਲਣ ਤੋਂ ਬਾਅਦ ਪੂਰਨ ਕੁਮਾਰ ਦੇ ਪਰਿਵਾਰ ਨੇ ਚੰਡੀਗੜ੍ਹ ਪੀ.ਜੀ.ਆਈ. ਦੇ ਮੁਰਦਾਘਰ ‘ਚ ਉਨ੍ਹਾਂ ਦੇ ਮ੍ਰਿਤਕ ਦੇਹ ਦੀ ਸ਼ਿਨਾਖ਼ਤ ਕੀਤੀ। ਫਿਰ ਮੈਜਿਸਟਰੇਟ ਅਤੇ ਫੋਰੈਂਸਿਕ ਟੀਮ ਦੀ ਹਾਜ਼ਰੀ ‘ਚ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ, ਜਿਸ ਦੀ ਪੂਰੀ ਵੀਡੀਓਗ੍ਰਾਫੀ ਵੀ ਕੀਤੀ ਗਈ।
ਪੋਸਟਮਾਰਟਮ ਦੇ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਗਈ, ਜਿਸ ਨੂੰ ਪਹਿਲਾਂ ਘਰ ਲਿਆਂਦਾ ਗਿਆ ਅਤੇ ਫਿਰ ਸ਼ਾਮ 4 ਵਜੇ ਚੰਡੀਗੜ੍ਹ ਦੇ ਸੈਕਟਰ 25 ਸ਼ਮਸ਼ਾਨ ਘਾਟ ‘ਚ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੰਡੀਗੜ੍ਹ ਪੁਲਸ ਨੇ ਅਦਾਲਤ ਦਾ ਰੁਖ ਕੀਤਾ ਸੀ ਤਾਂ ਜੋ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਦੀ ਇਜਾਜ਼ਤ ਲਈ ਜਾ ਸਕੇ, ਕਿਉਂਕਿ ਪਰਿਵਾਰ ਤਿਆਰ ਨਹੀਂ ਸੀ। ਪਰ ਇਸ ਤੋਂ ਪਹਿਲਾਂ ਹੀ ਅਮਨੀਤ ਕੁਮਾਰ ਨੇ ਲਿਖਤੀ ਸਹਿਮਤੀ ਦੇ ਦਿੱਤੀ।
ਅਮਨੀਤ ਕੁਮਾਰ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ, “ਚੰਡੀਗੜ੍ਹ ਪੁਲਸ ਅਤੇ ਹਰਿਆਣਾ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਪੂਰਨ ਕੁਮਾਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੂਰੀ ਜਾਂਚ ਇਮਾਨਦਾਰੀ ਨਾਲ ਕੀਤੀ ਜਾਵੇਗੀ। ਇਸੀ ਲਈ ਮੈਂ ਪੋਸਟਮਾਰਟਮ ਦੀ ਇਜਾਜ਼ਤ ਦਿੱਤੀ ਹੈ।”
ਉਨ੍ਹਾਂ ਕਿਹਾ ਕਿ ਇਨਸਾਫ਼ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਪੋਸਟਮਾਰਟਮ ਜ਼ਰੂਰੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ਤੇ ਪੁਲਸ ‘ਤੇ ਪੂਰਾ ਭਰੋਸਾ ਹੈ ਅਤੇ ਉਹ ਜਾਂਚ ਟੀਮ ਨਾਲ ਪੂਰਾ ਸਹਿਯੋਗ ਕਰਨਗੇ।
ਦੂਜੇ ਪਾਸੇ, ਰੋਹਤਕ ਸਾਇਬਰ ਸੈੱਲ ਵਿੱਚ ਤਾਇਨਾਤ ਏ.ਐਸ.ਆਈ. ਸੰਦੀਪ ਲਾਥਰ ਦਾ ਮ੍ਰਿਤਕ ਦੇਹ ਅਜੇ ਵੀ ਪੋਸਟਮਾਰਟਮ ਦੀ ਇਜਾਜ਼ਤ ਦੀ ਉਡੀਕ ਕਰ ਰਿਹਾ ਹੈ। ਸੰਦੀਪ ਦੇ ਪਰਿਵਾਰ ਨੇ ਵੀ ਪੋਸਟਮਾਰਟਮ ਤੋਂ ਪਹਿਲਾਂ ਨਿਆਇਕ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਸੰਦੀਪ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ‘ਤੇ ਕਾਰਵਾਈ ਹੋਵੇ।
ਪਰਿਵਾਰ ਦਾ ਕਹਿਣਾ ਹੈ ਕਿ ਸੰਦੀਪ ਨੇ ਮਰਨ ਤੋਂ ਪਹਿਲਾਂ ਆਪਣੇ ਅਖੀਰਲੇ ਵੀਡੀਓ ਬਿਆਨ ਵਿੱਚ ਆਈਪੀਐਸ ਪੂਰਨ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਉਹ ਚਾਹੁੰਦੇ ਹਨ ਕਿ ਉਸ ਵੀਡੀਓ ਨੂੰ ਹੀ ਆਧਾਰ ਬਣਾ ਕੇ ਐਫ.ਆਈ.ਆਰ. ਦਰਜ ਕੀਤੀ ਜਾਵੇ।
ਇਸ ਪੂਰੇ ਮਾਮਲੇ ਨੇ ਹਰਿਆਣਾ ਦੇ ਪ੍ਰਸ਼ਾਸਨਿਕ ਤੰਤ੍ਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਦੋਵੇਂ ਮੌਤਾਂ ਦੀ ਜਾਂਚ ਇਸ ਵੇਲੇ ਪੁਲਿਸ ਅਤੇ ਨਿਆਇਕ ਟੀਮਾਂ ਕਰ ਰਹੀਆਂ ਹਨ।